'ਜਬਰ-ਜ਼ਨਾਹ ਦੇ ਮਾਮਲਿਆਂ ਨੇ ਦਹਿਲਾਇਆ ਪੰਜਾਬ'

12/18/2019 11:31:46 AM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਬਿਆਸ ਦੇ ਨਿੱਜੀ ਸਕੂਲ ਦੀ ਬੱਚੀ ਨਾਲ ਸਕੂਲ ਦੇ ਹੀ ਇਕ ਵਿਦਿਆਰਥੀ ਵਲੋਂ ਕੀਤੇ ਗਏ ਰੇਪ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਘੋਰ ਨਿੰਦਿਆਂ ਕਰਦਿਆਂ ਕਿਹਾ ਕਿ ਇਸ ਵੇਲੇ ਪੰਜਾਬ 'ਚ ਡਕੇਤੀਆਂ ਤੇ ਜਬਰ-ਜ਼ਨਾਹ ਦੇ ਮਾਮਲਿਆਂ ਨਾਲ ਪੰਜਾਬ ਦਹਿਲ ਉਠਿਆ ਹੈ। ਪਰ ਪੰਜਾਬ ਦੀ ਕੈਪਟਨ ਸਰਕਾਰ ਵਿਦੇਸ਼ੀ ਸੈਰਾਂ 'ਚ ਮਸ਼ਰੂਫ ਹੈ। ਮਜੀਠੀਆ ਨੇ ਟੈਲੀਫੋਨ 'ਤੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਦੋਸ਼ੀ ਸਮਝੇ ਜਾਂਦੇ ਸਕੂਲ ਦੀ ਮੈਨੇਜਮੈਂਟ ਅਤੇ ਇਸ ਕੇਸ ਨੂੰ ਰਫਾ ਦਫਾ ਕਰਨ ਦੀ ਤਾਕ 'ਚ ਸਬੰਧਤ ਪੁਲਸ ਅਧਿਕਾਰੀਆਂ ਵਿਰੁੱਧ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਵਲੋਂ ਸਕੂਲ ਦੀ ਮੈਨੇਜਮੈਂਟ ਅਤੇ ਪ੍ਰਸ਼ਾਸਨ ਵਿਰੁੱਧ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਸਹੀ ਕਰਾਰ ਦਿੰਦਿਆਂ ਜ਼ਿਲਾ ਸਿਵਲ ਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈਹੈ ਕਿ ਧਰਨਾਕਾਰੀਆਂ ਦੀਆਂ ਜਾਇਜ਼ ਮੰਗਾਂ ਅਨੁਸਾਰ ਲੋੜੀਂਦੇ ਕਦਮ ਉਠਾਏ ਜਾਣ।

ਇਹ ਸੀ ਮਾਮਲਾ
ਬਿਆਸ ਸਥਿਤ ਪ੍ਰਾਈਵੇਟ ਸਕੂਲ 'ਚ ਸ਼ੁੱਕਰਵਾਰ ਨੂੰ 14 ਸਾਲ ਦੇ ਵਿਦਿਆਰਥੀ ਨੇ ਬੱਚੀ ਨਾਲ ਜਬਰ-ਜ਼ਨਾਹ ਕੀਤਾ ਸੀ। ਬੱਚੀ ਦੇ ਰੋਣ 'ਤੇ ਸਕੂਲ ਮੈਨੇਜਮੈਂਟ ਨੇ ਉਸ ਦੇ ਘਰ ਫੋਨ 'ਤੇ ਸੂਚਨਾ ਦਿੱਤੀ ਸੀ। ਫਿਰ ਘਰ ਲਿਆਉਣ ਤੋਂ ਬਾਅਦ ਬੱਚੀ ਨੇ ਮਾਤਾ-ਪਿਤਾ ਨੂੰ ਰੇਪ ਬਾਰੇ ਦੱਸਿਆ। ਉਹ ਮੁੜਦੇ ਪੈਰੀਂ ਸਕੂਲ ਗਏ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਐੱਸ. ਐੱਸ. ਪੀ. (ਦਿਹਾਤੀ) ਦੇ ਹੁਕਮ 'ਤੇ ਮੁਲਜ਼ਮ ਵਿਦਿਆਰਥੀ 'ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ। ਫਿਰ ਉਸ ਨੂੰ ਅਦਾਲਤ ਦੇ ਹੁਕਮ 'ਤੇ ਯੁਵੇਨਾਈਲ ਜੇਲ ਭੇਜ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪੁਲਸ 'ਤੇ ਦੇਰੀ ਨਾਲ ਕਾਰਵਾਈ ਕਰਨ ਦੇ ਦੋਸ਼ ਲੱਗੇ ਸਨ। ਓਧਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਪਹਿਲਾਂ ਤੋਂ ਯੋਜਨਾ ਬਣਾ ਕੇ ਆਇਆ ਸੀ, ਜਿਸ ਤੋਂ ਬਾਅਦ ਉਸ ਨੇ ਵਾਰਦਾਤ ਕੀਤੀ। ਜਿਸ ਦੇ ਬਾਅਦ ਉੱਘੇ ਪੁਲਸ ਅਧਿਕਾਰੀ ਨੇ ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਹੈ।


Baljeet Kaur

Content Editor

Related News