ਰਾਸ਼ਟਰਪਤੀ ਪੁਰਸਕਾਰ ਵਾਪਸ ਕਰਨ ਆਏ ਮੁੱਖ ਅਧਿਆਪਕ ਤੋਂ ਪ੍ਰਸਾਸ਼ਨ ਨੇ ਐਵਾਰਡ ਲੈਣ ਤੋਂ ਕੀਤੀ ਨਾਂਹ

Tuesday, Mar 23, 2021 - 05:27 PM (IST)

ਰਾਸ਼ਟਰਪਤੀ ਪੁਰਸਕਾਰ ਵਾਪਸ ਕਰਨ ਆਏ ਮੁੱਖ ਅਧਿਆਪਕ ਤੋਂ ਪ੍ਰਸਾਸ਼ਨ ਨੇ ਐਵਾਰਡ ਲੈਣ ਤੋਂ ਕੀਤੀ ਨਾਂਹ

ਸਮਰਾਲਾ (ਗਰਗ, ਬੰਗੜ) : ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਅੱਜ ਸ਼ਹੀਦ ਭਗਤ ਸਿੰਘ ਦੇ 90ਵੇਂ ਸ਼ਹੀਦੀ ਦਿਹਾੜੇ ’ਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸੇਵਾ ਮੁਕਤ ਮੁੱਖ ਅਧਿਆਪਕ ਰਾਮਪਾਲ ਸਾਲ-2000 ਵਿੱਚ ਮਿਲਿਆ ਰਾਸ਼ਟਰਪਤੀ ਐਵਾਰਡ ਸਰਕਾਰ ਨੂੰ ਵਾਪਸ ਕਰਨ ਲਈ ਸਮਰਾਲਾ ਦੇ ਐੱਸ. ਡੀ. ਐੱਮ. ਦਫ਼ਤਰ ਵਿਖੇ ਪਹੁੰਚ ਗਿਆ।

ਸਥਾਨਕ ਪ੍ਰਸਾਸ਼ਨ ਨੇ ਐਵਾਰਡ ਵਾਪਸ ਕਰਨ ਆਏ ਇਸ ਸੇਵਾ ਮੁਕਤ ਮੁੱਖ ਅਧਿਆਪਕ ਤੋਂ ਇਹ ਪੁਰਸਕਾਰ ਵਾਪਸ ਲੈਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਇਹ ਪੁਰਸਕਾਰ ਕੇਂਦਰ ਸਰਕਾਰ ਨਾਲ ਸਬੰਧਿਤ ਹੈ, ਜਿਸ ਨੂੰ ਉਹ ਵਾਪਸ ਨਹੀਂ ਲੈ ਸਕਦੇ। ਇਸ ਲਈ ਉਹ ਆਪਣਾ ਇਹ ਐਵਾਰਡ ਰਾਸ਼ਟਰਪਤੀ ਨੂੰ ਹੀ ਵਾਪਸ ਕਰਨ। ਅੱਜ ਇਹ ਸੇਵਾ ਮੁਕਤ ਅਧਿਆਪਕ ਰਾਮਪਾਲ ਪਿੰਡ ਰਾਣਵਾਂ ਦੀ ਪੰਚਾਇਤ ਅਤੇ ਹੋਰ ਪੰਤਵਤਿਆਂ ਨੂੰ ਨਾਲ ਲੈ ਕੇ ਐੱਸ. ਡੀ. ਐੱਮ. ਦੇ ਦਫ਼ਤਰ ਵਿਖੇ ਆਪਣਾ ਇਹ ਰਾਸ਼ਟਰਪਤੀ ਐਵਾਰਡ ਵਾਪਸ ਕਰਨ ਲਈ ਪਹੁੰਚ ਗਿਆ।

ਰਾਮਪਾਲ ਜੋ ਕਿ ਨੇੜਲੇ ਪਿੰਡ ਰਾਣਵਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮੁੱਖ ਅਧਿਾਪਕ ਸਨ, ਨੂੰ ਸਾਲ 2000 ਵਿੱਚ ਚੰਗੀਆਂ ਸੇਵਾਵਾਂ ਬਦਲੇ ਰਾਸ਼ਟਰਪਤੀ ਐਵਾਰਡ ਨਾਲ ਨਿਵਾਜਿਆ ਗਿਆ ਸੀ ਪਰ ਸਥਾਨਕ ਪ੍ਰਸਾਸ਼ਨ ਵੱਲੋਂ ਜਦੋਂ ਉਨ੍ਹਾਂ ਤੋਂ ਇਹ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਨ੍ਹਾਂ ਐਲਾਨ ਕੀਤਾ ਕਿ ਉਹ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਆਪਣਾ ਇਹ ਐਵਾਰਡ ਹਰ ਹੀਲੇ ਵਾਪਸ ਕਰ ਕੇ ਹੀ ਰਹਿਣਗੇ। ਇਸ ਦੇ ਲਈ ਭਾਵੇਂ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਦਰ ਤੱਕ ਹੀ ਕਿਉਂ ਨਾ ਜਾਣਾ ਪਵੇ। ਉਨ੍ਹਾਂ ਇਸ ਮੌਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਵਿਰੋਧੀ  ਤਿੰਨ ਕਾਨੂੰਨ ਪਾਸ ਕਰ ਕੇ ਹਰ ਵਰਗ ਨੂੰ ਬੇਰੁਜ਼ਗਾਰ ਕਰਨ ਦਾ ਫ਼ੈਸਲਾ ਲਿਆ ਹੈ। ਇਸ ਲਈ ਉਸ  ਅੰਦੋਲਨਕਾਰੀ ਕਿਸਾਨਾਂ ਦੀ ਹਮਾਇਤ ਵਿਚ ਆਪਣਾ ਰਾਸ਼ਟਰਪਤੀ ਪੁਰਸਕਾਰ ਰੋਸ ਵਜੋਂ ਵਾਪਸ ਕਰਨ ਦਾ ਫ਼ੈਸਲਾ ਲੈਣਾ ਪਿਆ ਹੈ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸਾਬਕਾ ਸਰਪੰਚ ਮੇਵਾ ਸਿੰਘ ਪਿੰਡ ਦੀ ਪੰਚਾਇਤ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। 


author

Babita

Content Editor

Related News