ਰੋਡਵੇਜ਼ ਦਾ ਭੱਠਾ ਬਿਠਾਉਣ ਲਈ ਬਾਦਲ ਸਰਕਾਰ ਨੇ ਕਰ ਲਈ ਤਿਆਰੀ

09/27/2016 3:36:28 PM

ਚੰਡੀਗੜ੍ਹ— ਪਿਛਲੇ ਦਿਨਾਂ ਰੋਡਵੇਜ਼ ਕਰਮਚਾਰੀਆਂ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵੱਖ-ਵੱਖ ਬੱਸ ਅੱਡਿਆਂ ''ਤੇ ਸਰਕਾਰੀ ਬੱਸਾਂ ਦੇ ਟਾਈਮਾਂ ''ਚੋਂ 712 ਮਿੰਟ ਕੱਢ ਕੇ ਬਾਦਲਾਂ ਦੀਆਂ ਬੱਸਾਂ ਨੂੰ ਦਿੱਤਾ ਗਿਆ ਹੈ ਅਤੇ ਇਹ ਸਭ ਜਨਰਲ ਮੈਨੇਜਰ ਦੀ ਸਹਿਮਤੀ ''ਤੇ ਹੋਇਆ ਹੈ। ਹੁਣ ਇਸੇ ਤਰ੍ਹਾਂ ਇਕ ਵਾਰ ਫਿਰ ਰੋਡਵੇਜ਼ ਦਾ ਭੱਠਾ ਬਿਠਾਉਣ ਦੀ ਤਿਆਰੀ ਬਾਦਲ ਸਰਕਾਰ ਨੇ ਕਰ ਲਈ ਹੈ। ਚੋਣਾਂ ਤੋਂ ਪਹਿਲਾਂ ਬਾਦਲ ਸਰਕਾਰ ਨੇ ਸੂਬੇ ''ਚ ਸਰਕਾਰੀ ਬੱਸਾਂ ਦੀ ਕੀਮਤ ''ਤੇ ਨਿੱਜੀ ਬੱਸ ਸੰਚਾਲਕਾਂ ਦੇ ਮਾਰਗਾਂ ਅਤੇ ਕੰਮਕਾਜੀ ਸਮੇਂ ''ਚ ਵੱਡੇ ਪੱਧਰ ''ਤੇ ਵਾਧਾ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਦਾ ਸਮਾਂ ਘੱਟ ਹੋ ਜਾਵੇਗਾ। 

ਬਾਦਲਾਂ ਦੀਆਂ ਬੱਸਾਂ ਨੂੰ ਹੋਵੇਗਾ ਵਧ ਫਾਇਦਾ

ਬਾਦਲ ਸਰਕਾਰ ਦੇ ਇਸ ਫੈਸਲੇ ਦਾ ਸਭ ਤੋਂ ਵਧ ਫਾਇਦਾ ਦੋਆਬੇ ਦੀਆਂ 5 ਨਿੱਜੀ ਟਰਾਂਸਪੋਰਟ ਕੰਪਨੀਆਂ ਨੂੰ ਹੋਵੇਗਾ, ਜਿਨ੍ਹਾਂ ''ਚ ਹੁਸ਼ਿਆਰਪੁਰ ਦੀਆਂ ਆਜ਼ਾਦ ਟਰਾਂਸਪੋਰਟ ਅਤੇ ਰਾਜਧਾਨੀ ਟਰਾਂਸਪੋਰਟ ਸ਼ਾਮਲ ਹਨ। ਇਨ੍ਹਾਂ ਨੂੰ ਪਿਛਲੇ ਮਹੀਨੇ ਹੀ ਬਾਦਲ ਪਰਿਵਾਰ ਦੀਆਂ ਮਾਲਕੀ ਵਾਲੀਆਂ ਅਤੇ ਉਨ੍ਹਾਂ ਦੀਆਂ ਸਹਾਇਕ ਕੰਪਨੀਆਂ ਨੇ ਖਰੀਦਿਆ ਸੀ। ਇੰਨਾ ਹੀ ਨਹੀਂ ਇਸ ਖਰੀਦ ਤੋਂ ਬਾਅਦ ਜਲਦੀ ਹੀ ਕਿਰਾਏ ਵੀ ਵਧਾ ਦਿੱਤੇ ਗਏ ਸਨ। ਇਹ ਬੱਸਾਂ ਦੋਆਬੇ ''ਚ ਖਾਸ ਕਰਕੇ ਹੁਸ਼ਿਆਰਪੁਰ ਅਤੇ ਇਸ ਦੇ ਨਜ਼ਦੀਕੀ ਇਲਾਕਿਆਂ ''ਚ ਚੱਲਦੀਆਂ ਹਨ। 

ਇਸ ਤਹਿਤ ਆਜ਼ਾਦ ਟਰਾਂਸਪੋਰਟ ਨੇ 22 ਮਾਰਗਾਂ ਲਈ ਦਰਖਾਸਤ ਦਿੱਤੀ ਸੀ, ਜਦੋਂ ਕਿ ਬਾਦਲਾਂ ਦੀ ਮਾਲਕੀ ਵਾਲੀਆਂ ਡੱਬਵਾਲੀ ਟਰਾਂਸਪੋਰਟ ਅਤੇ ਆਰਬਿਟ ਏਵੀਏਸ਼ਨ ਨੇ ਕਈ ਮਾਰਗਾਂ ''ਚ ਵਾਧੇ ਦੇ ਨਾਲ-ਨਾਲ ਰੋਜ਼ਾਨਾ ਗੇੜੇ ਵੀ ਵਧਾਉਣ ਲਈ ਅਰਜ਼ੀਆਂ ਦਿੱਤੀਆਂ ਸਨ। ਇਸ ਦੇ ਉੱਲਟ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਹੁਸ਼ਿਆਰਪੁਰ ਤੋਂ ਚੱਲਣ ਵਾਲੀਆਂ ਸਰਕਾਰੀ ਬੱਸਾਂ ਦੇ ਸਮੇਂ ''ਚ ਕਟੌਤੀ ਕਰ ਦਿੱਤੀ ਹੈ। ਸਰਕਾਰੀ ਬੱਸਾਂ ਦੇ ਕੰਮਕਾਜੀ ਸਮੇਂ ''ਚ ਕੁੱਲ-ਮਿਲਾ ਕੇ 712 ਮਿੰਟਾਂ ਦੀ ਕਟੌਤੀ ਕੀਤੀ ਗਈ ਹੈ। ਟਰਾਂਸਪੋਰਟ ਗਜ਼ਟ ''ਚ ਕਮਿਸ਼ਨਰ ਨੇ 500 ਤੋਂ ਵਧ ਅਰਜ਼ੀਆਂ ਨੂੰ ਨੋਟੀਫਾਈ ਕੀਤਾ ਹੈ ਅਤੇ ਇਨ੍ਹਾਂ ਅਰਜ਼ੀਆਂ ''ਤੇ ਅਗਲੇ ਹਫਤੇ ਫੈਸਲਾ ਹੋਵੇਗਾ। ਪੀ. ਆਰ. ਟੀ. ਸੀ. ਅਤੇ ਪੰਜਾਬ ਰੋਡਵੇਜ਼ ਕਰਮਚਾਰੀਆਂ ਦੇ ਸੰਘ ਦੇ ਜਨਰਲ ਸਕੱਤਰਾਂ ਨੇ ਇਸ ਪ੍ਰਕਿਰਿਆ ''ਤੇ ਸਵਾਲ ਚੁੱਕਦੇ ਹੋਏ ਇਸ ਦਾ ਵਿਰੋਧ ਕੀਤਾ ਹੈ। 

ਬਾਦਲ ਪਰਿਵਾਰ ਦਾ ਕੋਈ ਦਖਲ ਨਹੀਂ : ਕੋਹਾੜ

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਦਾਅਵਾ ਕੀਤਾ ਹੈ ਕਿ ਬਾਦਲ ਪਰਿਵਾਰ ਨੇ ਕਦੇ ਵੀ ਟਰਾਂਸਪੋਰਟ ਕਾਰੋਬਾਰ ''ਚ ਕੋਈ ਦਖਲ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਯੂਨੀਅਨਾਂ ਦੇ ਆਗੂਆਂ ਨੂੰ ਭੜਕਾ ਰਹੀਆਂ ਹਨ। ਟਰਾਂਸਪੋਰਟ ਵਿਭਾਗ ਦੀ ਹਰੇਕ ਕਾਰਵਾਈ ''ਚ ਸ਼੍ਰੀ ਬਾਦਲ ਦਾ ਹੱਥ ਅਤੇ ਲਾਭ ਦੇਖਣਾ ਉਨ੍ਹਾਂ ਦੀ ਆਦਤ ਹੀ ਬਣ ਗਈ ਹੈ।


Related News