ਫੈਕਟਰੀ ''ਚੋਂ ਨਕਲੀ ਰੰਗ ਤੇ ਵਾਲਪੁੱਟੀ ਬਰਾਮਦ : 1 ਗ੍ਰਿਫ਼ਤਾਰ
Thursday, Sep 14, 2017 - 01:28 AM (IST)
ਦਸੂਹਾ, (ਝਾਵਰ)- ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ. ਏਲੀਚੇਲਿਅਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਸੂਹਾ ਪੁਲਸ ਨੇ ਹਰਦੋਥਲਾ-ਚੰਡੀਦਾਸ ਰੋਡ 'ਤੇ ਸਥਿਤ ਰੰਗ-ਰੋਗਨ ਤੇ ਵਾਲਪੁੱਟੀ ਬਣਾਉਣ ਵਾਲੀ ਇਕ ਨਕਲੀ ਫੈਕਟਰੀ 'ਚੋਂ ਭਾਰੀ ਮਾਤਰਾ 'ਚ ਏਸ਼ੀਅਨ ਪੇਂਟ ਤੇ ਬਿਰਲਾ ਵ੍ਹਾਈਟ ਕੰਪਨੀ ਦੀਆਂ ਨਕਲੀ ਵਾਲਪੁੱਟੀ ਤੇ ਰੰਗ ਦੀਆਂ ਬਾਲਟੀਆਂ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਦਸੂਹਾ ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਕ ਰੰਗ-ਰੋਗਨ ਦਾ ਦੁਕਾਨਦਾਰ ਬਖਸ਼ੀਸ਼ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਵਾਰਡ ਨੰ. 7 ਅਰਜਨ ਕਾਲੋਨੀ ਦਸੂਹਾ ਇਕ ਰੰਗ-ਰੋਗਨ ਦੀ ਨਾਜਾਇਜ਼ ਫੈਕਟਰੀ ਨਜ਼ਦੀਕ ਚੰਡੀਦਾਸ ਵਿਖੇ ਚਲਾ ਰਿਹਾ ਸੀ। ਪਿਛਲੇ 2 ਹਫਤਿਆਂ ਤੋਂ ਮਿਲੀਆਂ ਗੁਪਤ ਸੂਚਨਾਵਾਂ ਦੇ ਆਧਾਰ 'ਤੇ ਖੁਫੀਆ ਤੌਰ 'ਤੇ ਪੁਲਸ ਮੁਲਾਜ਼ਮ ਇਸ ਇਲਾਕੇ 'ਚ ਲਾ ਦਿੱਤੇ ਗਏ ਸਨ। ਥਾਣਾ ਮੁਖੀ ਪਲਵਿੰਦਰ ਸਿੰਘ ਤੇ ਐਡੀਸ਼ਨਲ ਥਾਣਾ ਮੁਖੀ ਅਸ਼ਵਨੀ ਕੁਮਾਰ, ਹਵਾਲਦਾਰ ਸੁਨੀਲ ਕੁਮਾਰ ਤੇ ਹੋਰ ਪੁਲਸ ਮੁਲਾਜ਼ਮਾਂ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ 'ਤੇ ਕੁਝ ਵਰਕਰ ਨਕਲੀ ਰੰਗ ਤੇ ਵਾਲਪੁੱਟੀ, ਏਸ਼ੀਅਨ ਪੇਂਟਸ ਕੰਪਨੀ ਦੀਆਂ ਬਾਲਟੀਆਂ ਤੇ ਬਿਰਲਾ ਵ੍ਹਾਈਟ ਵਾਲਪੁੱਟੀ ਦੀਆਂ ਬੋਰੀਆਂ ਤਿਆਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਏਸ਼ੀਅਨ ਪੇਂਟਸ ਦੇ ਲੀਕੁਇਡ ਰੰਗ ਦੀਆਂ 14 ਭਰੀਆਂ 20-20 ਕਿਲੋ ਦੀਆਂ ਬਾਲਟੀਆਂ, 50 ਬਾਲਟੀਆਂ ਨਕਲੀ ਰੰਗ ਦੀਆਂ, ਖਾਲੀ ਬਾਲਟੀਆਂ ਜਿਨ੍ਹਾਂ 'ਤੇ ਏਸ਼ੀਅਨ ਪੇਂਟਸ ਦਾ ਮਾਰਕਾ ਲੱਗਿਆ ਹੋਇਆ ਸੀ ਤੇ 22 ਬੋਰੇ ਬਿਰਲਾ ਵ੍ਹਾਈਟ, ਨਕਲੀ ਵਾਲਪੁੱਟੀ 20-20 ਕਿਲੋ ਤੇ 40-40 ਕਿਲੋ ਦੇ ਬੋਰੇ ਬਰਾਮਦ ਕੀਤੇ। ਇਸ ਤੋਂ ਇਲਾਵਾ 70 ਬੋਰੇ ਖਾਲੀ ਬਿਰਲਾ ਵ੍ਹਾਈਟ ਦੇ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਹ ਨਕਲੀ ਰੰਗ ਤੇ ਵਾਲਪੁੱਟੀ, ਕੈਮੀਕਲ ਤੇ ਹੋਰ ਚੀਜ਼ਾਂ ਪਾ ਕੇ ਇਸ ਫੈਕਟਰੀ 'ਚ ਹੀ ਤਿਆਰ ਕਰਦੇ ਸਨ।
ਇਸ ਸਬੰਧੀ ਬਕਾਇਦਾ ਫੈਕਟਰੀ ਮਾਲਕ ਬਖਸ਼ੀਸ਼ ਸਿੰਘ ਪੁੱਤਰ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਧਾਰਾ 420 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਗਿਆ ਹੈ, ਜਿਸ ਨੂੰ ਅੱਜ ਦਸੂਹਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਜੱਜ ਨੇ ਉਸ ਦਾ ਇਕ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ ਅਤੇ ਇਸ ਗੋਰਖਧੰਦੇ 'ਚ ਜਿਨ੍ਹਾਂ ਦੀ ਵੀ ਸ਼ਮੂਲੀਅਤ ਹੈ, ਸਬੰਧੀ ਜਾਂਚ ਕੀਤੀ ਜਾ ਰਹੀ ਹੈ।