9 ਮਹੀਨਿਆਂ ਬਾਅਦ ਖੁੱਲ੍ਹੇ ਸਕੂਲ, ਪਹਿਲੇ ਦਿਨ ਸਿਰਫ਼ 10 ਫੀਸਦੀ ਰਹੀ ਹਾਜ਼ਰੀ

Friday, Jan 08, 2021 - 02:29 AM (IST)

9 ਮਹੀਨਿਆਂ ਬਾਅਦ ਖੁੱਲ੍ਹੇ ਸਕੂਲ, ਪਹਿਲੇ ਦਿਨ ਸਿਰਫ਼ 10 ਫੀਸਦੀ ਰਹੀ ਹਾਜ਼ਰੀ

ਪਟਿਆਲਾ, (ਮਨਦੀਪ ਜੋਸਨ)- ਪੰਜਾਬ ਸਰਕਾਰ ਵੱਲੋਂ 9 ਮਹੀਨਿਆਂ ਬਾਅਦ ਅੱਜ ਤੋਂ 5ਵੀਂ ਤੋਂ 12ਵੀਂ ਕਲਾਸ ਤੱਕ ਖੋਲ੍ਹੇ ਗਏ ਸਕੂਲਾਂ ਦਾ ਚਾਰੇ ਪਾਸਿਓਂ ਜ਼ਬਰਦਸਤ ਵਿਰੋਧ ਹੋਇਆ ਹੈ। ਇਸ ਕਾਰਣ ਪਹਿਲੇ ਦਿਨ ਸਕੂਲਾਂ ’ਚ ਕੋਈ ਬਹੁਤੀ ਰੌਂਣਕ ਨਜ਼ਰ ਨਹੀਂ ਆਈ। ਸਕੂਲਾਂ ’ਚ ਬੱਚਿਆਂ ਦੀ ਸਿਰਫ਼ 10 ਫੀਸਦੀ ਦੇ ਕਰੀਬ ਹੀ ਹਾਜ਼ਰੀ ਰਹੀ ਹੈ। ਜ਼ਿਆਦਾਤਰ ਮਾਪਿਆਂ ਨੇ ਵੀ ਸਰਕਾਰ ਦੇ ਇਸ ਕਦਮ ਨੂੰ ਗੈਰ-ਜ਼ਿੰਮੇਵਾਰਨਾ ਦੱਸਿਆ। ਜ਼ਿਲੇ ਦੇ ਕਈ ਸਕੂਲਾਂ ’ਚ ਇਸ ਤੋਂ ਵੀ ਘੱਟ ਆਮਦ ਵੇਖਣ ਨੂੰ ਮਿਲੀ। ਮਾਪੇ ਅਜੇ ਵੀ ਆਪਣੇ ਬੱਚਿਆਂ ਨੂੰ ਸਕੂਲ ਭੇਜਣ ’ਚ ਖੁਸ਼ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਦੀ ਅਤੇ ਕੋਰੋਨਾ ਕਹਿਰ ਦੇ ਦਰਮਿਆਨ ਅਜੇ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਕੁਝ ਸਮਾਂ ਹੋਰ ਉਡੀਕ ਕਰਨਗੇ। ਦੂਜੇ ਪਾਸੇ ਸਰਕਾਰ ਦੇ ਇਸ ਫਰਮਾਨ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ।

ਕਿਸਾਨਾਂ ਦੇ ਸੰਘਰਸ਼ ਨੂੰ ਫੇਲ ਕਰਨ ਦੀ ਵੱਡੀ ਸਾਜਿਸ਼
ਪੰਜਾਬ ਸਰਕਾਰ ਵੱਲੋਂ ਸਕੂਲ ਖੋਲ੍ਹਣ ਨੂੰ ਕਈ ਨੇਤਾ ਕਿਸਾਨਾਂ ਦੇ ਸੰਘਰਸ਼ ਨੂੰ ਫੇਲ ਕਰਨ ਦੀ ਸਾਜ਼ਿਸ਼ ਦੱਸ ਰਹੇ ਹਨ। ਦਿੱਲੀ ਦੇ ਬਾਰਡਰਾਂ ’ਤੇ ਬੈਠੈ ਕਿਸਾਨਾਂ ’ਚੋਂ ਬਹੁ-ਗਿਣਤੀ ਪੰਜਾਬੀਆਂ ਦੀ ਹੈ। ਇਨ੍ਹਾਂ ’ਚ ਜ਼ਿਆਦਤਰ ਕਿਸਾਨ ਆਪਣੇ ਪਰਿਵਾਰਾਂ ਅਤੇ ਬੱਚਿਆਂ ਨੂੰ ਵੀ ਨਾਲ ਲਈ ਬੇਠੈ ਹਨ। ਕਿਸਾਨਾਂ ਦੀ ਮੰਗ ਹੈ ਕਿ ਜਿੰਨੀ ਦੇਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਉਨੀ ਦੇਰ ਉਹ ਵਾਪਸ ਨਹੀਂ ਆਉਣਗੇ। ਹੁਣ ਕੇਂਦਰ ਦੇ ਇਸ਼ਾਰੇ ’ਤੇ ਪੰਜਾਬ ਸਰਕਾਰ ਨੇ ਸਕੂਲ ਖੋਲ੍ਹ ਦਿੱਤੇ ਹਨ ਤਾਂ ਕਿ ਬਾਰਡਰਾਂ ’ਤੇ ਆਪਣੇ ਪਰਿਵਾਰਾਂ ਨਾਲ ਬੈਠੇ ਕਿਸਾਨ ਸਕੂਲ ਖੁੱਲ੍ਹਣ ਕਰ ਕੇ ਵਾਪਸ ਪੰਜਾਬ ਜਾਣ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜ ਸਕਣ।

‘ਆਪ’ ਅਤੇ ਅਕਾਲੀ ਦਲ ਨੇ ਪੰਜਾਬ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ
ਅਕਾਲੀ ਦਲ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲਾ ਕਨਵੀਨਰ ਕੁੰਦਨ ਗੋਗੀਆ ਨੇ ਕਿਹਾ ਕਿ ਸਿਰਫ ਪੰਜਾਬ ’ਚ ਹੀ ਸਕੂਲ ਖੋਲ੍ਹਣਾ ਕੇਂਦਰ ਦੇ ਇਸ਼ਾਰੇ ’ਤੇ ਸੂਬਾ ਸਰਕਾਰ ਦੀ ਸ਼ਰਾਰਤ ਹੈ। ਅਜਿਹਾ ਕਰ ਕੇ ਬਾਰਡਰਾਂ ’ਤੇ ਕੀਤਾ ਜਾ ਰਿਹਾ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਹੱਥਕੰਡੇ ਅਪਣਾਏ ਜਾ ਰਹੇ ਹਨ। ਕੋਹਲੀ ਅਤੇ ਗੋਗੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਕਿਸੇ ਨਾ ਕਿਸੇ ਤਰੀਕੇ ਦਬਾਅ ਬਣਾ ਰਹੀ ਹੈ।

ਸਰਕਾਰ ਪਹਿਲਾਂ ਵੈਕਸੀਨ ਦਾ ਪ੍ਰਬੰਧ ਕਰੇ ਤੇ ਬੱਚਿਆਂ ਨੂੰ ਫ੍ਰੀ ਟੀਕੇ ਲਾਏ : ਸੁਰਜੀਤ ਅਬਲੋਵਾਲ
ਪਟਿਆਲਾ, (ਜੋਸਨ)-ਪੰਜਾਬ ਦੇ 2 ਵੱਡੇ ਵਿਭਾਗਾਂ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਸਕੂਲ ਖੋਲ੍ਹਣ ਤੋਂ ਪਹਿਲਾਂ ਵੈਕਸੀਨ ਦਾ ਪ੍ਰਬੰਧ ਕਰੇ ਅਤੇ ਸਮੁੱਚੇ ਬੱਚਿਆਂ ਨੂੰ ਫ੍ਰੀ ਟੀਕੇ ਲਾਏ। ਉਨ੍ਹਾਂ ਆਖਿਆ ਕਿ ਜਿਥੇ ਇਕ ਪਾਸੇ ਅਜੇ ਵੀ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਵੈਕਸੀਨ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਕੁਝ ਸਮਾਂ ਪਹਿਲਾਂ ਪੰਜਾਬ ਦੇ ਕਈ ਸਕੂਲਾਂ ’ਚ ਵੀ ਅਧਿਆਪਕ ਕੋਰੋਨਾ ਪਾਜ਼ੇਟਿਵ ਆ ਚੁਕੇ ਹਨ। ਸਰਦੀ ਕਾਰਣ ਠੰਡ ਦਾ ਕਹਿਰ ਵੀ ਜਾਰੀ ਹੈ। ਇਸ ਦੇ ਬਾਵਜੂਦ ਸਕੂਲ ਖੋਲ੍ਹਣਾ ਕਿਸੇ ਸ਼ਰਾਰਤ ਤੋਂ ਘੱਟ ਨਹੀਂ ਹੈ।


author

Bharat Thapa

Content Editor

Related News