ਭਾਜਪਾ ਦਫ਼ਤਰ ਨੇੜੇ ਬਲਾਸਟ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ ਚੁੱਕਿਆ ਪੁਰਤਗਾਲ ਤੋਂ ਆਇਆ ਨੌਜਵਾਨ
Saturday, Apr 04, 2026 - 07:11 PM (IST)
ਨਵਾਂਸ਼ਹਿਰ (ਬ੍ਰਹਮਪੁਰੀ): ਚੰਡੀਗੜ੍ਹ ਸਥਿਤ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਦਫ਼ਤਰ ਵਿੱਚ ਪਿਛਲੇ ਦਿਨੀਂ ਹੋਏ ਗ੍ਰਨੇਡ ਹਮਲੇ ਦੀ ਜਾਂਚ ਦੀਆਂ ਤਾਰਾਂ ਹੁਣ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਭਾਰਾਪੁਰ ਨੇੜੇ ਮਜ਼ਾਰੀ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਹਨ। ਇਸ ਮਾਮਲੇ ਵਿੱਚ ਪੁਰਤਗਾਲ ਤੋਂ ਛੁੱਟੀ ਕੱਟਣ ਆਏ ਪਿੰਡ ਸਜਾਵਲਪੁਰ ਦੇ ਇੱਕ ਨੌਜਵਾਨ ਨੂੰ ਪੁਲਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੀ ਖਬਰ ਹੈ।
ਕੀ ਹੈ ਪੂਰਾ ਮਾਮਲਾ?
ਭਰੋਸੇਯੋਗ ਸੂਤਰਾਂ ਅਨੁਸਾਰ, 1 ਅਪ੍ਰੈਲ ਨੂੰ ਸ਼ਾਮ 5 ਵਜੇ ਦੇ ਕਰੀਬ ਚੰਡੀਗੜ੍ਹ ਭਾਜਪਾ ਦਫ਼ਤਰ ਵਿੱਚ ਹੋਏ ਧਮਾਕੇ ਦੇ ਸਬੰਧ ਵਿੱਚ ਇੱਕ ਵਿਦੇਸ਼ੀ ਹੈਂਡਲਰ ਦਾ ਨਾਮ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਰਮਨੀ ਸਮੇਤ ਹੋਰ ਯੂਰਪੀ ਮੁਲਕਾਂ ਵਿੱਚ ਰਹਿ ਰਹੇ ਪਿੰਡ ਭਾਰਾਪੁਰ ਦੇ ਇੱਕ ਨੌਜਵਾਨ ਨੇ ਮਜ਼ਾਰੀ ਅੱਡੇ 'ਤੇ ਸਥਿਤ ਇੱਕ ਨਾਈ ਦੀ ਦੁਕਾਨ ਰਾਹੀਂ ਕੁਝ ਬਰੂਦੀ ਅਸਲਾ ਸਜਾਵਲਪੁਰ ਦੇ ਨੌਜਵਾਨ ਰਾਹੀਂ ਅੱਗੇ ਪਹੁੰਚਾਇਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਸਮਾਨ ਦੀ ਵਰਤੋਂ ਬੀ ਜੇ ਪੀ ਦਫ਼ਤਰ ਵਿੱਚ ਹੋਏ ਬਲਾਸਟ ਵਿੱਚ ਕੀਤੀ ਗਈ ਹੈ।
ਪਰਿਵਾਰ ਵੱਲੋਂ ਅਗਵਾ ਦੀ ਦਰਖ਼ਾਸਤ
ਨੌਜਵਾਨ ਦੀ ਪਛਾਣ ਚਰਨਜੀਤ ਸਿੰਘ (28) ਪੁੱਤਰ ਸੁਰਿੰਦਰ ਸਿੰਘ ਵਜੋਂ ਹੋਈ ਹੈ। ਚਰਨਜੀਤ ਦੇ ਪਿਤਾ ਨੇ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਦਰਖ਼ਾਸਤ ਵਿੱਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ 2 ਅਪ੍ਰੈਲ ਨੂੰ ਦਿੱਲੀ ਏਅਰਪੋਰਟ ਰਾਹੀਂ ਵਾਪਿਸ ਪੁਰਤਗਾਲ ਜਾਣ ਵਾਲਾ ਸੀ। ਘਰੋਂ ਨਿਕਲਣ ਤੋਂ ਪਹਿਲਾਂ ਹੀ 10-12 ਸਿਵਲ ਕੱਪੜਿਆਂ ਵਿੱਚ ਆਏ ਵਿਅਕਤੀਆਂ ਨੇ ਉਸ ਨੂੰ ਤਿੰਨ ਗੱਡੀਆਂ ਵਿੱਚ ਅਗਵਾ ਕਰ ਲਿਆ। ਇਨ੍ਹਾਂ ਗੱਡੀਆਂ ਵਿੱਚ ਇੱਕ ਕਰੇਟਾ (PB 65 BJ 2243), ਇੱਕ ਡਜਾਇਰ (PB 08 DU 8583) ਅਤੇ ਇੱਕ ਬਿਨਾਂ ਨੰਬਰੀ ਗੱਡੀ ਸ਼ਾਮਲ ਸੀ। ਇਸ ਦਰਖ਼ਾਸਤ ਦੀ ਕਾਪੀ 'ਜਗ ਬਾਣੀ' ਦੇ ਹੱਥ ਵੀ ਲੱਗੀ ਹੈ।
ਪੁਲਸ ਦੀ ਕਾਰਵਾਈ ਅਤੇ ਰਹੱਸ
ਸੂਤਰਾਂ ਮੁਤਾਬਕ ਚਰਨਜੀਤ ਨੂੰ ਚੁੱਕਣ ਵਾਲੀਆਂ ਟੀਮਾਂ ਮੁਹਾਲੀ/ਚੰਡੀਗੜ੍ਹ ਦੇ ਇੰਟੈਲੀਜੈਂਸੀ ਵਿੰਗ ਨਾਲ ਸਬੰਧਤ ਸਨ। ਜਦੋਂ ਇਸ ਬਾਰੇ ਥਾਣਾ ਸਦਰ ਬਲਾਚੌਰ ਦੇ ਐੱਸ ਐੱਚ ਓ ਬਿਕਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਐੱਸ ਐੱਸ ਪੀ ਦੇ ਧਿਆਨ ਵਿੱਚ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਅਗਵਾ ਦਾ ਮਾਮਲਾ ਨਹੀਂ ਬਲਕਿ ਕਨੂੰਨ ਵਿਵਸਥਾ ਨਾਲ ਜੁੜਿਆ ਹੋਇਆ ਹੈ।
ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਇਲਾਕੇ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਚਰਚਾ ਹੈ ਅਤੇ ਮਾਮਲਾ ਪੂਰੀ ਤਰ੍ਹਾਂ ਭੇਦ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
