ਗੁਰਦਾਸਪੁਰ ਹਮਲੇ ''ਤੇ ਡੀ.ਜੀ.ਪੀ. ਨੇ ਕੀਤਾ ਖੁਲਾਸਾ, ਕਈ ਅਹਿਮ ਪਹਿਲੂ ਆਏ ਸਾਹਮਣੇ (ਦੇਖੋ ਤਸਵੀਰਾਂ)

07/28/2015 8:35:31 PM

ਗੁਰਦਾਸਪੁਰ/ਦੀਨਾਨਗਰ (ਵਿਨੋਦ/ਕਪੂਰ) - ਦੀਨਾਨਗਰ ਪੁਲਸ ਸਟੇਸ਼ਨ ਵਿਚ ਪੁਲਸ ਨਾਲ ਮੁਕਾਬਲੇ ਵਿਚ ਮਾਰੇ ਗਏ 3 ਅੱਤਵਾਦੀਆਂ ਨੇ ਜ਼ਿਲਾ ਗੁਰਦਾਸਪੁਰ ਦੀ ਸਰਹੱਦ ਤੋਂ ਹੀ ਰਾਵੀ ਦਰਿਆ ਪਾਰ ਕਰਕੇ ਭਾਰਤ ਵਿਚ ਪ੍ਰਵੇਸ਼ ਕੀਤਾ ਸੀ ਅਤੇ ਰੇਲਵੇ ਲਾਈਨ ''ਤੇ ਜੋ 5 ਬੰਬ ਲਗਾਏ ਗਏ ਸਨ, ਉਨ੍ਹਾਂ ਵਿਚੋਂ ਇਕ-ਇਕ ਕਿਲੋਗ੍ਰਾਮ ਵਿਸਫੋਟਕ ਪਦਾਰਥ ਭਰਿਆ ਹੋਇਆ ਸੀ। ਇਹ ਪ੍ਰਗਟਾਵਾ ਡੀ. ਜੀ. ਪੀ. ਪੰਜਾਬ ਸੁਮੇਧ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੇ ਨਾਲ ਆਈ. ਜੀ. ਬਾਰਡਰ ਰੇਂਜ ਦੇ ਆਈ. ਜੀ. ਈਸ਼ਵਰ ਚੰਦਰ, ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਗੁਰਪ੍ਰੀਤ ਸਿੰਘ ਤੂਰ ਸਮੇਤ ਹੋਰ ਪੁਲਸ ਅਧਿਕਾਰੀ ਵੀ ਸੀ।
ਸੈਣੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਜਾਂਚ ਕਰਨ ''ਤੇ ਉਨ੍ਹਾਂ ਤੋਂ ਬਰਾਮਦ ਜੀ. ਪੀ. ਐੱਸ ਸਿਸਟਮ ਤੋਂ ਪਤਾ ਲੱਗਿਆ ਹੈ ਕਿ ਉਹ ਜ਼ਿਲਾ ਗੁਰਦਾਸਪੁਰ ਜਾਂ ਜ਼ਿਲਾ ਪਠਾਨਕੋਟ ਦੀ ਸਰਹੱਦ ਤੋਂ ਰਾਵੀ ਦਰਿਆ ਅਤੇ ਧੁੱਸੀ ਬੰਨ੍ਹ ਪਾਰ ਕਰਕੇ ਭਾਰਤ ਵਿਚ ਪ੍ਰਵੇਸ਼ ਹੋਏ। ਉਨ੍ਹਾਂ ਪਹਿਲਾਂ ਯੋਜਨਾ ਅਨੁਸਾਰ ਰੇਲਵੇ ਲਾਈਨ ''ਤੇ 5 ਬੰਬ ਫਿੱਟ ਕੀਤੇ ਪਰ ਕੁਨੈਕਸ਼ਨ ਗਲਤ ਜੋੜਨ ਕਾਰਨ ਅਤੇ ਕੁਝ ਲੋਕਾਂ ਦੀ ਸਰਗਰਮੀ ਕਾਰਨ ਇਹ ਬੰਬ ਸਮਾਂ ਰਹਿੰਦੇ ਬਰਾਮਦ ਕਰ ਲਏ ਗਏ। ਇਸ ਤਰ੍ਹਾਂ ਬੰਬ ਫਿਟ ਕਰਨ ਤੋਂ ਬਾਅਦ ਇਹ ਅੱਤਵਾਦੀ ਦੀਨਾਨਗਰ ਸ਼ਹਿਰ ਵਿਚ ਪ੍ਰਵੇਸ਼ ਕਰਨ ਵਿਚ ਸਫ਼ਲ ਹੋ ਗਏ ਅਤੇ ਇਕ ਮਾਰੂਤੀ ਕਾਰ ਨੂੰ ਖੋਹ ਕੇ ਸ਼ਹਿਰ ਵਿਚ ਆਏ ਤੇ ਫਾਇਰਿੰਗ ਕਰਦੇ ਹੋਏ ਦੀਨਾਨਗਰ ਪੁਲਸ ਸਟੇਸ਼ਨ ਵਿਚ ਦਾਖਲ ਹੋ ਗਏ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਸ ਨੂੰ ਪਹਿਲਾਂ ਕੋਈ ਅਲਰਟ ਨਹੀਂ ਮਿਲਿਆ ਸੀ। ਉਨ੍ਹਾਂ ਕਿਹਾ ਕਿ ਜੋ ਕਿਹਾ ਜਾ ਰਿਹਾ ਹੈ ਕਿ ਸ਼ਹੀਦ ਪੁਲਸ ਮੁਖੀ ਡਿਟੈਕਟਿਵ ਬਲਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਕੁਝ ਸ਼ਰਤਾਂ ਪੂਰੀਆਂ ਹੋਣ ਦੇ ਬਾਅਦ ਉਸ ਦਾ ਅੰਤਿਮ ਸੰਸਕਾਰ ਕਰਨ ਦੀ ਗੱਲ ਕੀਤੀ ਹੈ, ਉਹ ਵੀ ਗੁੰਮਰਾਹ ਕਰਨ ਵਾਲੇ ਸਮਾਚਾਰ ਹਨ। ਸ਼ਹੀਦ ਬਲਜੀਤ ਸਿੰਘ ਦੇ ਪਰਿਵਾਰ ਨਾਲ ਪੂਰਾ ਪੰਜਾਬ ਖੜ੍ਹਾ ਹੈ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਕੱਲ ਭਾਰਤ ਆ ਰਹੇ ਹਨ। ਇਸ ਲਈ 29 ਜੁਲਾਈ ਨੂੰ ਬਲਜੀਤ ਸਿੰਘ ਦੀ ਲਾਸ਼ ਕਪੂਰਥਲਾ ਭੇਜੀ ਜਾਵੇਗੀ। ਉਨ੍ਹਾਂ ਥਾਣੇ ''ਚ ਫਟੇ ਬੰਬ ਨੂੰ ਵੀ ਗਲਤ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਤੋਂ ਜੋ ਹਥਿਆਰ ਮਿਲੇ ਹਨ, ਉਨ੍ਹਾਂ ਵਿਚੋਂ ਏ. ਕੇ.-47 ਰਾਈਫਲ-3, ਰਾਕੇਟ ਲਾਂਚਰ-1, ਜਿਉਂਦਾ ਕਾਰਤੂਸ-85, ਹੈਂਡ ਗ੍ਰਨੇਡ-1, ਰਾਕੇਟ-1, ਜੀ. ਪੀ. ਐੱਸ. ਸਿਸਟਮ-2, ਵਾਇਰ ਕਟਰ-1, ਸੈੱਲ-22 ਹੈ। ਜਦਕਿ ਰੇਲਵੇ ਲਾਈਨ ''ਤੇ ਰੱਖੇ ਬੰਬ ਵੀ ਰੇਲਵੇ ਲਾਈਨ ਤੋਂ ਹਟਾ ਲਏ ਗਏ ਹਨ।


Gurminder Singh

Content Editor

Related News