ਸਿਵਲ ਹਸਪਤਾਲ ''ਚ ਮਾੜੇ ਪ੍ਰਬੰਧਾਂ ਕਾਰਨ ਹਾਹਾਕਾਰ ਮਚੀ
Thursday, Feb 01, 2018 - 07:59 AM (IST)
ਨਾਭਾ (ਜੈਨ) - ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਜ਼ਿਲਾ ਦੇ ਰਿਆਸਤੀ ਸ਼ਹਿਰ ਨਾਭਾ ਦਾ ਸਿਵਲ ਹਸਪਤਾਲ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਖੁਦ ਬੀਮਾਰ ਹੋ ਕੇ ਇਲਾਜ ਲਈ ਤਰਸ ਰਿਹਾ ਹੈ ਹਾਲਾਂਕਿ ਸਰਕਾਰ ਵੱਲੋਂ ਮਰੀਜ਼ਾਂ ਦੀ ਸਹੂਲਤ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪਰ ਸਫਾਈ ਦੇ ਮਾੜੇ ਪ੍ਰਬੰਧਾਂ ਕਾਰਨ ਆਮ ਲੋਕਾਂ ਦਾ ਭਰੋਸਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਹਲਕੇ ਦੇ ਹਸਪਤਾਲ ਤੋਂ ਉਠ ਗਿਆ ਹੈ। ਸਿਵਲ ਹਸਪਤਾਲ ਵਿਚ ਆਵਾਰਾ ਪਸ਼ੂ ਧੜੱਲੇ ਨਾਲ ਘੁੰਮਦੇ ਹਨ ਜੋ ਮਰੀਜ਼ਾਂ, ਵਾਰਿਸਾਂ, ਡਾਕਟਰਾਂ ਤੇ ਸਟਾਫ ਲਈ ਜਾਨਲੇਵਾ ਸਾਬਤ ਹੋ ਰਹੇ ਹਨ। ਥਾਂ-ਥਾਂ ਫੈਲੀ ਗੰਦਗੀ ਤੇ ਕੂੜਾ-ਕਰਕਟ ਤੋਂ ਮਰੀਜ਼ਾਂ ਦੇ ਵਾਰਿਸ ਵੀ ਪ੍ਰੇਸ਼ਾਨ ਹਨ। ਦੇਖਣ ਵਿਚ ਆਇਆ ਹੈ ਕਿ ਕੂੜਾ-ਕਰਕਟ ਤੇ ਗੰਦਗੀ ਨੂੰ ਕਈ ਵਾਰੀ ਅੱਗ ਲਾ ਦੇਣ ਨਾਲ ਜ਼ਹਿਰੀਲਾ ਧੂੰਆਂ ਫੈਲਦਾ ਹੈ, ਜਿਸ ਨਾਲ ਮਰੀਜ਼ ਦੁਖੀ ਹਨ।
ਬਾਰ ਐਸੋ. ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਐਡਵੋਕੇਟ ਨੇ ਦੱਸਿਆ ਕਿ ਵਾਹਨ ਸਟੈਂਡ ਦੀ ਕਥਿਤ ਲੁੱਟ ਅਤੇ ਹਸਪਤਾਲ ਵਿਚ ਮਾੜੇ ਪ੍ਰਬੰਧਾਂ ਕਾਰਨ ਲੋਕੀ ਦੁਖੀ ਹਨ, ਜਿਸ ਕਰ ਕੇ ਅਸੀਂ ਐਕਸ਼ਨ ਕਮੇਟੀ ਦਾ ਗਠਨ ਕਰ ਕੇ ਅੰਦੋਲਨ ਕਰਨ ਲਈ ਅਲਟੀਮੇਟਮ ਦਿੱਤਾ ਹੈ। ਸਮਾਜ ਸੇਵਕ ਸੁਰਜੀਤ ਸਿੰਘ ਐਡਵੋਕੇਟ, ਰਵਨੀਸ਼ ਗੋਇਲ ਜਨਰਲ ਸਕੱਤਰ ਅਗਰਵਾਲ ਸਭਾ, ਸ਼ਾਂਤੀ ਪ੍ਰਕਾਸ਼ ਛਾਬੜਾ ਪ੍ਰਧਾਨ ਬਹਾਵਲਪੁਰ ਸਮਾਜ ਤੋਂ ਇਲਾਵਾ ਕਈ ਸੰਸਥਾਵਾਂ ਨੇ ਵੀ ਹਸਪਤਾਲ ਵਿਚ ਸੁਧਾਰ ਦੀ ਮੰਗ ਕੀਤੀ ਹੈ। ਡਾ. ਹਰਜਿੰਦਰ ਸਿੰਘ ਦਿਓਲ ਮੰਡਲ ਭਾਜਪਾ ਪ੍ਰਧਾਨ ਦਿਹਾਤੀ ਤੇ ਰਮੇਸ਼ ਕੁਮਾਰ ਸ਼ਹਿਰੀ ਪ੍ਰਧਾਨ ਅਨੁਸਾਰ ਹਸਪਤਾਲ ਵਿਚ ਲੰਬੇ ਅਰਸੇ ਤੋਂ ਰੇਡਿਓਲੋਜਿਸਟ ਡਾਕਟਰ, ਚਮੜੀ ਰੋਗ ਮਾਹਰ ਡਾਕਟਰ ਤੇ ਈ. ਐੱਸ. ਆਈ. ਵਿਚ ਦੋ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਲੋਕੀ ਦੁਖੀ ਹਨ ਜਦੋਂ ਕਿ ਚਾਰ ਮਹਿਲਾ ਡਾਕਟਰਾਂ ਦੇ ਪਤੀਆਂ ਨੇ ਸ਼ਹਿਰ ਵਿਚ ਆਲੀਸ਼ਾਨ ਪ੍ਰਾਈਵੇਟ ਹਸਪਤਾਲ ਖੋਲ੍ਹ ਰੱਖੇ ਹਨ, ਜਿਸ ਕਰ ਕੇ ਕੁਝ ਸਰਕਾਰੀ ਡਾਕਟਰ ਪ੍ਰਾਈਵੇਟ ਦੁਕਾਨਦਾਰੀ ਨੂੰ ਪਹਿਲ ਦਿੰਦੇ ਹਨ ਅਤੇ ਓ. ਪੀ. ਡੀ. ਵਿਚ ਬੈਠਦੇ ਹੀ ਨਹੀਂ।
ਐੱਸ. ਐੱਮ. ਓ. ਡਾ. ਦਲਵੀਰ ਕੌਰ ਦਾ ਕਹਿਣਾ ਹੈ ਕਿ ਗੰਦਗੀ ਰੋਕਣ ਲਈ ਦੀਵਾਰ ਦੀ ਉਸਾਰੀ ਕੀਤੀ ਜਾ ਰਹੀ ਹੈ। ਸਮਾਜ ਸੇਵਕ ਦੀਦਾਰ ਸਿੰਘ ਦਾ ਕਹਿਣਾ ਹੈ ਕਿ ਵਾਰਡਾਂ ਦੇ ਲਾਗੇ ਕੂੜਾ-ਕਰਕਟ ਤੇ ਗੰਦਗੀ ਫੈਲਣ ਨਾਲ ਮਰੀਜ਼ ਦੁਖੀ ਹਨ। ਕਈ-ਕਈ ਦਿਨ ਬੈੱਡ ਸ਼ੀਟਾਂ ਤਬਦੀਲ ਨਹੀਂ ਕੀਤੀਆਂ ਜਾਂਦੀਆਂ। ਪਿੰ੍ਰਸੀਪਲ ਸੈਕਟਰੀ ਸਿਹਤ ਵਿਭਾਗ ਨੂੰ ਅਚਨਚੇਤ ਚੈਕਿੰਗ ਕਰ ਕੇ ਐਕਸ਼ਨ ਲੈਣਾ ਚਾਹੀਦਾ ਹੈ।