ਡਾਕਟਰ ਨੇ ਵੀਡੀਓ ਕਾਲ ’ਤੇ ਕਰਵਾਈ ਡਿਲਿਵਰੀ, ਮਾਂ-ਬੱਚੇ ਦੀ ਹੋਈ ਮੌਤ, ਰੋ-ਰੋ ਹਾਲੋ-ਬੇਹਾਲ ਹੋਇਆ ਪਰਿਵਾਰ
Monday, Dec 12, 2022 - 04:57 PM (IST)
ਮਾਨਸਾ (ਸੰਦੀਪ ਮਿੱਤਲ, ਅਮਰਜੀਤ) : ਸ਼ਹਿਰ ਦੇ ਜੱਚਾ-ਬੱਚਾ ਕੇਂਦਰ ਵਿਚ ਐਤਵਾਰ ਨੂੰ ਡਿਲਿਵਰੀ ਦੌਰਾਨ ਇਕ ਮਜ਼ਦੂਰ ਦੀ ਪਤਨੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਔਰਤ ਦੇ ਪਰਿਵਾਰ ਵੱਲੋਂ ਉਸਦੀ ਮੌਤ ਲਈ ਡਾਕਟਰਾਂ ਦੀ ਲਾਪਰਵਾਹੀ ਨੂੰ ਕਾਰਨ ਦੱਸਿਆ ਗਿਆ ਹੈ ਜਦਕਿ ਹਸਪਤਾਲ ਪ੍ਰਸ਼ਾਸਨ ਇਸ ਵਿਚ ਡਾਕਟਰਾਂ ਦੀ ਲਾਪਰਵਾਹੀ ਵਰਤਣ ਨੂੰ ਨਕਾਰ ਰਿਹਾ ਹੈ। ਸਿਹਤ ਵਿਭਾਗ ਨੇ ਜਣੇਪੇ ਦੌਰਾਨ ਔਰਤ ਦੀ ਹੋਈ ਮੌਤ ਦੇ ਕਾਰਨ ਜਾਂਚਣ ਲਈ ਇਕ ਕਮੇਟੀ ਗਠਿਤ ਕੀਤੀ ਹੈ। ਜਾਣਕਾਰੀ ਮੁਤਾਬਕ ਪਿੰਡ ਅਤਲਾ ਕਲਾਂ ਦੇ ਮੌਜੂਦਾ ਪੰਚ ਬਲਜਿੰਦਰ ਸਿੰਘ ਜੋ ਮਜਦੂਰੀ ਕਰਦਾ ਹੈ ਨੇ ਦੱਸਿਆ ਕਿ ਸ਼ਨੀਵਾਰ ਰਾਤ ਉਸ ਨੇ ਆਪਣੀ ਪਤਨੀ ਸਪਨਾ ਕੌਰ ਨੂੰ ਜਣੇਪੇ ਲਈ ਦਾਖ਼ਲ ਕਰਵਾਇਆ ਸੀ। ਉਸ ਦੀ ਪਤਨੀ ਨੂੰ ਹਲਕਾ ਦਰਦ ਹੋਇਆ ਸੀ ਪਰ ਡਾਕਟਰਾਂ ਨੇ ਠੀਕ ਢੰਗ ਨਾਲ ਡਿਲਿਵਰੀ ਕਰਾਉਣ ਦੀ ਬਜਾਏ ਇਸ ਕੇਸ ਵਿਚ ਲਾਪਰਵਾਹੀ ਵਰਤੀ।
ਇਹ ਵੀ ਪੜ੍ਹੋ- ਮੁਕਤਸਰ ’ਚ ਕਣਕ ਚੋਰੀ ਕਰਨ ਦੀ ਦਿੱਤੀ ਤਾਲਿਬਾਨੀ ਸਜ਼ਾ, ਵੀਡੀਓ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ
ਪਰਿਵਾਰ ਵਾਲਿਆਂ ਨੇ ਡਾਕਟਰਾਂ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਡਾਕਟਰ ਵੀਡੀਓ ਕਾਲ ਰਾਹੀਂ ਡਿਲਿਵਰੀ ਕਰਵਾ ਰਹੀ ਸੀ ਅਤੇ ਇਸ ਦੌਰਾਨ ਡਿਲਿਵਰੀ ਕਰ ਰਹੇ ਡਾਕਟਰਾਂ ਨੇ ਉਸ ਦੀ ਪਤਨੀ 'ਤੇ ਭਾਰ ਪਾ ਦਿੱਤਾ, ਜਿਸ ਕਾਰਨ ਜੱਚਾ-ਬੱਚਾ ਦੀ ਮੌਤ ਹੋ ਗਈ। ਬਲਜਿੰਦਰ ਸਿੰਘ ਪੰਚ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਿਤ ਹੈ ਅਤੇ ਅੱਜ ਡਾਕਟਰਾਂ ਦੀ ਲਾਪਰਵਾਹੀ ਕਾਰਨ ਉਸ ਦਾ ਘਰ ਉੱਜੜ ਗਿਆ ਹੈ। ਉਸ ਨੇ ਦੱਸਿਆ ਕਿ ਪਹਿਲਾਂ ਉਸ ਦੀ ਇਕ ਧੀ ਹੈ ਅਤੇ ਇਹ ਉਸਦਾ ਦੂਸਰਾ ਬੱਚਾ ਸੀ।
ਇਹ ਵੀ ਪੜ੍ਹੋ- ਵਿਆਹ ਤੋਂ ਪਰਤ ਰਿਹਾ ਨੌਜਵਾਨ ਆਇਆ ਟ੍ਰੈਕਟਰ ਥੱਲੇ, ਸੜਕ ’ਤੇ ਪਾਣੀ ਵਾਂਗ ਵਗਿਆ ਖੂਨ, ਲੋਕ ਦੇਖਦੇ ਰਹੇ ਤਮਾਸ਼ਾ
ਮੌਕੇ 'ਤੇ ਮੌਜੂਦ ਪਿੰਡ ਦੇ ਸਰਪੰਚ ਭੂਰਾ ਸਿੰਘ ਨੇ ਦੱਸਿਆ ਕਿ ਉਹ ਵੀ ਇਸ ਦੀ ਜਾਂਚ-ਪੜਤਾਲ ਕਰਕੇ ਬਲਜਿੰਦਰ ਸਿੰਘ ਦੇ ਨਾਲ ਖੜ੍ਹੇ ਹਨ। ਬਲਜਿੰਦਰ ਸਿੰਘ ਨੇ ਮੰਗ ਕੀਤੀ ਕਿ ਉਸਦੀ ਪਤਨੀ ਦੀ ਮੌਤ ਦੇ ਮਾਮਲੇ 'ਤੇ ਸਬੰਧਿਤ ਡਾਕਟਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਸਿਵਲ ਹਸਪਤਾਲ ਮਾਨਸਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰੂਬੀ ਨੇ ਕਿਹਾ ਕਿ ਔਰਤ ਦੀ ਡਿਲਿਵਰੀ ਦੌਰਾਨ ਡਾਕਟਰਾਂ ਵੱਲੋਂ ਲਾਪਰਵਾਹੀ ਵਰਤਣ ਵਾਲੀ ਕੋਈ ਗੱਲ ਨਹੀਂ ਹੈ। ਮੌਤ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ, ਜਿਸ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਡਾਕਟਰ ਵਧੀਆ ਇਲਾਜ ਦਿੰਦੇ ਹਨ ਅਤੇ ਲਾਪਰਵਾਹੀ ਨਾਲ ਕਿਸੇ ਦੀ ਜਾਨ ਨਹੀਂ ਲੈਂਦੇ ਪਰ ਫਿਰ ਵੀ ਉਹ ਆਪਣੇ ਤੌਰ ’ਤੇ ਇਸ ਦੀ ਜਾਂਚ ਕਰਵਾਉਣਗੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।