ਸ਼ਹਿਰ ''ਚ ਸਟਰੀਟ ਲਾਈਟਾਂ ਦੀ ਹਾਲਤ ਖਸਤਾ
Friday, Dec 08, 2017 - 07:46 AM (IST)
ਗਿੱਦੜਬਾਹਾ (ਸੰਧਿਆ) - ਸ਼ਹਿਰ 'ਚ ਨਗਰ ਕੌਂਸਲ ਵੱਲੋਂ ਲਾਈਆਂ ਗਈਆਂ ਸਟਰੀਟ ਲਾਈਟਾਂ ਦੀ ਹਾਲਤ ਕਾਫੀ ਖਸਤਾ ਤੇ ਤਰਸਯੋਗ ਬਣੀ ਹੋਣ ਕਾਰਨ ਸ਼ਹਿਰ ਵਾਸੀਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਕਈ ਥਾਵਾਂ ਤਾਂ ਅਜਿਹੀਆਂ ਹਨ, ਜਿਥੇ ਸਟਰੀਟ ਲਾਈਟਾਂ ਦੇ ਪੋਲ ਤਾਂ ਲੱਗੇ ਹੋਏ ਹਨ ਪਰ ਉਨ੍ਹਾਂ ਪੋਲਾਂ 'ਤੇ ਸਟਰੀਟ ਲਾਈਟਾਂ ਨਹੀਂ ਲੱਗੀਆਂ ਹੋਈਆਂ। ਇਸੇ ਤਰ੍ਹਾਂ ਕਈ ਸਟਰੀਟ ਲਾਈਟਾਂ ਵਾਲੇ ਖੰਭਿਆਂ ਦੀ ਸਾਫ- ਸਫਾਈ ਅਤੇ ਦੇਖਭਾਲ ਨਾ ਹੋਣ ਕਾਰਨ ਉਹ ਵੇਲ-ਬੂਟਿਆਂ ਦੀ ਲਪੇਟ ਵਿਚ ਆ ਚੁੱਕੇ ਹਨ। ਸਟਰੀਟ ਲਾਈਟਾਂ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਲਾਈਟਾਂ ਨਾ ਜਗਣ ਕਾਰਨ ਹਨੇਰਾ ਪਸਰਿਆ ਰਹਿੰਦਾ ਹੈ, ਜਿਸ ਨਾਲ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿਚ ਵੀ ਵਾਧਾ ਹੁੰਦਾ ਹੈ ਅਤੇ ਚੋਰਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਜਾਂਦੇ ਹਨ ਤੇ ਉਹ ਹਨੇਰੇ ਦਾ ਫਾਇਦਾ ਉਠਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਸਮਾਜ ਸੇਵੀਆਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਿਨ੍ਹਾਂ ਖੰਭਿਆਂ 'ਤੇ ਸਟਰੀਟ ਲਾਈਟਾਂ ਨਹੀਂ ਹਨ, ਉਨ੍ਹਾਂ 'ਤੇ ਸਟਰੀਟ ਲਾਈਟਾਂ ਲਾਈਆਂ ਜਾਣ ਤਾਂ ਜੋ ਰਾਤ ਨੂੰ ਹਨੇਰੇ ਸਮੇਂ ਹੋਣ ਵਾਲੀ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਾਅ ਕੀਤਾ ਜਾ ਸਕੇ।
