ਖੱਡਿਆਂ ਵਾਲੀਆਂ ਸਡ਼ਕਾਂ ’ਤੇ ਨਹੀਂ ਪੈ ਰਿਹਾ ਪ੍ਰੀਮਿਕਸ
Monday, Jul 02, 2018 - 08:03 AM (IST)
ਮੋਗਾ (ਗੋਪੀ ਰਾਊੁਕੇ ) - ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ਦੇ ਸਮੁੱਚੇ 50 ਵਾਰਡਾਂ ਦਾ ਇਕੋ ਜਿਹਾ ਵਿਕਾਸ ਕਰਨ ਦੇ ਕੀਤੇ ਗਏ ਦਾਅਵੇ ਵਿਵਾਦਾਂ ਦੇ ਘੇਰੇ ’ਚ ਆ ਗਏ ਹਨ ਕਿਉਂਕਿ ਸ਼ਹਿਰ ਦੇ ਕੁੱਝ ਵਾਰਡਾਂ ਦੀਆਂ ਟੁੱਟੀਆਂ ਸਡ਼ਕਾਂ ’ਤੇ ਤਾਂ ਪ੍ਰੀਮਿਕਸ ਨਹੀਂ ਪਿਆ, ਸਗੋਂ ਕੁੱਝ ਵਾਰਡਾਂ ਦੀਆਂ ਸਡ਼ਕਾਂ ਸਹੀ ਹੋਣ ਦੇ ਬਾਵਜੂੁਦ ਵੀ ਇਨ੍ਹਾਂ ’ਤੇ ਦੁਬਾਰਾ ਪ੍ਰੀਮਿਕਸ ਪਾਇਆ ਜਾ ਰਿਹਾ ਹੈ, ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਨਗਰ ਨਿਗਮ ਦੀ ਦੋਹਰੀ ਨੀਤੀ ਵਿਰੁੱਧ ਸਵਾਲ ਉੱਠਣ ਲੱਗੇ ਹਨ। ਨਗਰ ਨਿਗਮ ਮੋਗਾ ਦੇ ਵਿਭਾਗੀ ਸੂਤਰਾਂ ਦਾ ਦੱਸਣਾ ਹੈ ਕਿ ਨਿਗਮ ਵਿਚ ਪਿਛਲੇ ਤਿੰਨ ਸਾਲਾਂ ਤੋਂ ਚੱਲਦੀ ਆ ਰਹੀ ਕਥਿਤ ਧਡ਼ੇਬੰਦੀ ਕਰ ਕੇ ਉਨ੍ਹਾਂ ਕੌਂਸਲਰਾਂ ਦੇ ਵਾਰਡਾਂ ਦਾ ਵਿਕਾਸ ਹੋ ਰਿਹਾ ਹੈ, ਜਿਨ੍ਹਾਂ ਦੀ ਨਗਰ ਨਿਗਮ ਵਿਚ ਪਹੁੰਚ ਹੈ, ਜਦਕਿ ਦੂਜੇ ਕੌਂਸਲਰਾਂ ਦੇ ਵਾਰਡ ਵਿਕਾਸ ਦੀ ਦੌਡ਼ ’ਚ ਪੱਛਡ਼ਦੇ ਸਾਫ਼ ਦਿਖਾਈ ਦੇ ਰਹੇ ਹਨ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁੱਝ ਸਡ਼ਕਾਂ ’ਤੇ ਤਾਂ ਵੱਟੇ ਪਾਇਆਂ ਨੂੰ ਹੀ ਸਾਲ-ਸਾਲ ਬੀਤ ਗਿਆ ਹੈ ਪਰ ਹਾਲੇ ਤੱਕ ਇਨ੍ਹਾਂ ’ਤੇ ਇਕ ਦਫ਼ਾ ਵੀ ਪ੍ਰੀਮਿਕਸ ਨਹੀਂ ਪਿਆ ਹੈ। ਸ਼ਹਿਰ ਦੇ ਤਿੰਨ-ਚਾਰ ਵਾਰਡਾਂ ਦੀਆਂ ਕੁੱਝ ਅਜਿਹੀਆਂ ਸਡ਼ਕਾਂ ’ਤੇ ਮੁਡ਼ ਤੋਂ ਕਥਿਤ ਤੌਰ ’ਤੇ ਪ੍ਰੀਮਿਕਸ ਪੈ ਗਿਆ ਹੈ, ਜਿਨ੍ਹਾਂ ਸਡ਼ਕਾਂ ਦੀ ਹਾਲਤ ਹਾਲੇ ਪੂਰੀ ਠੀਕ ਸੀ, ਜਦਕਿ ਮੁਹੱਲਾ ਮਥੁਰਾ ਪੁਰੀ, ਗਿੱਲ ਰੋਡ ਦੀ ਮੁੱਖ ਸਡ਼ਕ, ਸਾਰਾ ਅਕਾਲਸਰ ਰੋਡ, ਮੁੱਖ ਬਾਜ਼ਾਰ, ਗੀਤਾ ਭਵਨ ਚੌਕ, ਗਾਂਧੀ ਰੋਡ, ਸੰਤ ਸਿੰਘ ਸਾਦਿਕ ਰੋਡ, ਪੱਠਿਆਂ ਵਾਲੀ ਮੰਡੀ, ਸੰਤ ਨਗਰ ਸਮੇਤ ਹੋਰਨਾਂ ਇਲਾਕਿਆਂ ਦੀਆਂ ਸਡ਼ਕਾਂ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਅਕਾਲਸਰ ਰੋਡ ਦੀ ਸਡ਼ਕ ਨਾਲ ਸ਼ਹਿਰ ਦੇ 8 ਕੌਂਸਲਰਾਂ ਦੇ ਵਾਰਡ ਲੱਗਦੇ ਹਨ, ਜਿਸ ਦੇ ਬਨਣ ਸਬੰਧੀ ਹਾਲੇ ਤੱਕ ਟੈਂਡਰ ਹੀ ਨਹੀਂ ਹੋ ਸਕੇ। ਵਾਰਡ ਨੰਬਰ-21 ’ਚ ਪੈਂਦੇ ਸੰਕਟ ਮੋਚਨ ਮੰਦਰ ਵਾਲੀ ਸਡ਼ਕ ਦਾ ਹਾਲ ਤਾਂ ਇੰਨਾ ਮਾਡ਼ਾ ਹੈ ਕਿ ਇਸ ਸਡ਼ਕ ’ਤੇ ਪਾਏ ਵੱਟਿਆਂ ’ਤੇ ਪ੍ਰੀਮਿਕਸ ਤਾਂ ਕੀ ਪੈਣਾ ਸੀ, ਸਗੋਂ ਇਸ ਦੇ ਵੱਟੇ ਹੀ ਮਿੱਟੀ ਹੇਠ ਦੱਬਣੇ ਸ਼ੁਰੂ ਹੋ ਗਏ ਹਨ।
ਦੂਜੇ ਪਾਸੇ ਬਰਸਾਤ ਪੈਣ ਮਗਰੋਂ ਤਾਂ ਟੁੱਟੀਆਂ ਸਡ਼ਕਾਂ ਦੀ ਹਾਲਤ ਹੋਰ ਵੀ ਬਦ ਤੋਂ ਬਦਤਰ ਹੋ ਗਈ ਹੈ, ਇਨ੍ਹਾਂ ਸਡ਼ਕਾਂ ’ਚ ਬਣੇ ਡੂੰਘੇ ਖੱਡਿਆਂ ’ਚ ਭਰੇ ਗੰਦੇ ਪਾਣੀ ਦੀ ਬਦਬੂ ਕਰ ਕੇ ਸ਼ਹਿਰ ਵਾਸੀ ਕਿਸੇ ਵੇਲੇ ਵੀ ਗੰਭੀਰ ਬੀਮਾਰੀਆਂ ਦੀ ਲਪੇਟ ਵਿਚ ਆ ਸਕਦੇ ਹਨ।
