ਕੇਜਰੀਵਾਲ ਨੇ ਸ਼ੁੱਭ ਲਗਨ ''ਚ ਚੁੱਕੀ ਸੀ. ਐੱਮ. ਅਹੁਦੇ ਦੀ ਸਹੁੰ
Monday, Feb 17, 2020 - 02:24 PM (IST)
ਜਲੰਧਰ (ਨਰੇਸ਼) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋ ਐਤਵਾਰ ਦਾ ਦਿਨ ਸਹੁੰ ਚੁੱਕਣ ਲਈ ਚੁਣਿਆ ਗਿਆ। ਇਹ ਸਮਾਂ ਜੋਤਿਸ਼ ਦੇ ਲਿਹਾਜ ਨਾਲ ਸ਼ੁੱਭ ਹੈ ਅਤੇ ਉਨ੍ਹਾਂ ਸਹੁੰ ਸ਼ੁੱਭ ਲਗਨ 'ਚ ਚੁੱਕੀ ਹੈ। ਅਰਵਿੰਦ ਕੇਜਰੀਵਾਲ ਨੇ ਐਤਵਾਰ ਦੁਪਹਿਰ 12.15 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਜਿਸ ਸਮੇਂ ਕੇਜਰੀਵਾਲ ਸਹੁੰ ਚੁੱਕ ਰਹੇ ਸਨ, ਉਸ ਸਮੇਂ ਬ੍ਰਿਸ਼ਚਕ ਰਾਸ਼ੀ ਉਦੇ ਹੋ ਰਹੀ ਸੀ ਅਤੇ ਸਹੁੰ ਚੁੱਕ ਕੁੰਡਲੀ ਬ੍ਰਿਸ਼ਚਕ ਰਾਸ਼ੀ ਦੀ ਹੀ ਬਣੀ ਸੀ। ਕੁੰਡਲੀ 'ਚ ਲਗਨ ਦਾ ਸਵਾਮੀ ਸ਼ੁੱਕਰ ਉੱਜ ਰਾਸ਼ੀ 'ਚ 11ਵੇਂ ਭਾਵ 'ਚ ਬਿਰਾਜਮਾਨ ਸੀ ਅਤੇ ਇਹ ਜੋਤਿਸ਼ ਦੇ ਲਿਹਾਜ ਨਾਲ ਕਾਫੀ ਸ਼ੁੱਭ ਸਥਿਤੀ ਸੀ। ਬ੍ਰਿਸ਼ਚਕ ਲਗਨ ਸਥਿਰ ਲਗਨ ਮੰਨਿਆ ਜਾਂਦਾ ਹੈ।
ਸਹੁੰ ਚੁੱਕ ਕੁੰਡਲੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਲਗਨ ਦੇ ਸਥਿਰ ਹੋਣ ਦੇ ਨਾਲ-ਨਾਲ ਚੰਦਰਮਾ (ਬ੍ਰਿਸ਼ਚਕ) 'ਚ ਅਤੇ ਸੂਰਜ (ਕੁੰਭ 'ਚ) ਵੀ ਸਥਿਰ ਰਾਸ਼ੀ 'ਚ ਹਨ।
ਕੇਜਰੀਵਾਲ ਨੇ ਸਹੁੰ ਸ਼ਨੀ ਦੇ ਨਕਸ਼ੱਤਰ ਅਨੁਰਾਧਾ 'ਚ ਚੁੱਕੀ ਸੀ ਅਤੇ ਸ਼ਨੀ ਸਹੁੰ ਚੁੱਕ ਕੁੰਡਲੀ 'ਚ ਇਕ ਕੇਂਦਰ ਅਤੇ ਇਕ ਤਿਕੋਣ ਦਾ ਮਾਲਕ ਹੋ ਕੇ ਯੋਗਾਕਾਰਕ ਗ੍ਰਹਿ ਦੀ ਭੂਮਿਕਾ ਨਿਭਾਅ ਰਿਹਾ ਸੀ। ਕੁੰਡਲੀ 'ਚ ਸੂਰਜ ਅਤੇ ਬੁੱਧ ਦਸਵੇਂ ਭਾਵ 'ਚ ਬਿਰਾਜਮਾਨ ਹੈ। ਕਰਮਭਾਵ 'ਚ ਬੁੱਧ ਆਦਿੱਤਿਆ ਰਾਜਯੋਗ ਦਾ ਨਿਰਮਾਣ ਕਰ ਰਹੇ ਹਨ।
ਸੂਰਜ ਦਸਵੇਂ ਭਾਵ 'ਚ ਪੂਰੀ ਤਰ੍ਹਾਂ ਮਜ਼ਬੂਤ ਹੁੰਦਾ ਅਤੇ 7ਵੀਂ ਦ੍ਰਿਸ਼ਟੀ ਨਾਲ ਆਪਣੇ ਚੌਥੇ ਭਾਵ ਨੂੰ ਦੇਖ ਰਿਹਾ ਹੈ। ਰਾਜਨੀਤੀ 'ਚ ਚੌਥਾ ਭਾਵ ਜਨਤਾ ਦਾ ਭਾਵ ਹੁੰਦਾ ਹੈ ਅਤੇ ਭਾਵ ਸਵਾਮੀ ਦੀ ਆਪਣੇ ਭਾਵ 'ਤੇ ਦ੍ਰਿਸ਼ਟੀ ਵੀ ਜੋਤਿਸ਼ ਦੇ ਲਿਹਾਜ ਨਾਲ ਕਾਫੀ ਸ਼ੁੱਭ ਹੈ। ਹਾਲਾਂਕਿ ਕੁੰਡਲੀ 'ਚ ਗੁਰੂ ਅਤੇ ਮੰਗਲ ਦਾ 9ਵੇਂ ਭਾਵ 'ਚ ਕੇਤੂ ਦੇ ਨਾਲ ਚਲੇ ਜਾਣਾ ਬਹੁਤ ਜ਼ਿਆਦਾ ਚੰਗਾ ਨਹੀਂ ਹੈ ਪਰ ਇਸ ਦੇ ਬਾਵਜੂਦ ਸਹੁੰ ਚੁੱਕ ਕੁੰਡਲੀ ਦੇ ਹੋਰ ਗ੍ਰਹਿ ਕੁੰਡਲੀ ਨੂੰ ਮਜ਼ਬੂਤੀ ਦੇ ਰਹੇ ਹਨ।
ਕੇਜਰੀਵਾਲ ਦੀ ਕੁੰਡਲੀ ਵੀ ਸ਼ਨੀ ਯੋਗਾਕਾਰਕ
15 ਅਤੇ 16 ਅਗਸਤ ਦੀ ਦਰਮਿਆਨੀ ਰਾਤ ਨੂੰ ਸਾਲ 1968 'ਚ ਸਿਵਾਨ (ਹਰਿਆਣਾ) 'ਚ ਪੈਦਾ ਹੋਏ ਅਰਵਿੰਦ ਕੇਜਰੀਵਾਲ ਦੀ ਜਨਮ ਕੁੰਡਲੀ ਬ੍ਰਿਸ਼ਕ ਲਗਨ ਦੀ ਹੈ ਅਤੇ ਸ਼ਨੀ ਇਨ੍ਹਾਂ ਦੀ ਕੁੰਡਲੀ 'ਚ ਯੋਗਾਕਾਰਕ ਗ੍ਰਹਿ ਦੀ ਭੂਮਿਕਾ 'ਚ ਹੈ। ਕੇਜਰੀਵਾਲ ਦਾ ਜਨਮ ਵੀ ਸ਼ੁੱਕਰ ਦੇ ਭਰਣੀ ਨਕਸ਼ੱਤਰ 'ਚ ਹੋਇਆ ਅਤੇ ਸਹੁੰ ਚੁੱਕਣ ਲਈ ਬਣੀ ਕੁੰਡਲੀ 'ਚ ਲਗਨ ਦੇ ਮਾਲਕ ਵੀ ਸ਼ੁੱਕਰ ਹਨ। ਕੇਜਰੀਵਾਲ ਦੀ ਕੁੰਡਲੀ 'ਚ ਚੌਥੇ ਭਾਵ 'ਚ ਬੁੱਧ ਅਤੇ ਸ਼ੁੱਕਰ ਕੇਂਦਰ ਤ੍ਰਿਕੋਣ ਰਾਜਯੋਗ ਦਾ ਨਿਰਮਾਣ ਕਰ ਰਹੇ ਹਨ। ਕੇਜਰੀਵਾਲ ਇਸ ਸਮੇਂ ਗੁਰੂ ਦੀ ਮਹਾਦਸ਼ਾ ਦੇ ਮੱਧ ਸ਼ੁੱਕਰ ਦੀ ਅੰਤਰਦਸ਼ਾ ਤੋਂ ਲੰਘ ਰਹੇ ਹਨ। ਰਾਜਯੋਗ ਕਾਰਕ ਗ੍ਰਹਿਆਂ ਦੀ ਮਹਾਦਸ਼ਾ ਅਤੇ ਅੰਤਰਦਸ਼ਾ ਕਾਰਣ ਹੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ 'ਚ ਦੁਬਾਰਾ ਸੱਤਾ ਹਾਸਲ ਹੋਈ।