ਆਸ਼ਾ ਵਰਕਰਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਸਮੇਤ ਤਨਖਾਹ ਵੀ ਦਿੱਤੀ ਜਾਵੇ : ਬੈਂਸ

Sunday, May 03, 2020 - 01:38 AM (IST)

ਆਸ਼ਾ ਵਰਕਰਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਸਮੇਤ ਤਨਖਾਹ ਵੀ ਦਿੱਤੀ ਜਾਵੇ : ਬੈਂਸ

ਚੰਡੀਗੜ੍ਹ,(ਰਮਨਜੀਤ)-'ਲੋਕ ਇਨਸਾਫ' ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਕੋਰੋਨਾ ਬਿਮਾਰੀ ਨਾਲ ਲੜ ਰਹੇ ਨਰਸਿੰਗ ਸਟਾਫ਼ ਅਤੇ ਆਸ਼ਾ ਵਰਕਰਾਂ ਨੂੰ ਮਾਸਕ, ਸੈਨੇਟਾਈਜ਼ਰ, ਦਸਤਾਨੇ ਆਦਿ ਲੋੜੀਂਦੀ ਮਾਤਰਾ 'ਚ ਦਿੱਤੇ ਜਾਣ ਅਤੇ ਆਸ਼ਾ ਵਰਕਰਾਂ ਨੂੰ ਤਨਖਾਹ ਵੀ ਦਿੱਤੀ ਜਾਵੇ। ਇਹ ਮੰਗ ਅੱਜ ਵਿਧਾਇਕ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖ ਕੇ ਕੀਤੀ ਹੈ।

ਵਿਧਾਇਕ ਬੈਂਸ ਨੇ ਕਿਹਾ ਕਿ ਕੋਰੋਨਾ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਦੇਖ-ਰੇਖ ਅਤੇ ਸੰਭਾਲ ਲਈ ਜਿੱਥੇ ਨਰਸਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਨੂੰ ਮਾਸਕ, ਸੈਨੇਟਾਈਜ਼ਰ ਅਤੇ ਦਸਤਾਨੇ ਆਦਿ ਨਹੀਂ ਦਿੱਤੇ ਜਾ ਰਹੇ, ਉੱਥੇ ਹੀ ਦੂਜੇ ਪਾਸੇ ਆਸ਼ਾ ਵਰਕਰਾਂ ਨੂੰ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ। ਕਰੋਨਾ ਵਰਗੀ ਮਹਾਮਾਰੀ ਦੌਰਾਨ ਆਸ਼ਾ ਵਰਕਰਾਂ ਨੂੰ ਵੀ ਮਾਸਕ, ਸੈਨੇਟਾਈਜ਼ਰ ਅਤੇ ਦਸਤਾਨਿਆਂ ਤੋਂ ਬਿਨਾਂ ਹੀ ਸਰਵੇ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਾ ਰਹੀ ਅਤੇ ਹਰੇਕ ਆਸ਼ਾ ਵਰਕਰ ਨੂੰ ਦਿਨ 'ਚ 25 ਘਰਾਂ ਦਾ ਸਰਵੇ ਕਰਨ ਲਈ ਪਾਬੰਦ ਕੀਤਾ ਗਿਆ ਹੈ। ਹਰ ਘਰ ਦਾ ਸਰਵੇ ਕਰਨ ਲਈ ਆਸ਼ਾ ਵਰਕਰਾਂ ਨੂੰ ਸਿਰਫ਼ ਤੇ ਸਿਰਫ਼ 1 ਰੁਪਿਆ 25 ਪੈਸੇ ( ਕੁੱਲ 33 ਰੁਪਏ ਦਿਹਾੜੀ) ਦਿੱਤੀ ਜਾ ਰਹੀ ਹੈ, ਜੋ ਕਿ ਬਹੁਤ ਹੀ ਘੱਟ ਹੈ। ਦੂਜੇ ਪਾਸੇ ਇਸ ਮਹਾਮਾਰੀ ਦੌਰਾਨ ਮੋਟੀਆਂ ਤਨਖਾਹਾਂ ਲੈਣ ਵਾਲੇ ਡਾਕਟਰ ਸਾਹਿਬਾਨ ਵੀ ਖੁਦ ਮਰੀਜ਼ਾਂ ਕੋਲ ਨਾ ਜਾ ਕੇ ਸਗੋਂ ਨਰਸਿੰਗ ਸਟਾਫ ਤੋਂ ਹੀ ਕੰਮ ਲੈ ਰਹੇ ਹਨ, ਜੋ ਕਿ ਸਰਾਸਰ ਨਰਸਿੰਗ ਸਟਾਫ ਨਾਲ ਧੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਨਰਸਿੰਗ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਦਸਤਾਨੇ ਦੇਣ ਦੇ ਨਾਲ-ਨਾਲ ਆਸ਼ਾ ਵਰਕਰਾਂ ਨੂੰ ਤਨਖਾਹ ਦੇ ਨਾਲ-ਨਾਲ ਹੋਰ ਲਾਭ ਵੀ ਦਿੱਤੇ ਜਾਣ, ਤਾਂ ਜੋ ਉਹ ਪੂਰੀ ਮੁਸਤੈਦੀ ਨਾਲ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆਏ ਮਰੀਜ਼ਾਂ ਦਾ ਇਲਾਜ ਕਰ ਸਕਣ।


author

Deepak Kumar

Content Editor

Related News