ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਡਰੋਨ ਵਰਤੋਂ ਕਰਕੇ ਵੀਡਿਓਗ੍ਰਾਫ਼ੀ ਕਰਨ ਵਾਲਾ ਗ੍ਰਿਫ਼ਤਾਰ

Tuesday, May 14, 2024 - 03:14 PM (IST)

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਡਰੋਨ ਵਰਤੋਂ ਕਰਕੇ ਵੀਡਿਓਗ੍ਰਾਫ਼ੀ ਕਰਨ ਵਾਲਾ ਗ੍ਰਿਫ਼ਤਾਰ

ਫਿਰੋਜ਼ਪੁਰ (ਪਰਮਜੀਤ ਸੋਢੀ) : ਲੋਕ ਸਭਾ ਚੋਣਾਂ-2024 ਸਬੰਧੀ ਉਮੀਦਵਾਰਾਂ ਵੱਲੋਂ ਦਫ਼ਤਰ ਡਿਪਟੀ ਕਮਿਸ਼ਨਰ ਕੈਂਟ ਫਿਰੋਜ਼ਪੁਰ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਡਰੋਨ ਦੀ ਵਰਤੋਂ ਕਰਕੇ ਵੀਡਿਓਗ੍ਰਾਫ਼ੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ 188 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿਚ ਪਾਇਲਟ ਚੌਂਕ ਕੈਂਟ ਫਿਰੋਜ਼ਪੁਰ ਕੋਲ ਪੁੱਜੀ ਤਾਂ ਪਤਾ ਲੱਗਾ ਕਿ ਦੋਸ਼ੀ ਗਗਨਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਲੋਕ ਸਭਾ ਚੋਣਾਂ 2024 ਸਬੰਧੀ ਉਮੀਦਵਾਰਾਂ ਵੱਲੋਂ ਦਫ਼ਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੈਂਟ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਡਰੋਨ ਦੀ ਵਰਤੋਂ ਕਰਕੇ ਵੀਡਿਓਗ੍ਰਾਫੀ ਕੀਤੀ ਗਈ ਹੈ।

ਇਹ ਚੋਣ ਕਮਿਸ਼ਨ ਭਾਰਤ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੈ, ਜੋ ਹੁਣ ਬਾਬਾ ਸ਼ੇਰ ਸ਼ਾਹਵਲੀ ਚੌਂਕ ਕੋਲ ਖੜ੍ਹਾ ਬੱਸ ਦਾ ਇੰਤਜ਼ਾਰ ਕਰ ਰਿਹਾ ਹੈ। ਪੁਲਸ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ ਡਰੋਨ ਕੈਮਰਾ ਬਰਾਮਦ ਹੋਇਆ। ਜਾਂਚ ਕਰਤਾ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News