ਅਰਵਿੰਦ ਕੇਜਰੀਵਾਲ ਨੇ ਆਪ ਵਰਕਰਾਂ ਨੂੰ ਨਸ਼ਿਆਂ ਖ਼ਿਲਾਫ਼ ਜੰਗ ਲਈ ਚੁਕਾਈ ਸਹੁੰ

Tuesday, Apr 01, 2025 - 05:41 PM (IST)

ਅਰਵਿੰਦ ਕੇਜਰੀਵਾਲ ਨੇ ਆਪ ਵਰਕਰਾਂ ਨੂੰ ਨਸ਼ਿਆਂ ਖ਼ਿਲਾਫ਼ ਜੰਗ ਲਈ ਚੁਕਾਈ ਸਹੁੰ

ਲੁਧਿਆਣਾ- ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਹੋਟਲ ਵਿਖੇ ਆਮ ਆਦਮੀ ਪਾਰਟੀ ਦਾ ਕਾਰਜਕਾਰਨੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਕੋਈ ਰਾਜਨੀਤੀ ਦੀ ਗੱਲ ਨਹੀਂ ਸਗੋਂ ਇਕ ਮਿਸ਼ਨ ਲਈ ਇਕੱਠੇ ਹੋਏ ਹਾਂ ਜਿਸ ਵਿਚ ਪੰਜਾਬ 'ਚ ਨਸ਼ੇ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਲੋਕਾਂ ਕੋਲ ਜਜ਼ਬਾ ਹੈ ਜੋ ਵੀ ਕਰਨਾ ਚਾਹੁੰਦੇ ਹਨ ਕਰ ਸਕਦੇ ਹਨ। ਇਸ ਵਾਸਤੇ ਵੀ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਫਿਰ ਪੰਜਾਬ 'ਚੋਂ ਨਸ਼ਾ ਖ਼ਤਮ ਕਰਨ ਲਈ ਕੋਈ ਨਹੀਂ ਰੋਕ ਸਕਦਾ।

ਕੇਜਰੀਵਾਲ ਨੇ ਕਿਹਾ ਕਿ ਪਿਛਲੇ ਇਕ ਮਹੀਨੇ 'ਚ ਪੰਜਾਬ 'ਚ ਜੋ ਕੁਝ ਹੋਇਆ ਹੈ ਉਹ 75 ਸਾਲ 'ਚ ਨਹੀਂ ਹੋਇਆ। ਉਨ੍ਹਾਂ ਕਿਹਾ ਜੋ ਕੰਮ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਇਕ ਮਹੀਨੇ ਅੰਦਰ ਕੀਤਾ ਹੈ ਉਹ ਦੇਸ਼ ਦੇ ਕਿਸੇ ਵੀ ਸੂਬੇ 'ਚ ਨਹੀਂ ਹੋਇਆ। ਉਨ੍ਹਾਂ ਕਿਹਾ ਸਿਰਫ਼ ਇਕ ਮਹੀਨੇ ਅੰਦਰ ਪੰਜਾਬ 'ਚ ਹਜ਼ਾਰਾਂ ਦੀ ਗਿਣਤੀ 'ਚ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਜਿਨ੍ਹਾਂ ਨਸ਼ਾ ਤਸਕਰਾਂ ਕੋਲੋਂ ਲੋਕ ਡਰਦੇ ਸੀ ਉਨ੍ਹਾਂ 'ਤੇ ਕਾਰਵਾਈ ਕਰਦਿਆਂ ਬਲਡੋਜ਼ਰ ਨਾਲ ਘਰ ਢਾਹੇ ਗਏ ਹਨ। ਉਨ੍ਹਾਂ ਕਿਹਾ ਇਸ ਕੰਮ ਤੋਂ ਲੋਕਾਂ ਲਈ ਸੰਦੇਸ਼ ਸਾਫ਼ ਹੈ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦਿਓ ਜਾਂ ਤਾਂ ਪੰਜਾਬ ਛੱਡ ਕੇ ਚੱਲ ਜਾਓ ਨਹੀਂ ਤਾਂ ਜਿਊਂਦੇ ਨਹੀਂ ਬਚੋਗੇ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਇਸ ਪਿੰਡ ਦੀ ਪੰਚਾਇਤ ਦੇ ਸਖ਼ਤ ਫਰਮਾਨ ਜਾਰੀ, ਲਵ ਮੈਰਿਜ ਕਰਵਾਉਣ ਵਾਲਿਆਂ ਲਈ ਮਤਾ ਪਾਸ

ਉਨ੍ਹਾਂ ਕਿਹਾ ਪਹਿਲਾਂ ਪੰਜਾਬ ਨੰਬਰ ਇਕ 'ਤੇ ਹੁੰਦਾ ਸੀ ਪਰ ਅੱਜ ਪੰਜਾਬ ਨੰਬਰ 18 'ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਹਰ ਕੋਈ ਜਾਣਦਾ ਹੈ ਪੰਜਾਬ 'ਚ ਨਸ਼ਾ ਕੌਣ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਹ ਸਰਕਾਰ ਨਾ ਤਾਂ ਕਿਸੇ ਕੋਲ ਡਰਦੀ ਹੈ ਅਤੇ ਨਾ ਹੀ ਵਿਕਦੀ ਹੈ। ਇਹ ਈਮਾਨਦਾਰ ਪਾਰਟੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜੇਕਰ ਕਿਸੇ ਗਲੀ, ਮਹੁੱਲੇ ਵਿਚ ਨਸ਼ਾ ਵਿਕਦਾ ਹੈ ਤਾਂ ਉਸ ਨੂੰ ਵੇਚਣ ਨਾ ਦਿਓ। ਲੋਕਾਂ ਨੂੰ ਤਸਕਰਾਂ ਕੋਲੋਂ ਡਰਨ ਦੀ ਲੌੜ ਨਹੀਂ ਤੁਹਾਡੇ ਸਾਥ ਪੁਲਸ ਅਤੇ ਸਰਕਾਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ ਹਰ ਪਿੰਡਾਂ 'ਚ ਚੈਕਿੰਗ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਸੀ ਜਿਸ 'ਚ ਹਰ ਮੰਤਰੀ, ਵਿਧਾਇਕ, ਡੀ. ਸੀ. ਨੂੰ ਜਾਣ ਲਈ ਕਿਹਾ ਗਿਆ ਸੀ ਪਰ ਕਿਸਾਨ ਕਣਕ ਦੀ ਵਾਢੀ ਨੂੰ ਲੈ ਕੇ  ਵਿਅਸਥ ਹਨ ਇਸ ਲਈ ਇਹ ਮੁਹਿੰਮ ਇਕ ਮਹੀਨੇ ਅੱਗੇ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦਾ ਗਨਮੈਨ ਪੰਜਾਬ ਪੁਲਸ ਲੈ ਗਈ ਰਿਮਾਂਡ 'ਤੇ, ਹੋ ਸਕਦੈ ਵੱਡਾ ਖੁਲਾਸਾ

ਇਸ ਦੌਰਾਨ ਕੇਜਰੀਵਾਲ ਨੇ ਆਪ ਵਰਕਰਾਂ ਨੂੰ ਨਸ਼ਿਆਂ ਦੇ ਖ਼ਿਲਾਫ ਨਿਰਨਾਇਕ ਜੰਗ ਲਈ ਸਹੁੰ ਚੁਕਾਈ। ਜਿਸ 'ਚ ਉਨ੍ਹਾਂ ਕਿਹਾ ਕਿ ''ਮੈਂ ਪੰਜਾਬ ਦੀ ਪਵਿੱਤਰ ਧਰਤੀ ਦਾ ਸੱਚਾ ਬੇਟਾ ਹਾਂ, ਮੈਂ ਆਮ ਆਦਮੀ ਪਾਰਟੀ ਦਾ ਸੱਚਾ ਵਰਕਰ ਹਾਂ। ਅੱਜ ਪੰਜਾਬ ਦੀ ਮਿੱਟੀ ਦੀ ਸਹੁੰ ਖਾਂਦਾ ਹਾਂ ਕਿ ਮੈਂ ਖੁਦ ਕਦੇ ਵੀ ਦਾ ਨਸ਼ਾ ਨਹੀਂ ਕਰਾਂਗਾ, ਮੈਂ ਆਪਣੇ ਦੋਸਤਾਂ ਪਰਿਵਾਰ ਅਤੇ ਸਮਾਜ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ, ਮੈਂ ਜਿੱਥੇ ਵੀ ਨਸ਼ਾ ਵਿਕਦਾ ਦੇਖਾਂਗਾ ਉਸ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦੇਵਾਂਗਾ। ਇਸ ਕੰਮ ਨੂੰ ਕਰਨ ਲੱਗਿਆ ਮੈਂ ਕਿਸੇ ਤਰ੍ਹਾਂ ਦਾ ਡਰ ਆਪਣੇ ਮਨ ਵਿੱਚ ਨਹੀਂ ਆਉਣ ਦੇਵਾਂਗਾ ਕਿਉਂਕਿ ਇਸ ਲੜਾਈ ਵਿੱਚ ਰੱਬ ਮੇਰੇ ਨਾਲ ਹੈ, ਮੈਂ ਨਸ਼ਾ ਨਹੀਂ ਸਿੱਖਿਆ ਨੂੰ ਚੁਣਾਂਗਾ, ਮੈਂ ਬਰਬਾਦੀ ਨਹੀਂ ਤਰੱਕੀ ਚੁਣਾਂਗਾ, ਮੈਂ ਚੁੱਪ ਹੀ ਨਹੀਂ ਕ੍ਰਾਂਤੀ ਚੁਣਾਂਗਾ, ਮੈਂ ਆਮ ਆਦਮੀ ਪਾਰਟੀ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਸਹੁੰ ਖਾਂਦਾ ਹਾਂ ਕਿ ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ ਚੈਨ ਨਾਲ ਨਹੀਂ ਬੈਠਾਂਗਾ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News