ਪਤੀ-ਪਤਨੀ ਨਾਲ ਧੱਕਾ-ਮੁੱਕੀ ਕਰਨ 'ਤੇ ਚੌਕੀ ਇੰਚਾਰਜ ਤੇ ਸਿਪਾਹੀ ਮੁਅੱਤਲ

Tuesday, Oct 29, 2019 - 12:24 PM (IST)

ਪਤੀ-ਪਤਨੀ ਨਾਲ ਧੱਕਾ-ਮੁੱਕੀ ਕਰਨ 'ਤੇ ਚੌਕੀ ਇੰਚਾਰਜ ਤੇ ਸਿਪਾਹੀ ਮੁਅੱਤਲ

ਬਾਬਾ ਬਕਾਲਾ ਸਾਹਿਬ (ਰਾਕੇਸ਼, ਅਠੌਲਾ) : ਦੀਵਾਲੀ ਮੌਕੇ ਰਈਆ ਸਥਿਤ ਐੱਲ. ਜੀ. ਦੇ ਇਕ ਸ਼ੋਅਰੂਮ ਦੇ ਮਾਲਕ ਨਵੀਨ ਕੁਮਾਰ ਛਾਬੜਾ ਅਤੇ ਉਸ ਦੀ ਪਤਨੀ ਮੋਨਿਕਾ ਛਾਬੜਾ ਨੂੰ ਰਈਆ ਚੌਕੀ ਇੰਚਾਰਜ ਊਧਮ ਸਿੰਘ ਤੇ ਉਸ ਦੇ 3 ਹੋਰ ਸਾਥੀਆਂ ਵੱਲੋਂ ਧੱਕਾ-ਮੁੱਕੀ ਕਰ ਕੇ ਖਿੱਚ-ਧੂਹ ਕਰਨ 'ਤੇ ਚੌਕੀ ਇੰਚਾਰਜ ਊਧਮ ਸਿੰਘ ਅਤੇ ਕਾਂਸਟੇਬਲ ਪਵਨ ਕੁਮਾਰ ਨੂੰ ਤੁਰੰਤ ਮੁਅੱਤਲ ਕਰ ਕੇ ਪੁਲਸ ਲਾਈਨ ਭੇਜ ਦਿੱਤਾ ਗਿਆ ਹੈ। ਇਸੇ ਸਬੰਧੀ ਪੀੜਤ ਦੁਕਾਨਦਾਰਾਂ ਦਾ ਇਕ ਵਫਦ ਡੀ. ਐੱਸ. ਪੀ. ਹਰਕ੍ਰਿਸ਼ਨ ਸਿੰਘ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੂੰ ਇਸ ਸਾਰੇ ਮਾਮਲੇ ਦੀ ਵੀਡੀਓ ਰਿਕਾਰਡਿੰਗ ਵੀ ਪੇਸ਼ ਕੀਤੀ ਗਈ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।

ਇਹ ਸੀ ਮਾਮਲਾ
ਪੀੜਤ ਨਵੀਨ ਕੁਮਾਰ ਤੇ ਉਸ ਦੀ ਪਤਨੀ ਮੋਨਿਕਾ ਮੁਤਾਬਕ ਦੀਵਾਲੀ ਮੌਕੇ ਲੋਕ ਉਨ੍ਹਾਂ ਦੇ ਸ਼ੋਅਰੂਮ ਤੋਂ ਚੀਜ਼ਾਂ ਖਰੀਦਣ ਵਾਸਤੇ ਆਏ ਹੋਏ ਸਨ। ਇਕ ਅਣਪਛਾਤਾ ਰਿਕਸ਼ਾ ਚਾਲਕ ਫੇਰਾ ਲੱਗਣ ਦੀ ਆਸ ਵਿਚ ਉਸ ਦੀ ਦੁਕਾਨ ਮੂਹਰੇ ਖੜ੍ਹਾ ਸੀ। ਉਦੋਂ ਉਕਤ ਚੌਕੀ ਇੰਚਾਰਜ ਨੇ ਨਵੀਨ ਕੁਮਾਰ ਨੂੰ ਕਿਹਾ ਕਿ ਉਹ ਆਪਣਾ ਰਿਕਸ਼ਾ ਸਾਈਡ 'ਤੇ ਕਰੇ ਪਰ ਉਸ ਨੇ ਕਿਹਾ ਕਿ ਇਹ ਮੇਰਾ ਰਿਕਸ਼ਾ ਨਹੀਂ ਹੈ, ਜਿਸ 'ਤੇ ਚੌਕੀ ਇੰਚਾਰਜ ਨੇ ਨਵੀਨ ਕੁਮਾਰ ਨਾਲ ਧੱਕਾ-ਮੁੱਕੀ ਅਤੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਧੂਹ-ਘਸੀਟ ਕਰ ਕੇ ਸ਼ੋਅਰੂਮ 'ਚੋਂ ਬਾਹਰ ਲੈ ਆਏ। ਇਸ ਦੌਰਾਨ ਆਪਣੇ ਪਤੀ ਦੇ ਬਚਾਅ ਲਈ ਅੱਗੇ ਆਈ ਮੋਨਿਕਾ ਛਾਬੜਾ ਨਾਲ ਵੀ ਖਿੱਚ-ਧੂਹ ਕੀਤੀ ਗਈ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ।


author

cherry

Content Editor

Related News