ਲੁਧਿਆਣਾ : ਡਾਕਟਰ ''ਤੇ ਹਥਿਆਰਬੰਦ ਬਦਮਾਸ਼ਾਂ ਨੇ ਕੀਤਾ ਕਾਤਲਾਨਾ ਹਮਲਾ
Sunday, Jun 21, 2020 - 11:24 AM (IST)
ਲੁਧਿਆਣਾ (ਮਹੇਸ਼) : ਤਾਲਾਬੰਦੀ ਦੇ ਬਾਵਜਦੂ ਬਸਤੀ ਜੋਧੇਵਾਲ ਇਲਾਕੇ 'ਚ ਸ਼ਨੀਵਾਰ ਨੂੰ ਇਕ ਡਾਕਟਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਗਿਆ। ਅੱਧਾ ਦਰਜਨ ਦੇ ਕਰੀਬ ਬਦਮਾਸ਼ਾਂ ਨੇ ਡਾਕਟਰ ਦੇ ਕਲੀਨਿਕ 'ਚ ਵੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ਖਮੀਂ ਹੋਣ ਦੇ ਬਾਵਜੂਦ ਡਾਕਟਰ ਨੇ ਬਦਮਾਸ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਜ਼ਖਮੀਂ ਹਾਲਤ 'ਚ ਡਾਕਟਰ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਵਾਪਸ ਘਰ ਭੇਜ ਦਿੱਤਾ ਗਿਆ। ਫਿਲਹਾਲ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਨੰਦ ਕਾਲੋਨੀ ਦੇ ਰਹਿਣ ਵਾਲੇ 42 ਸਾਲਾ ਡਾਕਟਰ ਰਾਜੀਵ ਸ਼ਰਮਾ ਦਾ ਕੈਲਾਸ਼ ਨਗਰ ਰੋਡ 'ਤੇ ਕਲੀਨਿਕ ਹੈ। ਡਾਕਟਰ ਹੋਣ ਦੇ ਨਾਲ-ਨਾਲ ਉਹ ਇਕ ਸਮਾਜਸੇਵੀ ਵੀ ਹੈ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਦੇ 2 ਬੇਟੇ ਅਤੇ ਪਤਨੀ ਹੈ। ਦੋਵੇਂ ਬੇਟੇ ਪੜ੍ਹਾਈ ਕਰ ਰਹੇ ਹਨ। ਬੀਤੀ ਦੁਪਹਿਰ ਕਰੀਬ 1 ਵਜੇ ਡਾਕਟਰ ਆਪਣੇ ਕਲੀਨਿਕ 'ਤੇ ਮੌਜੂਦ ਸੀ ਤਾਂ ਵੱਖ-ਵੱਖ ਮੋਟਰਸਾਈਕਲਾਂ 'ਤੇ 8 ਤੋਂ 9 ਬਦਮਾਸ਼ ਆਏ। 3 ਬਦਮਾਸ਼ ਮੋਟਰਸਾਈਕਲ ਚਾਲੂ ਕਰਕੇ ਬਾਹਰ ਖੜ੍ਹੇ ਰਹੇ, ਜਦੋਂ ਕਿ ਬਾਕੀ ਬਦਮਾਸ਼ ਕਲੀਨਿਕ 'ਚ ਵੜ ਗਏ, ਜਿਨ੍ਹਾਂ ਨੇ ਡਾਕਟਰ 'ਤੇ ਕਾਤਲਾਨਾ ਹਮਲਾ ਕਰ ਦਿੱਤਾ।
ਰਾਜੀਵ ਸ਼ਰਮਾ ਨੇ ਦੱਸਿਆ ਕਿ ਮਰੀਜ਼ਾਂ ਨੂੰ ਭੁਗਤਾਉਣ ਤੋਂ ਬਾਅਦ ਉਹ ਕਲੀਨਿਕ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਨੂੰ ਕਿਸੇ ਕੰਮ ਲਈ ਕਿਤੇ ਪਹੁੰਚਣਾ ਸੀ। ਉਹ ਜਦੋਂ ਕੈਸ਼ ਦੇ ਬਕਸੇ ਨੂੰ ਤਾਲਾ ਲਾ ਰਹੇ ਸਨ ਤਾਂ ਬਦਮਾਸ਼ਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ। ਕਲੀਨਿਕ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਵੀ ਇਹ ਘਟਨਾ ਕੈਦ ਹੋ ਗਈ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।