ਭੂਆ ਨੂੰ ਬੰਧਕ ਬਣਾ ਕੇ ਲੁੱਟਣ ਵਾਲਾ 3 ਸਾਥੀਆਂ ਸਮੇਤ ਗ੍ਰਿਫਤਾਰ

04/26/2018 6:15:04 AM

ਜਲੰਧਰ, (ਮ੍ਰਿਦੁਲ)- ਦਿਹਾਤੀ ਪੁਲਸ ਨੇ ਭੂਆ ਨੂੰ ਬੰਧਕ ਬਣਾ ਕੇ ਲੁੱਟਣ ਵਾਲੇ ਮੁਲਜ਼ਮਾਂ ਸਮੇਤ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ 'ਚ ਲੁਧਿਆਣਾ ਵਾਸੀ ਸੰਦੀਪ ਕੁਮਾਰ ਗਿੱਲ, ਸ਼ਾਹਪੁਰ ਦਾ ਓਮ ਪ੍ਰਕਾਸ਼, ਜੋਗਿੰਦਰ ਨਗਰ ਦਾ ਸ਼ੰਮੀ, ਗਰੀਨ ਪਾਰਕ ਦਾ ਪਰਮਿੰਦਰ ਸਿੰਘ ਸ਼ਾਮਲ ਹਨ, ਜਿਨ੍ਹਾਂ ਨੂੰ ਫੜਨ ਲਈ ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਨੇ ਆਪਰੇਸ਼ਨ ਚਲਾਇਆ
ਐੱਸ. ਐੱਸ. ਪੀ. ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਐੱਸ. ਪੀ. ਬਲਕਾਰ ਸਿੰਘ ਨੂੰ ਇਨਪੁੱਟ ਮਿਲੀ ਸੀ ਜਿਸ ਦੇ ਆਧਾਰ 'ਤੇ ਉਨ੍ਹਾਂ ਨੂੰ ਡਰੋਲੀ ਕਲਾਂ ਕੋਲੋਂ ਟਰੈਪ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਨੇ ਆਦਮਪੁਰ ਦੇ ਗਰੀਨ ਪਾਰਕ ਕਾਲੋਨੀ 'ਚ ਦਾਖਲ ਹੋ ਕੇ ਬਜ਼ੁਰਗ ਔਰਤਾਂ ਨੂੰ ਬੰਧਕ ਬਣਾ ਕੇ ਕੁੱਟ-ਮਾਰ ਕਰਕੇ ਉਨ੍ਹਾਂ ਕੋਲੋਂ ਸੋਨਾ, ਨਕਦੀ ਤੇ ਮੋਬਾਇਲ ਲੁੱਟ ਲਿਆ ਸੀ। ਪੁਲਸ ਨੇ ਨਿਸ਼ਾਨਦੇਹੀ 'ਤੇ ਬਾਬਾ ਬੱਧੇਸ਼ਾਹ ਪਿੰਡ ਕੋਲੋਂ ਜਾਅਲੀ ਨੰਬਰ ਪਲੇਟ ਲੱਗੀ ਐਕਟਿਵਾ ਤੇ ਲੁੱਟ ਦਾ ਸਾਮਾਨ (2 ਸੋਨੇ ਦੇ ਕੰਗਣ, 2 ਵਾਲੀਆਂ, ਇਕ ਕੈਮਰਾ ਐੱਨ. ਕੇ.-50, ਇਕ ਕੈਮਰਾ ਸੋਨੀ ਸਾਈਬਰ ਸ਼ਾਟ, 3 ਮੋਬਾਇਲ ਫੋਨ ਤੇ ਇਕ ਟਾਰਚ) ਬਰਾਮਦ ਕੀਤਾ ਹੈ।
ਵੱਖ-ਵੱਖ ਕੇਸਾਂ 'ਚ ਗਏ ਸਨ ਜੇਲ, ਉਥੇ ਬਣਾਇਆ ਲੁੱਟ ਦਾ ਪਲਾਨ
ਮੁਲਜ਼ਮ ਸੰਦੀਪ ਕੁਮਾਰ ਨੇ ਦੱਸਿਆ ਕਿ ਉਸ 'ਤੇ ਥਾਣਾ ਸਿਟੀ ਫਗਵਾੜਾ 'ਚ ਮੋਟਰਸਾਈਕਲ ਚੋਰੀ ਕਰਨ ਦਾ ਕੇਸ ਦਰਜ ਹੈ। ਉਸ ਦੇ ਸਾਥੀ ਸ਼ੰਮੀ 'ਤੇ ਮੋਬਾਇਲ ਲੁੱਟਣ ਤੇ ਪਰਮਿੰਦਰ 'ਤੇ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਮੁਕੱਦਮਾ ਦਰਜ ਹੈ। ਉਸ ਦੀ ਮੁਲਾਕਾਤ ਪਰਮਿੰਦਰ ਨਾਲ ਦਸੰਬਰ 2017 'ਚ ਜੇਲ 'ਚ ਹੋਈ ਸੀ ਜਿਥੇ ਪਰਮਿੰਦਰ ਨੇ ਉਸ ਨੂੰ ਆਪਣੀ ਸਕੀ ਭੂਆ ਹਰਦੀਸ਼ ਕੌਰ ਦੇ  ਘਰ ਲੁੱਟ-ਖੋਹ ਕਰਨ ਦਾ ਪਲਾਨ ਬਣਾਇਆ ਸੀ। ਭੂਆ ਦਾ ਲੜਕਾ ਵਿਦੇਸ਼ 'ਚ ਹੈ। ਉਸ ਦੇ ਘਰ ਸਿਰਫ 2 ਔਰਤਾਂ ਹੀ ਰਹਿੰਦੀਆਂ ਸਨ। ਜਦੋਂ ਉਹ ਜਨਵਰੀ 2018 'ਚ ਜੇਲ ਤੋਂ ਜ਼ਮਾਨਤ 'ਤੇ ਆ ਗਏ ਤਾਂ 15 ਅਪ੍ਰੈਲ ਨੂੰ ਸ਼ੰਮੀ ਕੁਮਾਰ ਤੇ ਓਮ ਪ੍ਰਕਾਸ਼  ਨਾਲ ਸੰਪਰਕ ਕਰ ਕੇ ਵਾਰਦਾਤ ਨੂੰ ਅੰਜਾਮ ਦੇਣ ਬਾਰੇ ਦੱਸਿਆ। ਫਿਰ ਸਾਰਿਆਂ ਨੇ ਮਿਲ ਕੇ ਪਰਮਿੰਦਰ ਸਿੰਘ ਦੇ ਕਹਿਣ 'ਤੇ ਉਸ ਦੀ ਭੂਆ ਹਰਦੀਸ਼ ਕੌਰ ਦੇ ਘਰ ਰਾਤ 10 ਵਜੇ ਦੇ ਕਰੀਬ ਰੇਕੀ ਕਰਨ ਦੇ ਬਾਅਦ ਦਾਖਲ ਹੋ ਗਏ। ਔਰਤਾਂ ਨੂੰ ਬੰਧਕ ਬਣਾ ਕੇ ਕੁੱਟ-ਮਾਰ ਕਰਨ ਦੇ ਬਾਅਦ ਘਰੋਂ ਸਾਰਾ ਸੋਨਾ ਤੇ ਨਕਦੀ ਲੁੱਟ ਲਈ।
ਨਸ਼ੇ ਦੀ ਲਤ ਨੇ ਬਣਾਇਆ ਚਾਰਾਂ ਨੂੰ ਲੁਟੇਰੇ
ਪੁੱਛਗਿੱਛ 'ਚ ਮੁਲਜ਼ਮ ਸੰਦੀਪ ਨੇ ਖੁਲਾਸਾ ਕੀਤਾ ਕਿ ਉਹ 10ਵੀਂ ਪਾਸ ਹੈ। ਉਹ ਪਹਿਲਾਂ ਇਕ ਫਾਇਨਾਂਸਰ ਦੀ ਦੁਕਾਨ 'ਤੇ ਕੰਮ ਕਰਦਾ ਸੀ। ਉਸ ਦੇ ਖਿਲਾਫ ਕਈ ਸ਼ਹਿਰਾਂ 'ਚ ਨਸ਼ਾ ਸਮੱਗਲਿੰਗ, ਲੁੱਟ-ਖੋਹ ਦੇ ਕਈ ਪਰਚੇ ਦਰਜ ਹਨ, ਜਿਨ੍ਹਾਂ 'ਚੋਂ ਕਈ ਕੇਸਾਂ 'ਚੋਂ ਉਹ ਭਗੌੜਾ ਹੈ। ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਡੇਅਰੀ ਦਾ ਕੰਮ ਕਰਦਾ ਹੈ। ਉਹ ਵੀ ਨਸ਼ੇ ਦਾ ਆਦੀ ਹੈ। ਮੁਲਜ਼ਮ ਸ਼ੰਮੀ ਨੇ ਕਿਹਾ ਕਿ ਉਹ ਰੇਲਵੇ ਸਟੇਸ਼ਨ 'ਤੇ ਚਾਹ ਵੇਚਣ ਦਾ ਕੰਮ ਕਰਦਾ ਸੀ ਤੇ ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਕਰਨ ਲੱਗਾ। ਮੁਲਜ਼ਮ ਪਰਮਿੰਦਰ ਵੀ ਨਸ਼ੇ ਕਰਨ ਦਾ ਆਦੀ ਹੈ।


Related News