ਏ. ਟੀ. ਐੱਮ. ਕਲੋਨ ਕਰਕੇ ਠੱਗੀ ਮਾਰਨ ਵਾਲਾ ਅੰਤਰਰਾਜੀ ਗਿਰੋਹ ਕਾਬੂ

Wednesday, Oct 16, 2019 - 04:19 PM (IST)

ਏ. ਟੀ. ਐੱਮ. ਕਲੋਨ ਕਰਕੇ ਠੱਗੀ ਮਾਰਨ ਵਾਲਾ ਅੰਤਰਰਾਜੀ ਗਿਰੋਹ ਕਾਬੂ

ਖਨੌਰੀ (ਹਰਜੀਤ ਸਿੰਘ/ਪੱਤਰ ਪ੍ਰੇਰਕ) : ਖਨੌਰੀ ਪੁਲਸ ਵੱਲੋਂ ਏ.ਟੀ.ਐਮ. ਬਦਲ ਕੇ (ਕਲੋਨ ਕਰਕੇ) ਠੱਗੀ ਮਾਰਨ ਵਾਲੇ ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪੁਲਸ ਥਾਣਾ ਖਨੌਰੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਖਨੌਰੀ ਇੰਸਪੈਕਟਰ ਕਰਤਾਰ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਇਕ ਪੁਲਸ ਪਾਰਟੀ ਅਨਾਜ ਮੰਡੀ ਵਿਖੇ ਗਸ਼ਤ ਕਰ ਰਹੀ ਸੀ ਕਿ ਪੁਲਸ ਨੂੰ ਇਤਲਾਹ ਮਿਲੀ ਕੀ ਅਕਾਸ਼ ਉਰਫ਼ ਅੰਕੁਸ਼ ਪੁੱਤਰ ਬਲਵੀਰ ਸਿੰਘ, ਮਨਜੀਤ ਰਾਮ ਤੇ ਵਿਨੋਦ ਕੁਮਾਰ ਪੁੱਤਰਾਨ ਰਣਧੀਰ ਸਿੰਘ ਵਾਸੀਅਨ ਰਾਜਥਲ ਜ਼ਿਲਾ ਹਿਸਾਰ ਅਤੇ ਅਸੀਸ ਪੁੱਤਰ ਸਤਪਾਲ ਵਾਸੀ ਸੀਸਾਏ ਪੁਲ ਹਾਂਸੀ ਹਿਸਾਰ (ਹਰਿਆਣਾ) ਜੋ ਕਿ ਸਾਰੇ ਵਿਅਕਤੀ ਏ.ਟੀ.ਐੱਮ ਵਿਚ ਭੋਲੇ-ਭਾਲੇ ਬਜ਼ੁਰਗਾਂ ਅਤੇ ਔਰਤਾਂ ਨੂੰ ਗੁੰਮਰਾਹ ਕਰਦੇ ਹਨ।

ਬਾਅਦ ਵਿਚ ਉਨ੍ਹਾਂ ਦੇ ਏ.ਟੀ.ਐਮ ਨੂੰ ਧੋਖੇ ਨਾਲ ਬਦਲ ਕੇ ਜਾਂ ਉਨ੍ਹਾਂ ਦੀ ਪੈਸੇ ਕਢਾਉਣ ਵਿਚ ਮਦਦ ਕਰਨ ਦਾ ਦਿਖਾਵਾ ਕਰਦੇ ਹਨ ਅਤੇ ਏ.ਟੀ.ਐਮ. ਹਾਸਲ ਕਰਕੇ ਹੱਥ ਦੀ ਸਫ਼ਾਈ ਨਾਲ ਆਪਣੇ ਹੱਥ ਵਿਚ ਛੁਪਾਏ ਹੋਏ ਸਕਿਮਿੰਗ ਡਿਵਾਈਸ ਨਾਲ ਏ.ਟੀ.ਐਮ ਨੂੰ ਸਵਾਈਪ ਕਰਕੇ ਬਾਅਦ ਵਿਚ ਸਵਾਈਪ ਕੀਤੇ ਏ.ਟੀ.ਐਮ ਦਾ ਕਲੋਨ ਤਿਆਰ ਕਰ ਲੈਦੇ ਹਨ, ਫਿਰ ਵੱਖ-ਵੱਖ ਏ.ਟੀ.ਐਮ 'ਚੋਂ ਪੈਸੇ ਕਢਵਾ ਕੇ ਠੱਗੀ ਮਾਰਨ ਦਾ ਧੰਦਾ ਕਰਦੇ ਹਨ। ਅੱਜ ਇਹ ਗਰੁੱਪ ਖਨੌਰੀ ਵਿਖੇ ਏਟੀਓਸ ਕਾਰ ਨੰਬਰ ਡੀ.ਐਲ. 8ਸੀ.1730 ਰੰਗ ਚਿੱਟਾ ਵਿਚ ਘੁੰਮ ਰਹੇ ਹਨ ਅਤੇ ਕਿਸੇ ਘਟਣਾ ਨੂੰ ਅੰਜਾਮ ਦੇਣ ਦੀ ਤਾਕ ਵਿਚ ਹਨ। 

ਇਸ 'ਤੇ ਕਾਰਵਾਈ ਕਰਦਿਆਂ ਪੁਲਸ ਪਾਰਟੀ ਨੇ ਇਨ੍ਹਾਂ ਨੂੰ ਅਨਾਜ ਮੰਡੀ ਖਨੌਰੀ ਤੋਂ ਕਾਬੂ ਕਰ ਲਿਆ ਅਤੇ ਇਨ੍ਹਾਂ 'ਤੇ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਦੋਸ਼ੀਆਂ ਨੇ ਪੰਜਾਬ ਅਤੇ ਹਰਿਆਣਾ ਦੋਹਾਂ ਰਾਜਾਂ ਵਿਚ 20 ਤੋਂ 25 ਵਾਰਦਾਤਾਂ ਕੀਤੀਆਂ ਮੰਨੀਆਂ ਹਨ ਅਤੇ ਅਜੇ ਹੋਰ ਜਾਂਚ ਜਾਰੀ ਹੈ।


author

Gurminder Singh

Content Editor

Related News