ਬੀ. ਡੀ. ਪੀ. ਓ. ਦਫ਼ਤਰ ਅੱਗੇ ਮਨਰੇਗਾ ਮਜ਼ਦੂਰਾਂ ਨੇ ਦਿੱਤਾ ਧਰਨਾ
Thursday, Aug 30, 2018 - 12:29 AM (IST)

ਲਹਿਰਾਗਾਗਾ,(ਜਿੰਦਲ, ਗਰਗ)-ਬੀ. ਡੀ. ਪੀ.ਓ. ਦਫ਼ਤਰ ਅੱਗੇ ਇਲਾਕੇ ਦੇ ਇਕ ਦਰਜਨ ਦੇ ਕਰੀਬ ਮਨਰੇਗਾ ਮਜ਼ਦੂਰਾਂ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੋਬਿੰਦ ਸਿੰਘ ਛਾਜਲੀ ਜ਼ਿਲਾ ਸਕੱਤਰ ਕਾਮਰੇਡ ਊਧਮ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਧਰਨਾ ਦਿਨ-ਰਾਤ ਚੱਲੇਗਾ।
ਚੋਣ ਵਾਅਦਿਆਂ ਤਹਿਤ ਕਾਂਗਰਸ ਦੀ ਸਰਕਾਰ ਵੱਲੋਂ ਅੱਜ ਘਰ-ਘਰ ਨੌਕਰੀ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਤਾਂ ਦੂਰ ਮਨਰੇਗਾ ਤਹਿਤ ਪਿੰਡਾਂ ਵਜੋਂ ਮਜ਼ਦੂਰਾਂ ਨੂੰ ਪੂਰੀ ਦਿਹਾਡ਼ੀ ਤੇ ਮਜ਼ਦੂਰੀ ਵੀ ਨਹੀਂ ਦਿੱਤੀ ਜਾ ਰਹੀ, ਇੰਨਾ ਹੀ ਨਹੀਂ ਮਨਰੇਗਾ ਦੇ ਕੰਮਾਂ ਤੋਂ ਪੰਚਾਇਤਾਂ ਭੰਗ ਹੋਣ ਦਾ ਬਹਾਨਾ ਲਗਾ ਕੇ ਸਰਕਾਰ ਅਤੇ ਪ੍ਰਸ਼ਾਸਨ ਸਡ਼ਕਾਂ ਤੇ ਕੱਚੇ ਰਾਹਾਂ ਦਾ ਕੰਮ ਵੀ ਬੰਦ ਕਰ ਰਿਹਾ ਹੈ। ਇਸ ਲਈ ਮਨਰੇਗਾ ਕਾਨੂੰਨ ਤਹਿਤ ਪੂਰਾ ਕੰਮ ’ਤੇ ਪੂਰੀ ਮਜ਼ਦੂਰੀ ਲਈ ਰਾਜ ਅੰਦਰ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਤੀਹ ਅਪ੍ਰੈਲ ਤੱਕ ਲੋਡ਼ਵੰਦਾਂ ਨੂੰ ਪਲਾਟ ਦੇਣ ਦਾ ਵਾਅਦਾ ਮਜ਼ਦੂਰਾਂ ਨਾਲ ਵਫਾ ਨਹੀਂ ਹੋਇਆ। ਇਸ ਸਮੇਂ ਮਜ਼ਦੂਰਾਂ ਨੇ ਮੰਗ ਕੀਤੀ ਕਿ ਬਲਾਕ ਦੇ ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਦੇ ਰਹਿੰਦੇ ਬਕਾਇਆਂ ਦੀ ਪ੍ਰਾਪਤੀ ਲਈ, ਮਨਰੇਗਾ ਦੇ ਬੰਦ ਕੀਤੇ ਕੰਮਾਂ ਨੂੰ ਚਾਲੂ ਕਰਵਾਉਣਾ ਪੰਚਾਇਤਾਂ ਦੀ ਦਖ਼ਲ-ਅੰਦਾਜ਼ੀ ਖਤਮ ਕਰਵਾਉਣਾ, ਪਿੰਡਾਂ ਅੰਦਰ ਮਨਰੇਗਾ ਮਜ਼ਦੂਰਾਂ ਲਈ ਕਹੀਆਂ, ਬੱਠਲ, ਸੰਦ, ਦਰੀਆਂ ਟੈਂਟ ਦਵਾਈਆਂ ਦਾ ਬਕਸਾ ਦਿਵਾਉਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਦਫ਼ਤਰ ਅੱਗੇ ਧਰਨਾ ਜਾਰੀ ਰਹੇਗਾ।
ਇਸ ਸਮੇਂ ਲਿਬਰੇਸ਼ਨ ਪਾਰਟੀ ਦੇ ਬਲਾਕ ਸਕੱਤਰ ਬੀਰਬਲ ਸਿੰਘ ਲਹਿਲ ਕਲਾਂ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਆਗੂ ਗੁਰਬਚਨ ਸਿੰਘ ਬੱਲਰਾਂ, ਬਿੱਟੂ ਸਿੰਘ ਖੋਖਰ, ਗੁਰਬਖਸ਼ ਸਿੰਘ ਗਾਗਾ ਰਘਵੀਰ ਸਿੰਘ ਗਾਗਾ, ਫੱਲਡ਼ ਸਿੰਘ, ਦਲਵਾਰਾ ਸਿੰਘ, ਜੋਰਾ ਸਿੰਘ, ਸੁੱਖਾ ਸਿੰਘ, ਕਾਲਾ ਸਿੰਘ ਆਦਿ ਹਾਜ਼ਰ ਸਨ।