ਆਸ਼ੂ ਵੱਲੋਂ ਖੁਰਾਕ ਤੇ ਸਿਵਲ ਸਪਲਾਈ ਕਰਮਚਾਰੀਆਂ ਦੀਆਂ ਡਿਊਟੀਆਂ ਸਬੰਧੀ ਰੋਸਟਰ ਬਣਾਉਣ ਦੇ ਹੁਕਮ
Friday, Oct 08, 2021 - 06:51 PM (IST)

ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਮੂਹ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰਾਂ ਨੂੰ ਹਦਾਇਤ ਜਾਰੀ ਕੀਤੀ ਕਿ ਉਹ ਉੱਡਣ ਦਸਤਿਆਂ ’ਚ ਸ਼ਾਮਲ ਖੁਰਾਕ ਅਤੇ ਸਿਵਲ ਸਪਲਾਈ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ ਸਬੰਧੀ ਰੋਸਟਰ ਬਣਾਉਣ। ਆਸ਼ੂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਇਹ ਯਕੀਨੀ ਬਣਾਉਣ ਕਿ ਦੂਜੇ ਸੂਬਿਆਂ ਤੋਂ ਰੀਸਾਈਕਲਿੰਗ ਅਤੇ ਬੋਗਸ ਬਿਲਿੰਗ ਲਈ ਲਿਆਂਦੇ ਜਾ ਰਹੇ ਝੋਨੇ ਅਤੇ ਚੌਲ ਨੂੰ ਰੋਕਣ ਲਈ ਗਠਿਤ ਕੀਤੀਆਂ ਗਈਆਂ ਟੀਮਾਂ ’ਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦਾ ਇਕ ਪ੍ਰਤੀਨਿਧੀ 24 ਘੰਟੇ ਸਾਰੇ ਨਾਕਿਆਂ ’ਤੇ ਜ਼ਰੂਰ ਤਾਇਨਾਤ ਰਹੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਮੰਤਰੀਆਂ ਸਮੇਤ ਪਹੁੰਚੇ ਲਖੀਮਪੁਰ ਖੀਰੀ, ਪੀੜਤ ਕਿਸਾਨ ਪਰਿਵਾਰਾਂ ਨਾਲ ਵੰਡਾਇਆ ਦੁੱਖ
ਉਨ੍ਹਾਂ ਅਧਿਕਾਰੀਆਂ ਨੂੰ ਰੋਸਟਰ ਬਣਾਉਣ ਦੀ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਇਨ੍ਹਾਂ ਨਾਕਿਆਂ ’ਤੇ ਤਾਇਨਾਤ ਰਹਿਣ ਤਾਂ ਜੋ ਪੰਜਾਬ ਪੁਲਸ ਦੀ ਸਹਾਇਤਾ ਕੀਤੀ ਜਾ ਸਕੇ। ਆਸ਼ੂ ਨੇ ਉੱਡਣ ਦਸਤਿਆਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਆਸ ਪ੍ਰਗਟਾਈ ਕਿ ਘੱਟੋ-ਘੱਟ 31 ਦਸੰਬਰ, 2021 ਤੱਕ ਇਹ ਉੱਡਣ ਦਸਤੇ ਪੂਰੀ ਲਗਨ ਅਤੇ ਈਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ।