ਔਜਲਾ ਨੇ ਅਸਲਾ ਸ਼ਾਖਾ ਤੇ ਫਰਦ ਕੇਂਦਰ ''ਤੇ ਮਾਰਿਆ ਛਾਪਾ

11/18/2017 7:06:27 AM

ਅੰਮ੍ਰਿਤਸਰ,  (ਮਹਿੰਦਰ)-   ਸਥਾਨਕ ਡੀ. ਸੀ. ਦਫਤਰ ਅਧੀਨ ਅਸਲਾ ਸ਼ਾਖਾ ਅਤੇ ਜ਼ਮੀਨ ਨਾਲ ਸਬੰਧਤ ਫਰਦ ਕੇਂਦਰ 'ਚ ਪਾਈਆਂ ਜਾ ਰਹੀਆਂ ਕਈ ਤਰ੍ਹਾਂ ਬੇਨਿਯਮੀਆਂ ਸਬੰਧੀ ਪਿਛਲੇ ਕਈ ਦਿਨਾਂ ਤੋਂ ਆ ਰਹੀਆਂ ਸ਼ਿਕਾਇਤਾਂ ਨੂੰ ਲੈ ਕੇ ਸਥਾਨਕ ਲੋਕ ਸਭਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼ੁੱਕਰਵਾਰ ਨੂੰ ਦੋਵਾਂ ਦਫਤਰਾਂ ਵਿਚ ਛਾਪਾ ਮਾਰਿਆ, ਜਿਸ ਨੂੰ ਬਾਅਦ ਵਿਚ ਇੰਸਪੈਕਸ਼ਨ ਦਾ ਨਾਂ ਦਿੱਤਾ ਜਾ ਰਿਹਾ ਸੀ। ਇਸ ਮੌਕੇ ਔਜਲਾ ਨੇ ਏ. ਡੀ. ਸੀ. (ਜਨਰਲ) ਸੁਭਾਸ਼ ਚੰਦਰ ਦੀ ਹਾਜ਼ਰੀ ਵਿਚ ਸਬੰਧਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਰ ਤਰ੍ਹਾਂ ਦੀ ਸ਼ਿਕਾਇਤ ਦੂਰ ਕਰਨ ਲਈ ਉਚਿਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।
ਸਾਰੀਆਂ ਫਾਈਲਾਂ ਹਫ਼ਤੇ 'ਚ ਨਿਪਟਾਉਣ ਦੇ ਹੁਕਮ : ਛਾਪੇਮਾਰੀ ਦੌਰਾਨ ਔਜਲਾ ਸਭ ਤੋਂ ਪਹਿਲਾਂ ਡੀ. ਸੀ. ਦਫਤਰ ਦੀ ਅਸਲਾ ਸ਼ਾਖਾ ਵਿਚ ਪੁੱਜੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪਿਛਲੇ 3-4 ਸਾਲਾਂ ਤੋਂ ਲੋਕਾਂ ਦੇ ਅਸਲੇ ਦੇ ਲਾਇਸੈਂਸ ਨਾਲ ਸਬੰਧਤ ਉਨ੍ਹਾਂ ਦੀਆਂ ਫਾਈਲਾਂ ਰੁਕੀਆਂ ਹੋਈਆਂ ਹਨ। ਵਿਭਾਗ ਵੱਲੋਂ ਸਬੰਧਤ ਕਰਮਚਾਰੀ ਪਹਿਲਾਂ ਤਾਂ ਉਚਿਤ ਜਵਾਬ ਨਹੀਂ ਦੇ ਸਕੇ ਪਰ ਨਾਲ ਹੀ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਹੁਣ ਤੱਕ ਕਰੀਬ 4 ਹਜ਼ਾਰ ਅਸਲਾ ਲਾਇਸੈਂਸ ਦੀਆਂ ਫਾਈਲਾਂ ਪੈਂਡਿੰਗ ਪਈਆਂ ਹੋਈਆਂ ਹਨ। ਔਜਲਾ ਨੇ ਸਬੰਧਤ ਕਰਮਚਾਰੀਆਂ ਨੂੰ ਏ. ਡੀ. ਸੀ. ਦੀ ਹਾਜ਼ਰੀ 'ਚ ਨਿਰਦੇਸ਼ ਦਿੱਤੇ ਕਿ ਉਹ ਇਕ ਹਫ਼ਤੇ ਤੱਕ ਸਾਰੀਆਂ ਫਾਈਲਾਂ ਦਾ ਬਿਓਰਾ ਤਿਆਰ ਕਰ ਕੇ ਐੱਸ. ਡੀ. ਐੱਮ., ਡੀ. ਸੀ. ਸਾਹਿਬ ਅਤੇ ਉਨ੍ਹਾਂ ਕੋਲ ਭੇਜਣ।
ਫਰਦ ਕੇਂਦਰ ਦੇ ਮੁਖੀ ਨੂੰ ਕੀਤਾ ਸੁਚੇਤ: ਅਸਲਾ ਸ਼ਾਖਾ ਤੋਂ ਬਾਅਦ ਔਜਲਾ ਫਰਦ ਕੇਂਦਰ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਫਰਦ ਕੇਂਦਰ ਦੇ ਮੁਖੀ ਜੈਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਲੋਕਾਂ ਦੀਆਂ ਫਰਦਾਂ ਨੂੰ ਲੈ ਕੇ 4-4 ਅਤੇ 5-5 ਹਜ਼ਾਰ ਰੁਪਏ ਲਏ ਜਾ ਰਹੇ ਹਨ। ਉਨ੍ਹਾਂ ਨੇ ਫਰਦ ਕੇਂਦਰ ਦੇ ਮੁਖੀ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨਹੀਂ ਆਉਣੀਆਂ ਚਾਹੀਦੀਆਂ, ਸਗੋਂ ਲੋਕਾਂ ਨੂੰ ਬਿਨਾਂ ਪ੍ਰੇਸ਼ਾਨ ਕੀਤੇ ਸਮਾਂਬੱਧ ਤਰੀਕੇ ਨਾਲ ਛੇਤੀ ਤੋਂ ਛੇਤੀ ਉਨ੍ਹਾਂ ਦੇ ਕੰਮ ਕੀਤੇ ਜਾਣ।
ਖਜ਼ਾਨਾ ਦਫ਼ਤਰ 'ਚ ਸਫਾਈ ਵਿਵਸਥਾ ਦਾ ਪ੍ਰਬੰਧ ਕਰਨ ਦੇ ਹੁਕਮ : ਤੀਸਰੇ ਪੜਾਅ ਵਿਚ ਔਜਲਾ ਸਥਾਨਕ ਖਜ਼ਾਨਾ ਦਫ਼ਤਰ ਦੀ ਇੰਸਪੈਕਸ਼ਨ ਕਰਨ ਪੁੱਜੇ, ਜਿਥੇ ਬੁਰੀ ਤਰ੍ਹਾਂ ਚਰਮਰਾਈ ਸਫਾਈ ਵਿਵਸਥਾ ਨੂੰ ਦੇਖ ਕੇ ਔਜਲਾ ਨੇ ਖਜ਼ਾਨਾ ਅਧਿਕਾਰੀ ਮੈਣੀ ਨੂੰ ਸਫਾਈ ਵਿਵਸਥਾ ਦਾ ਪੂਰਾ ਪ੍ਰਬੰਧ ਕਰਵਾਉਣ ਨੂੰ ਕਿਹਾ। ਇਸ ਦੌਰਾਨ ਖਜ਼ਾਨਾ ਅਧਿਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਦਫ਼ਤਰ ਦੀ ਕਾਫ਼ੀ ਜ਼ਮੀਨ ਰਜਿਸਟਰੀ ਦਫ਼ਤਰ ਨੂੰ ਦੇ ਦਿੱਤੀ ਗਈ ਹੈ। ਪਹਿਲੀ ਮੰਜ਼ਿਲ 'ਤੇ ਪਹਿਲਾਂ ਰਜਿਸਟਰੀ ਦਫ਼ਤਰ ਵੱਲੋਂ ਕੰਮ ਕੀਤਾ ਜਾ ਰਿਹਾ ਸੀ, ਹੁਣ ਗਰਾਊਂਡ ਫਲੋਰ 'ਤੇ ਰਜਿਸਟਰੀ ਦਫ਼ਤਰ ਸ਼ਿਫਟ ਹੋ ਚੁੱਕਾ ਹੈ। 


Related News