ਵੱਡੀ ਖ਼ਬਰ : ਪੰਜਾਬ 'ਚ 'ਆਯੂਸ਼ਮਾਨ ਯੋਜਨਾ' ਤਹਿਤ ਮੁਫ਼ਤ ਇਲਾਜ ਹੋਇਆ ਬੰਦ, ਜਾਣੋ ਕੀ ਹੈ ਕਾਰਨ

01/30/2022 11:37:41 AM

ਚੰਡੀਗੜ੍ਹ (ਸ਼ਰਮਾ) : ਪੰਜਾਬ 'ਚ 'ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਤਹਿਤ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਯੋਜਨਾ ਤਹਿਤ ਹੋਣ ਵਾਲਾ ਮੁਫ਼ਤ ਇਲਾਜ ਬੰਦ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸਰਕਾਰ ਅਤੇ ਬੀਮਾ ਕੰਪਨੀ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਸੂਬੇ ਦੇ ਸਿਹਤ ਵਿਭਾਗ ਨੇ ਇਸ ਪੁਰਾਣੀ ਕੰਪਨੀ ਨੂੰ ਯੋਜਨਾ ਤੋਂ ਬਾਹਰ ਕਰ ਦਿੱਤਾ ਹੈ। ਸਿਹਤ ਵਿਭਾਗ ਵੱਲੋਂ ਨਵੀਂ ਬੀਮਾ ਕੰਪਨੀ ਦੀ ਭਾਲ ਸ਼ੁਰੂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕੰਪਨੀ ਨੇ ਵੀ ਕਲੇਮ ਦੇਣ ਤੋਂ ਹਸਪਤਾਲਾਂ ਨੂੰ ਨਾਂਹ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸ਼ਾਹਕੋਟ ਤੋਂ ਕਾਂਗਰਸ ਵਿਧਾਇਕ ਹਰਦੇਵ ਸਿੰਘ ਲਾਡੀ ਖ਼ਿਲਾਫ਼ ਹਾਈਕੋਰਟ ’ਚ ਪਟੀਸ਼ਨ ਦਾਖ਼ਲ

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਪੁਰਾਣੀ ਬੀਮਾ ਕੰਪਨੀ ਨੂੰ ਸੂਬੇ ਦੇ ਨਿੱਜੀ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਯੋਜਨਾ ਤਹਿਤ ਹੋਣ ਵਾਲੇ ਇਲਾਜ ਦਾ ਕਲੇਮ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਕੰਪਨੀ ਨੇ 2 ਦਿਨ ਪਹਿਲਾਂ ਇਕ ਈ-ਮੇਲ ਭੇਜ ਕੇ ਦੱਸਿਆ ਹੈ ਕਿ ਸੂਬੇ 'ਚ ਆਯੂਸ਼ਮਾਨ ਯੋਜਨਾ ਤਹਿਤ ਹੋਣ ਵਾਲੇ ਇਲਾਜ ਦਾ ਕਲੇਮ ਉਨ੍ਹਾਂ ਦੀ ਕੰਪਨੀ ਵੱਲੋਂ ਨਹੀਂ ਦਿੱਤਾ ਜਾਵੇਗਾ। ਇਸ ਈ-ਮੇਲ ਤੋਂ ਬਾਅਦ ਸੂਬੇ ਦੇ ਸਾਰੇ ਨਿੱਜੀ ਹਸਪਤਾਲਾਂ 'ਚ ਹੜਕੰਪ ਮਚ ਗਿਆ।

ਇਹ ਵੀ ਪੜ੍ਹੋ : 'ਵੈਕਸੀਨ' ਨਾ ਲਵਾਉਣ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ, ਦਿੱਤੀ ਗਈ ਸਖ਼ਤ ਚਿਤਾਵਨੀ

ਇਸ ਕਾਰਨ ਹਸਪਤਾਲਾਂ ਨੇ ਬੀਤੇ ਵੀਰਵਾਰ ਤੋਂ ਹੀ ਆਯੂਸ਼ਮਾਨ ਯੋਜਨਾ ਤਹਿਤ ਨਵੇਂ ਮਰੀਜ਼ਾਂ ਨੂੰ ਦਾਖ਼ਲ ਕਰਨਾ ਬੰਦ ਕਰ ਦਿੱਤਾ, ਜਦੋਂ ਕਿ ਪੁਰਾਣੇ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ। ਮਰੀਜ਼ਾਂ ਨੂੰ ਕਿਹਾ ਜਾ ਰਿਹਾ ਹੈ ਕਿ ਹੁਣ ਯੋਜਨਾ ਤਹਿਤ ਇਲਾਜ ਨਹੀਂ ਹੋਵੇਗਾ ਅਤੇ ਜੇਕਰ ਉਨ੍ਹਾਂ ਨੇ ਇਲਾਜ ਕਰਵਾਉਣਾ ਹੈ ਤਾਂ ਉਨ੍ਹਾਂ ਨੂੰ ਪੈਸੇ ਦੇਣੇ ਪੈਣਗੇ। ਇਸ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਫਿੱਕੀ ਪਈ 'ਕੈਪਟਨ ਅਮਰਿੰਦਰ ਸਿੰਘ' ਦੀ ਚਮਕ

ਉੱਥੇ ਹੀ ਦੂਜੇ ਪਾਸੇ ਜਦੋਂ ਉਪ ਮੁੱਖ ਮੰਤਰੀ ਓ. ਪੀ. ਸੋਨੀ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਆਈ ਜ਼ਰੂਰ ਸੀ ਪਰ ਇਸ ਦਾ ਹੱਲ ਕਰ ਲਿਆ ਗਿਆ ਹੈ ਅਤੇ ਯੋਜਨਾ ਤਹਿਤ ਮੁਫ਼ਤ ਇਲਾਜ ਦੀ ਸਹੂਲਤ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਨਵੀਂ ਬੀਮਾ ਕੰਪਨੀ ਦੀ ਭਾਲ ਵੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News