ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ

Monday, Dec 06, 2021 - 10:25 PM (IST)

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਦੇ ਚੱਲਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਰਗਰਮੀ ਵਧਾ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਚੰਡੀਗੜ੍ਹ ਦੇ 9 ਸੈਕਟਰ ਵਿਚ ਆਪਣੀ ਨਵੀਂ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦਫ਼ਤਰ 24 ਘੰਟੇ ਖੁੱਲ੍ਹਾ ਰਹੇਗਾ। ਲੋਕਾਂ ਨਾਲ ਰਾਬਤਾ ਕਰਨ ਲਈ ਬਕਾਇਦਾ ਪਹਿਲਾਂ ਹੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਹੁਣ ਜ਼ਿਲ੍ਹਾ ਪੱਧਰੀ ਗਰੁੱਪ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਗਲੱਬਾਤ ਚੱਲ ਰਹੀ ਹੈ। ਚੋਣਾਂ ਨੂੰ ਲੈ ਕੇ ਕਿਸੇ ਦੇ ਮਨ ਵਿਚ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਅਸੀਂ ਉਨ੍ਹਾਂ ਨੂੰ ਹੀ ਟਿਕਟ ਦੇਵਾਂਗੇ ਜਿਨ੍ਹਾਂ ਨੂੰ ਤਜ਼ਰਬਾ ਹੋਵੇਗਾ। ਮੁੱਖ ਮੰਤਰੀ ਚਿਹਰੇ ’ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਇਸ ਦਾ ਫ਼ੈਸਲਾ ਤਿੰਨੇ ਪਾਰਟੀਆਂ ਇਕੱਠਿਆਂ ਬੈਠ ਕੇ ਲੈਣਗੀਆਂ, ਉਹ ਇਕੱਲੇ ਇਸ ’ਤੇ ਕੁੱਝ ਨਹੀਂ ਆਖ ਸਕਦੇ।

ਇਹ ਵੀ ਪੜ੍ਹੋ : ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਕੈਪਟਨ ਅਮਰਿੰਦਰ ਸਿੰਘ ਤਨਖਾਹੀਆ ਕਰਾਰ

ਚੰਨੀ ਸਰਕਾਰ ਦੇ ਇਸ਼ਤਿਹਾਰਾਂ ’ਤੇ ਹਾਸਾ ਆਉਂਦਾ
ਚੰਨੀ ਸਰਕਾਰ ਦੇ ਇਸ਼ਤਿਹਾਰਾਂ ’ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਐਲਾਨ ਕਰ ਰਹੇ ਹਨ ਜਦਕਿ ਥੋੜ੍ਹੇ ਸਮੇਂ ਬਾਅਦ ਹੀ ਚੋਣ ਜ਼ਾਬਤਾ ਲੱਗ ਜਾਵੇਗਾ। ਇਸ ਲਈ ਮੈਨੂੰ ਪੰਜਾਬ ਸਰਕਾਰ ਦੇ ਇਸ਼ਤਿਹਾਰਾਂ ’ਤੇ ਹਾਸਾ ਆਉਂਦਾ ਹੈ। ਕਾਂਗਰਸ ਸਰਕਾਰ ਹੁਣ ਮਹਿਜ਼ ਡਰਾਮਾ ਬਣ ਕੇ ਰਹਿ ਗਈ ਹੈ। ਜਦਕਿ ਮੈਂ ਆਪਣੇ ਕਾਰਜਕਾਲ ਵਿਚ 92 ਫ਼ੀਸਦੀ ਵਾਅਦੇ ਪੂਰੇ ਕੀਤੇ। ਮੁੱਖ ਮੰਤਰੀ ਰਹਿੰਦਿਆਂ ਮੈਂ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ’ਤੇ ਕਾਰਵਾਈ ਕੀਤੀ ਪਰ ਬਾਕੀ ਕੰਮ ਕਾਨੂੰਨ ਦਾ ਹੈ ਅਤੇ ਉਹ ਜੱਜਾਂ ਦੇ ਕੰਮ ਵਿਚ ਦਖ਼ਲ ਨਹੀਂ ਦੇ ਸਕਦੇ ਹਨ। ਨਵਜੋਤ ਸਿੱਧੂ ਵਲੋਂ ਪਾਕਿਸਤਾਨ ਨਾਲ ਵਪਾਰ ਖੋਲ੍ਹੇ ਜਾਣ ਦੀ ਮੰਗ ’ਤੇ ਕੈਪਟਨ ਨੇ ਕਿਹਾ ਕਿ ਪਾਕਿਸਤਾਨ ਨੂੰ ਪਹਿਲਾਂ ਸਾਡੇ ਜਵਾਨਾਂ ’ਤੇ ਗੋਲੀ ਚਲਾਉਣੀ ਬੰਦ ਕਰਨੀ ਚਾਹੀਦੀ ਹੈ ਫਿਰ ਹੀ ਪਾਕਿਸਤਾਨ ਨਾਲ ਵਪਾਰ ਸ਼ੁਰੂ ਕਰਨ ਬਾਰੇ ਸੋਚਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਕੈਪਟਨ-ਭਾਜਪਾ ਨਾਲ ਗਠਜੋੜ ਨੂੰ ਲੈ ਕੇ ਸੁਖਦੇਵ ਢੀਂਡਸਾ ਨੇ ਆਖੀ ਵੱਡੀ ਗੱਲ

ਅਜੇ ਨਹੀਂ ਦੱਸ ਸਕਦਾ ਕਾਂਗਰਸ ਦੇ ਕਿਹੜੇ ਲੀਡਰ ਮੇਰੇ ਨਾਲ
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅਜੇ ਨਹੀਂ ਦੱਸ ਸਕਦੇ ਹਨ ਕਿ ਕਾਂਗਰਸ ਦੇ ਕਿਹੜੇ ਆਗੂ ਮੇਰੇ ਨਾਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਸੇ ਲੀਡਰ ਨੂੰ ਟਿਕਟ ਦੇਣਗੇ ਜਿਹੜਾ ਤਜ਼ਰਬੇਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀਆਂ ਤਿੰਨੇ ਪਾਰਟੀਆਂ ਇਕ ਮੱਤ ਹਨ ਅਤੇ ਪੰਜਾਬ ਅਸੀਂ ਹੀ ਜਿੱਤਾਂਗੇ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਫੜਿਆ ਲੱਖਾਂ ਦਾ ਸੋਨਾ, ਅਜਿਹੀ ਜਗ੍ਹਾ ਲੁਕਾਇਆ ਕਿ ਉੱਡੇ ਹੋਸ਼

ਤਨਖਾਹੀਆ ਕਰਾਰ ਦਿੱਤੇ ਜਾਣ ’ਤੇ ਕੀ ਬੋਲੇ ਕੈਪਟਨ
ਪੱਤਰਕਾਰਾਂ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਸਰਬੱਤ ਖਾਲਸਾ ਦੌਰਾਨ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਛੇਵੇਂ ਪਾਤਸ਼ਾਹ ਨੇ ਬਣਾਇਆ ਹੈ ਅਤੇ ਇਸ ’ਤੇ ਬਕਾਇਦਾ ਜਥੇਦਾਰ ਲੱਗਾ ਹੋਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕੁੱਝ ਬੋਲ ਸਕਦਾ ਹੈ ਮੰਡ ਬੋਲਣ ਵਾਲਾ ਕੌਣ ਹੁੰਦਾ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਬਗਾਵਤ, ਕੈਪਟਨ ਦੇ ਹੱਕ ’ਚ ਖੜ੍ਹਨ ਵਾਲਿਆਂ ’ਤੇ ਕਾਂਗਰਸ ਦੀ ਵੱਡੀ ਕਾਰਵਾਈ!

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News