ਕੰਧ ਟੱਪ ਕੇ ਘਰ ''ਚ ਵੜਿਆ ਮੁੰਡਾ, 3 ਦਿਨ ਤਕ ਰੋਲ਼ਦਾ ਰਿਹਾ ਨਾਬਾਲਗ ਕੁੜੀ ਦੀ ਪੱਤ

Monday, Jul 06, 2026 - 02:18 PM (IST)

ਕੰਧ ਟੱਪ ਕੇ ਘਰ ''ਚ ਵੜਿਆ ਮੁੰਡਾ, 3 ਦਿਨ ਤਕ ਰੋਲ਼ਦਾ ਰਿਹਾ ਨਾਬਾਲਗ ਕੁੜੀ ਦੀ ਪੱਤ

ਲੁਧਿਆਣਾ (ਰਾਜ)- ਮਹਾਨਗਰ ਵਿਚ ਇਕ ਗੁਆਂਢੀ ਵੱਲੋਂ ਪਰਿਵਾਰ ਦੀ ਗੈਰ-ਮੌਜੂਦਗੀ ਦਾ ਫਾਇਦਾ ਚੁੱਕਦੇ ਘਰ ਵਿਚ ਵੜ ਕੇ 17 ਸਾਲਾ ਨਾਬਾਲਗ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਪੀੜਤ ਪਰਿਵਾਰ ਮੁਲਜ਼ਮ ਦੇ ਘਰ ਉਲਾਂਭਾ ਦੇਣ ਪਹੁੰਚਿਆ ਤਾਂ ਮੁਲਜ਼ਮ ਨੇ ਉਲਟਾ ਇੱਟਾਂ-ਪੱਥਰਾਂ ਨਾਲ ਹਮਲਾ ਕਰ ਕੇ ਪੀੜਤ ਲੜਕੀ ਦੀ ਵੱਡੀ ਭੈਣ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ।

ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਸ ਨੇ ਮੁਲਜ਼ਮ ਸੋਨੂੰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕਿਸੇ ਘਰੇਲੂ ਕੰਮ ਦੇ ਸਿਲਸਿਲੇ ਵਿਚ ਘਰੋਂ ਬਾਹਰ ਗਿਆ ਹੋਇਆ ਸੀ। ਘਰ ਵਿਚ ਉਨ੍ਹਾਂ ਦੀ 17 ਸਾਲਾ ਛੋਟੀ ਬੇਟੀ ਇਕੱਲੀ ਸੀ। ਇਸੇ ਗੱਲ ਦਾ ਫਾਇਦਾ ਚੁੱਕਦੇ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲਾ ਸੋਨੂੰ ਕੁਮਾਰ ਕੰਧ ਟੱਪ ਕੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਗਿਆ।

ਮੁਲਜ਼ਮ ਨੇ ਨਾਬਾਲਗਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਉਸ ਨਾਲ ਜਬਰ-ਜ਼ਨਾਹ ਕੀਤਾ। ਮੁਲਜ਼ਮ ਲਗਾਤਾਰ 3 ਦਿਨਾਂ ਤੱਕ ਉਸ ਦੀ ਬੇਟੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਪੀੜਤ ਪਿਤਾ ਨੇ ਦੱਸਿਆ ਕਿ ਜਦੋਂ ਉਹ ਪਰਿਵਾਰ ਸਮੇਤ ਵਾਪਸ ਪਰਤਿਆ ਤਾਂ ਬਦਹਵਾਸ ਹਾਲਤ ਵਿਚ ਬੇਟੀ ਨੇ ਰੋਂਦੇ ਆਪਣੀ ਮਾਂ ਨੂੰ ਇਸ ਦੀ ਜਾਣਕਾਰੀ ਦਿੱਤੀ।

ਜਦੋਂ ਉਹ ਆਪਣੀ ਪਤਨੀ ਅਤੇ ਵੱਡੀ ਬੇਟੀ ਨੂੰ ਨਾਲ ਲੈ ਕੇ ਮੁਲਜ਼ਮ ਸੋਨੂੰ ਕੁਮਾਰ ਦੇ ਘਰ ਉਲਾਂਭਾ ਦੇਣ ਗਏ ਤਾਂ ਮੁਲਜ਼ਮ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉਨ੍ਹਾਂ 'ਤੇ ਇੱਟਾਂ ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇਕ ਇਟ ਪੀੜਤ ਲੜਕੀ ਦੀ ਵੱਡੀ ਭੈਣ ਦੇ ਸਿਰ 'ਤੇ ਜਾ ਲੱਗੀ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਉੱਥੇ ਹੀ ਡਿੱਗ ਪਈ। ਚੀਕ-ਚਿਹਾਰਾ ਸੁਣ ਕੇ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਉਨ੍ਹਾਂ ਨੂੰ ਦੇਖ ਕੇ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਮੌਕੇ ਤੋਂ ਫਰਾਰ ਹੋ ਗਿਆ।

ਪਰਿਵਾਰ ਵਾਲਿਆਂ ਨੇ ਜ਼ਖਮੀ ਬੇਟੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸਦਰ ਥਾਣੇ ਦੀ ਪੁਲਸ ਨੇ ਮੁਲਜ਼ਮ ਸੋਨੂੰ ਕੁਮਾਰ ਖ਼ਿਲਾਫ਼ ਜ਼ਬਰਦਸਤੀ ਘਰ ਵਿਚ ਵੜਨ, ਜਾਨਲੇਵਾ ਹਮਲਾ ਕਰਨ, ਕੁੱਟਮਾਰ ਕਰਨ ਅਤੇ ਲੜਕੀ ਦੇ ਨਾਬਾਲਗ ਹੋਣ ਕਾਰਨ ਜਬਰ-ਜ਼ਨਾਹ ਦੀਆਂ ਸੰਗੀਨ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕਰ ਲਈ ਹੈ। ਜਾਂਚ ਅਧਿਕਾਰੀ ਧਰਮਿੰਦਰ ਸਿੰਘ ਮੁਤਾਬਕ ਪੀੜਤਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
 


author

Anmol Tagra

Content Editor

Related News