ਕਹਿਰ ਓ ਰੱਬਾ! ਪਿਓ ਦੀਆਂ ਅੱਖਾਂ ਮੂਹਰੇ ਪੁੱਤ ਦੀ ਦਰਦਨਾਕ ਮੌਤ
Thursday, Apr 09, 2026 - 11:51 AM (IST)
ਡੇਹਲੋਂ (ਡਾ. ਪ੍ਰਦੀਪ)- ਡੇਹਲੋਂ ਬਾਈਪਾਸ ’ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਟਿੱਪਰ ਦੀ ਲਪੇਟ ’ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਸਰਾ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਲਹਿਰਾ ਵਾਸੀ ਰਣਜੀਤ ਸਿੰਘ ਆਪਣੇ ਲੜਕੇ ਸੁਖਵੀਰ ਸਿੰਘ ਨਾਲ ਆਪਣੀ ਸਕੂਟਰੀ ’ਤੇ ਕਿਸੇ ਕੰਮ ਡੇਹਲੋਂ ਆਏ ਸਨ। ਜਦੋਂ ਉਹ ਕੰਮ ਕਰ ਕੇ ਡੇਹਲੋਂ ਤੋਂ ਵਾਪਸ ਆਪਣੇ ਪਿੰਡ ਲਹਿਰਾ ਨੂੰ ਜਾ ਰਹੇ ਸਨ ਤਾਂ ਰਸਤੇ ’ਚ ਉਨ੍ਹਾਂ ਨੂੰ ਗੰਨਾ ਇੰਸਪੈਕਟਰ ਪਵਨਦੀਪ ਸਿੰਘ ਡੇਹਲੋਂ ਬਾਈਪਾਸ ’ਤੇ ਖੜ੍ਹਾ ਮਿਲ ਗਿਆ ਅਤੇ ਉਹ ਸਕੂਟਰੀ ਖੜ੍ਹਾ ਕੇ ਉਸ ਕੋਲ ਖੜ੍ਹ ਕੇ ਗੱਲਬਾਤ ਕਰਨ ਲੱਗ ਗਏ।
ਇਸੇ ਦੌਰਾਨ ਲੁਧਿਆਣਾ ਵੱਲੋਂ ਇਕ ਤੇਜ਼ ਰਫ਼ਤਾਰ ਟਿੱਪਰ ਆਇਆ, ਜਿਸ ਨੇ ਉਨ੍ਹਾਂ ਦੀ ਸਕੂਟਰੀ ਅਤੇ ਗੰਨਾ ਇੰਸਪੈਕਟਰ ਪਵਨਦੀਪ ਸਿੰਘ ਦੀ ਬ੍ਰੀਜ਼ਾ ਕਾਰ ’ਚ ਜ਼ੋਰਦਾਰ ਟੱਕਰ ਮਾਰੀ। ਇਸ ਕਾਰਨ ਬ੍ਰੀਜ਼ਾ ਕਾਰ ਅੱਗੇ ਦਰੱਖਤ ’ਚ ਜਾ ਵੱਜੀ ਜਦਕਿ ਟਿੱਪਰ ਉਸ ਦੇ ਲੜਕੇ ਨੂੰ ਘੜੀਸਦੇ ਹੋਏ 50-60 ਫੁੱਟ ਅੱਗੇ ਲੈ ਗਿਆ, ਜਿਸ ਨਾਲ ਉਸ ਦੇ ਲੜਕੇ ਸੁਖਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪਵਨਦੀਪ ਸਿੰਘ ਦੇ ਵੀ ਸੱਟਾਂ ਲੱਗੀਆਂ।
ਇਸ ਸਬੰਧੀ ਡੇਹਲੋਂ ਪੁਲਸ ਵੱਲੋਂ ਯਾਦਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਮੱਲਾਂਵਾਲਾ (ਜ਼ਿਲ੍ਹਾ ਫਿਰੋਜ਼ਪੁਰ) ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
