ਪੁਰਾਣੀ ਰੰਜਿਸ਼ ਕਾਰਨ ਕੁੱਟਮਾਰ ਕਰ ਕੇ ਕੀਤਾ ਕਤਲ, 4 ਨਾਮਜ਼ਦ

Saturday, Jun 18, 2022 - 06:20 PM (IST)

ਪੁਰਾਣੀ ਰੰਜਿਸ਼ ਕਾਰਨ ਕੁੱਟਮਾਰ ਕਰ ਕੇ ਕੀਤਾ ਕਤਲ, 4 ਨਾਮਜ਼ਦ

ਬਠਿੰਡਾ (ਸੁਖਵਿੰਦਰ) : ਪੁਰਾਣੀ ਰੰਜਿਸ਼ ਕਾਰਨ ਕੁਝ ਵਿਅਕਤੀਆਂ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਕਤਲ ਕਰ ਦਿੱਤਾ। ਥਾਣਾ ਸਦਰ ਦੀ ਪੁਲਸ ਨੇ ਇਸ ਮਾਮਲੇ ’ਚ 4 ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜਸਵੀਰ ਕੌਰ ਪਤਨੀ ਤੇਜਾ ਸਿੰਘ ਵਾਸੀ ਮੁਲਤਾਨੀਆ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ 9 ਜੂਨ ਨੂੰ ਉਸ ਦਾ ਜੀਜਾ ਬਲਕੌਰ ਸਿੰਘ ਘਰੋਂ ਪੈਦਲ ਹੀ ਕਿਤੇ ਗਿਆ ਸੀ ਪਰ ਰਾਤ ਨੂੰ ਘਰ ਨਹੀਂ ਪਰਤਿਆ। ਜਦੋਂ ਉਨ੍ਹਾਂ ਨੇ ਭਾਲ ਕੀਤੀ ਤਾਂ ਉਹ ਜ਼ਖਮੀ ਹਾਲਤ ’ਚ ਗਲੀ ’ਚ ਪਿਆ ਮਿਲਿਆ। ਉਹ ਉਸ ਨੂੰ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਲੈ ਗਏ, ਜਿੱਥੋਂ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਜਸਵੀਰ ਕੌਰ ਨੇ ਦੱਸਿਆ ਕਿ ਉਕਤ ਕਤਲ ਨੂੰ ਮੁਲਜ਼ਮ ਹਰਪ੍ਰੀਤ ਸਿੰਘ, ਗੁਰਭਜਨ ਸਿੰਘ, ਧਰਮਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਮੁਲਤਾਨੀਆ ਵੱਲੋਂ ਅੰਜਾਮ ਦਿੱਤਾ ਗਿਆ ਕਿਉਂਕਿ ਮ੍ਰਿਤਕ ਬਲਕੌਰ ਸਿੰਘ ਦੀ ਮੁਲਜ਼ਮਾਂ ਨਾਲ ਪੁਰਾਣੀ ਦੁਸ਼ਮਣੀ ਸੀ। ਇਸੇ ਰੰਜਿਸ਼ ਕਾਰਨ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News