ATM ਕਾਰਡ ਬਦਲ ਕੇ ਸ਼ਾਤਰ ਠੱਗ ਨੇ ਮਹਿਲਾ ਦੇ ਖਾਤੇ ਵਿਚੋਂ ਉਡਾਏ 2.05 ਲੱਖ

Saturday, Apr 11, 2026 - 06:51 PM (IST)

ATM ਕਾਰਡ ਬਦਲ ਕੇ ਸ਼ਾਤਰ ਠੱਗ ਨੇ ਮਹਿਲਾ ਦੇ ਖਾਤੇ ਵਿਚੋਂ ਉਡਾਏ 2.05 ਲੱਖ

ਲੁਧਿਆਣਾ (ਰਾਜ): ਸ਼ਾਤਰ ਠੱਗਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹ ਬੈਂਕ ਦੇ ATM ਬੂਥਾਂ 'ਤੇ ਵੀ ਮਾਸੂਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਤਾਜ਼ਾ ਮਾਮਲਾ ਬਹਾਦਰਕੇ ਰੋਡ ਸਥਿਤ ਦਾਣਾ ਮੰਡੀ ਦੇ ਪਾਸ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਅਣਪਛਾਤੇ ਜਾਲਸਾਜ਼ ਨੇ ਬਹੁਤ ਹੀ ਚਲਾਕੀ ਨਾਲ ਇਕ ਮਹਿਲਾ ਦਾ ATM ਕਾਰਡ ਬਦਲ ਕੇ ਉਸ ਦੇ ਖਾਤੇ ਵਿਚੋਂ 2 ਲੱਖ 5 ਹਜ਼ਾਰ ਰੁਪਏ ਦੀ ਮੋਟੀ ਰਕਮ ਸਾਫ਼ ਕਰ ਦਿੱਤੀ। ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਚੰਚਲ ਗੁਲਾਟੀ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ। 

ਜਾਣਕਾਰੀ ਅਨੁਸਾਰ, ਪੀੜਤਾ ਚੰਚਲ ਗੁਲਾਟੀ ਨੇ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਆਪਣੀ ਦਰਖਾਸਤ ਵਿਚ ਦੱਸਿਆ ਕਿ ਉਹ 6 ਅਪ੍ਰੈਲ ਨੂੰ ਪੰਜਾਬ ਨੈਸ਼ਨਲ ਬੈਂਕ ਦੇ ATM ਤੋਂ ਪੈਸੇ ਕਢਵਾਉਣ ਲਈ ਗਈ ਸੀ। ਇਸੇ ਦੌਰਾਨ ਉੱਥੇ ਮੌਜੂਦ ਇਕ ਅਣਪਛਾਤੇ ਵਿਅਕਤੀ ਨੇ ਮਦਦ ਕਰਨ ਦੇ ਬਹਾਨੇ ਉਸ ਨੂੰ ਆਪਣੀਆਂ ਗੱਲਾਂ ਦੇ ਜਾਲ ਵਿਚ ਫਸਾ ਲਿਆ। ਗੱਲਾਂ-ਗੱਲਾਂ ਵਿਚ ਸ਼ਾਤਰ ਠੱਗ ਨੇ ਬੜੀ ਸਫ਼ਾਈ ਨਾਲ ਪੀੜਤਾ ਦਾ ਅਸਲੀ ATM ਕਾਰਡ ਬਦਲ ਲਿਆ ਅਤੇ ਉਸਦੀ ਜਗ੍ਹਾ ਦੂਜਾ ਕਾਰਡ ਫੜਾ ਦਿੱਤਾ। ਪੀੜਤਾ ਨੂੰ ਇਸ ਧੋਖਾਧੜੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸ ਦੇ ਖਾਤੇ ਵਿੱਚੋਂ ਪੈਸੇ ਕੱਟਣ ਦੇ ਸੰਦੇਸ਼ (ਮੈਸੇਜ) ਆਉਣੇ ਸ਼ੁਰੂ ਹੋਏ। ਠੱਗ ਨੇ ਵੱਖ-ਵੱਖ ਕਿਸ਼ਤਾਂ ਵਿਚ ਕਰੀਬ 2 ਲੱਖ 5 ਹਜ਼ਾਰ ਰੁਪਏ ਕੱਢ ਕੇ ਪੀੜਤਾ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾਇਆ ਹੈ। 10 ਅਪ੍ਰੈਲ ਨੂੰ ਪੁਲਸ ਕੋਲ ਪਹੁੰਚੀ ਇਸ ਸ਼ਿਕਾਇਤ ਤੋਂ ਬਾਅਦ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਹੁਣ ATM ਬੂਥ ਅਤੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮ ਦਾ ਸੁਰਾਗ ਲਗਾਇਆ ਜਾ ਸਕੇ। ਪੁਲਸ ਨੇ ਆਮ ਜਨਤਾ ਨੂੰ ਵੀ ਸੁਚੇਤ ਕੀਤਾ ਹੈ ਕਿ ATM ਦੀ ਵਰਤੋਂ ਕਰਦੇ ਸਮੇਂ ਕਿਸੇ ਵੀ ਅਣਜਾਣ ਵਿਅਕਤੀ ਦੀ ਮਦਦ ਨਾ ਲਓ ਅਤੇ ਆਪਣਾ ਪਿੰਨ ਤੇ ਕਾਰਡ ਪੂਰੀ ਤਰ੍ਹਾਂ ਸੁਰੱਖਿਅਤ ਰੱਖੋ।
 


author

Anmol Tagra

Content Editor

Related News