ਅੱਧਖੜ ਉਮਰ ਦੇ ਸ਼ਰਾਬੀ ਦੀ ਸ਼ਰਮਨਾਕ ਕਰਤੂਤ, ਪੰਜ ਸਾਲਾਂ ਬੱਚੀ ਨਾਲ ਟੱਪਣ ਲੱਗਾ ਸੀ ਹੱਦਾਂ
Saturday, Jul 02, 2022 - 06:10 PM (IST)
ਲੁਧਿਆਣਾ (ਰਾਜ) : ਇਥੋਂ ਦੇ ਇਕ ਇਲਾਕੇ ਵਿਚ ਰਹਿਣ ਵਾਲੇ ਇਕ ਅਧੇੜ ਵਿਅਕਤੀ ਵਲੋਂ ਗੁਆਂਢ ’ਚ ਰਹਿਣ ਵਾਲੀ ਪੰਜ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਯਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਲੱਭਣ ਜਦੋਂ ਉਸ ਦਾ ਪਰਿਵਾਰ ਪੁੱਜਾ ਤਾਂ ਮੁਲਜ਼ਮ ਵਿਅਕਤੀ ਨੇ ਬੱਚੀ ਨੂੰ ਬੈੱਡ ਦੇ ਥੱਲੇ ਲੁਕੋ ਦਿੱਤਾ ਪਰ ਪਰਿਵਾਰ ਨੇ ਬੱਚੀ ਨੂੰ ਲੱਭ ਲਿਆ ਅਤੇ ਮੁਲਜ਼ਮ ਨੂੰ ਫੜ ਕੇ ਉਸ ਦੀ ਛਿੱਤਰ-ਪਰੇਡ ਕੀਤੀ। ਮੌਕੇ ’ਤੇ ਥਾਣਾ ਹੈਬੋਵਾਲ ਦੇ ਐੱਸ.ਐੱਚ.ਓ. ਸਮੇਤ ਚੌਕੀ ਜਗਤਪੁਰੀ ਦੀ ਪੁਲਸ ਨੇ ਪੁੱਜ ਕੇ ਮੌਕੇ ’ਤੇ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ। ਮੁਲਜ਼ਮ ਰਮੇਸ਼ ਕੁਮਾਰ ਹੈ, ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪੀੜਤ ਪਰਿਵਰ ਇਥੇ ਦੇ ਇਕ ਇਲਾਕੇ ਦੇ ਵਿਹੜੇ ਵਿਚ ਰਹਿੰਦਾ ਹੈ। ਮੁਲਜ਼ਮ ਵੀ ਉਸੇ ਵਿਹੜੇ ਦੇ ਇਕ ਕਮਰੇ ਵਿਚ ਰਹਿੰਦਾ ਹੈ ਅਤੇ ਹਲਵਾਈ ਦਾ ਕੰਮ ਕਰਦਾ ਹੈ। ਦੁਪਹਿਰ ਨੂੰ ਬੱਚੀ ਆਪਣੇ ਭਰਾ-ਭੈਣਾਂ ਨਾਲ ਵਿਹੜੇ ਵਿਚ ਖੇਡ ਰਹੀ ਸੀ। ਮੁਲਜ਼ਮ ਰਮੇਸ਼ ਵੀ ਆਪਣੇ ਕਮਰੇ ਵਿਚ ਮੌਜੂਦ ਸੀ। ਉਹ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੀ। ਉਸ ਨੇ ਬਾਹਰ ਆ ਕੇ ਬੱਚਿਆਂ ਨੂੰ ਪਹਿਲਾਂ ਦੁਕਾਨ ਤੋਂ ਬਿਸਕੁਟ ਦੇ ਪੈਕੇਟ ਦਿਵਾਏ। ਫਿਰ ਉਸ ਵਿਚ ਇਕ ਪੰਜ ਸਾਲ ਦੀ ਬੱਚੀ ਨੂੰ ਬਹਾਨੇ ਨਾਲ ਆਪਣੇ ਕਮਰੇ ਵਿਚ ਲੈ ਗਿਆ। ਉਸ ਦੌਰਾਨ ਬੱਚੀ ਦੀ ਮਾਂ ਉਸ ਨੂੰ ਲੱਭਦੀ ਹੋਈ ਬਾਹਰ ਆਈ ਤਾਂ ਬਾਕੀ ਬੱਚਿਆਂ ਨੇ ਦੱਸਿਆ ਕਿ ਰਮੇਸ਼ ਅੰਕਲ ਨੇ ਉਨ੍ਹਾਂ ਨੂੰ ਬਿਸਕੁਟ ਦਿੱਤੇ ਸੀ ਤਾਂ ਬੱਚੀ ਉਨ੍ਹਾਂ ਦੇ ਨਾਲ ਹੀ ਸੀ। ਇਸ ਤੋਂ ਬਾਅਦ ਪਰਿਵਾਰ ਮੁਲਜ਼ਮ ਰਮੇਸ਼ ਦੇ ਕਮਰੇ ਵਿਚ ਗਏ। ਰਮੇਸ਼ ਨੇ ਅੰਦਰੋਂ ਕਮਰਾ ਬੰਦ ਕੀਤਾ ਹੋਇਆ ਸੀ।
ਪਰਿਵਾਰ ਦੇ ਆਉਣ ’ਤੇ ਰਮੇਸ਼ ਨੇ ਬੱਚੀ ਨੂੰ ਬੈੱਡ ਦੇ ਥੱਲੇ ਲੁਕੋ ਦਿੱਤਾ ਸੀ। ਜਿਵੇਂ ਹੀ ਮੁਲਜ਼ਮ ਨੇ ਗੇਟ ਖੋਲ੍ਹਿਆ ਤਾਂ ਬੱਚੀ ਨੇ ਚੀਕਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਬੱਚੀ ਨੂੰ ਬੈੱਡ ਦੇ ਥੱਲਿਓਂ ਕੱਢਿਆ। ਇਸੇ ਦੌਰਾਨ ਵਿਹੜੇ ਵਾਲੇ ਇਕੱਠੇ ਹੋ ਗਏ ਜਿਨ੍ਹਾਂ ਨੇ ਭੱਜਣ ਦਾ ਯਤਨ ਕਰਨ ਵਾਲੇ ਮੁਲਜ਼ਮ ਨੂੰ ਫੜ ਲਿਆ। ਉਧਰ, ਐੱਸ.ਐੱਚ.ਓ. ਅਮ੍ਰਿਤਪਾਲ ਸ਼ਰਮਾ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਮੌਕੇ ਤੋਂ ਫੜ ਲਿਆ ਗਿਆ ਹੈ। ਉਸ ਨੇ ਬੱਚੀ ਨਾਲ ਜਬਰ-ਜ਼ਿਨਾਹ ਦਾ ਯਤਨ ਕੀਤਾ ਸੀ। ਪੁਲਸ ਸਮੇਂ ’ਤੇ ਪੁੱਜਣ ਕਾਰਨ ਵੱਡੀ ਘਟਨਾ ਹੋਣ ਤੋਂ ਟਲ ਗਈ। ਬੱਚੀ ਸਹੀ ਸਲਾਮਤ ਹੈ। ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਮੁਲਜ਼ਮ ਦੇ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ।