ਵਿਦੇਸ਼ਾਂ ਤੋਂ ਵਿੱਤੀ ਮਦਦ ਰਾਹੀਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਣ ਵਾਲਾ ਗ੍ਰਿਫ਼ਤਾਰ

Tuesday, Oct 19, 2021 - 05:27 PM (IST)

ਵਿਦੇਸ਼ਾਂ ਤੋਂ ਵਿੱਤੀ ਮਦਦ ਰਾਹੀਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਣ ਵਾਲਾ ਗ੍ਰਿਫ਼ਤਾਰ

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪੰਜਾਬ ਪੁਲਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਵਿਦੇਸ਼ਾਂ ਤੋਂ ਵਿੱਤੀ ਮਦਦ ਹਾਸਲ ਕਰਨ ਵਾਲੇ ਸਰਗਰਮ ਅੱਤਵਾਦੀ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ। ਦੋਸ਼ੀ ਵੱਲੋਂ ਹਥਿਆਰਾਂ ਦਾ ਇੰਤਜ਼ਾਮ ਕਰਨ ਉਪਰੰਤ ਟਾਰਗੈੱਟ ਕੀਤੇ ਗਏ ਵਿਅਕਤੀਆਂ ਨੂੰ ਮਾਰਨ ਦੀ ਯੋਜਨਾ ਬਣਾਈ ਜਾ ਰਹੀ ਸੀ। ਦੋਸ਼ੀ ਲਖਵੀਰ ਸਿੰਘ ਪੇਸ਼ੇ ਵਜੋਂ ਰਾਜ ਮਿਸਤਰੀ ਹੈ, ਜੋ ਵਿਦੇਸ਼ਾਂ ’ਚ ਵਸਦੇ ਖਾਲਿਸਤਾਨ ਪੱਖੀ ਤੱਤਾਂ ਤੋਂ ਪ੍ਰੇਰਿਤ ਹੈ, ਜਦਕਿ ਸੁਖਜੀਤ ਸਿੰਘ ਉਰਫ ਸੁੱਖੀ (ਪੇਸ਼ਾਵਰ ਮਿਸਤਰੀ) ਦੇ ਨਾਜਾਇਜ਼ ਹਥਿਆਰ ਮੁਹੱਈਆ ਕਰਵਾਉਣ ਵਾਲਿਆਂ ਨਾਲ ਸਬੰਧ ਹਨ, ਜਿਸ ਵੱਲੋਂ ਲਖਵੀਰ ਸਿੰਘ ਨੂੰ ਟਾਰਗੈੱਟ ਕੀਤੇ ਗਏ ਵਿਅਕਤੀਆਂ ਨੂੰ ਮਾਰਨ ਲਈ ਹਥਿਆਰ ਮੁਹੱਈਆ ਕਰਵਾਏ ਗਏ ਸਨ। ਪੰਜਾਬ ਪੁਲਸ ਨੇ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਪਾਲ ਸਿੰਘ ਵਾਸੀ ਲਹਿਰਾ, ਜ਼ਿਲ੍ਹਾ ਸੰਗਰੂਰ ਨੂੰ ਇੰਟੈਲੀਜੈਂਸ ਏਜੰਸੀ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਹਥਿਆਰ ਬਰਾਮਦ ਕਰਵਾਏ ਗਏ ਹਨ, ਜਿਸ ਦੀ ਗ੍ਰਿਫ਼ਤਾਰੀ ਨਾਲ ਇਕ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਦਾ ਪਰਦਾਫਾਸ਼ ਹੋਇਆ ਹੈ।  ਡੀ. ਜੀ. ਪੀ. ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਲੱਖਾ ਜੋ ਕਿ ਲਹਿਰਾ ਵਿਖੇ ਰਾਜ ਮਿਸਤਰੀ ਵਜੋਂ ਕੰਮ ਕਰਦਾ ਹੈ, ਨੂੰ ਵਿਦੇਸ਼ਾਂ ਵਿੱਚ ਸਥਿੱਤ ਖਾਲਿਸਤਾਨ ਪੱਖੀ ਤੱਤਾਂ ਦੁਆਰਾ ਰਾਜ ਵਿੱਚ ਟਾਰਗੈਟਿਡ ਹੱਤਿਆਵਾਂ ਕਰਨ ਅਤੇ ਵੱਖ ਵੱਖ ਸੰਪਰਦਾਵਾਂ ਦੇ ਧਾਰਮਿਕ ਸਥਾਨਾਂ ਤੇ ਹਮਲੇ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ। ਲਖਵੀਰ ਸਿੰਘ ਬਹੁਤ ਜ਼ਿਆਦਾ ਕੱਟੜਪੰਥੀ ਅਤੇ ਪ੍ਰੇਰਿਤ ਵਿਅਕਤੀ ਹੈ ਅਤੇ ਆਮਦਨ ਦੀ ਘਾਟ ਹੋਣ ਕਰ ਕੇ ਉਸ ਨੂੰ ਵਿਦੇਸ਼ਾਂ ’ਚ ਸਥਿਤ ਖਾਲਿਸਤਾਨੀ ਪੱਖੀ ਤੱਤਾਂ ਵੱਲੋਂ ਰੁਪਿਆਂ ਦਾ ਲਾਲਚ ਦੇ ਕੇ ਤਿਆਰ ਕੀਤਾ ਗਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਅੱਤਵਾਦ ਫੰਡਿੰਗ ਦੇ ਮਾਮਲਿਆਂ ’ਚ ਪੈਸੇ ਦੇ ਲੈਣ-ਦੇਣ ਲਈ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕੀਤੀ ਜਾ ਰਹੀ ਸੀ।

ਲਖਵੀਰ ਸਿੰਘ ਦੇ ਖਾਤੇ ’ਚ ਨਵੀਂ ਦਿੱਲੀ, ਮੋਗਾ ਅਤੇ ਖੰਨਾ ਤੋਂ ਵੱਖ-ਵੱਖ ਸਮੇਂ-ਸਮੇਂ ਦੌਰਾਨ ਪੈਸੇ ਜਮ੍ਹਾ ਕਰਵਾਏ ਗਏ ਹਨ। ਪੁਲਸ ਨੇ ਇਨ੍ਹਾਂ ਟ੍ਰਾਂਜ਼ੈਕਸ਼ਨਾਂ ਦਾ ਪਤਾ ਲਾਉਂਦੇ ਹੋਏ ਵੈਨਕੂਵਰ (ਕੈਨੇਡਾ) ਦੇ ਇਕ ਵਿਅਕਤੀ ਅਤੇ ਪੋਲੈਂਡ ਦੇ ਇਕ ਵਿਅਕਤੀ ਦੀ ਪਛਾਣ ਕੀਤੀ ਹੈ, ਜੋ ਇਸ ਸੰਗਠਨ ਦੇ ਮਾਸਟਰਮਾਈਂਡ ਅਤੇ ਫੰਡ ਮੁਹੱਈਆ ਕਰਵਾਉਣ ’ਚ ਅਹਿਮ ਭੂਮਿਕਾ ਰੱਖਦੇ ਹਨ। ਸਵਪਨ ਸ਼ਰਮਾ, ਆਈ. ਪੀ. ਐੱਸ, ਐੱਸ. ਐੱਸ. ਪੀ. ਸੰਗਰੂਰ ਨੇ ਅੱਗੇ ਦੱਸਿਆ ਕਿ ਲਖਵੀਰ ਸਿੰਘ ਦੇ ਖਾਤੇ ’ਚ ਨਕਦੀ ਜਮ੍ਹਾ ਕਰਵਾਉਣ ’ਚ ਸ਼ਾਮਲ ਸਥਾਨਕ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ। ਮੂਨਕ ਦੇ ਸੁਖਜੀਤ ਸਿੰਘ ਵੱਲੋਂ ਲਖਵੀਰ ਸਿੰਘ ਨੂੰ ਮੁਹੱਈਆ ਕਰਵਾਇਆ ਗਿਆ .32 ਬੋਰ ਦੇਸੀ ਪਿਸਤੌਲ ਅਤੇ ਗੋਲਾ-ਬਾਰੂਦ ਪੁਲਸ ਵੱਲੋਂ ਬਰਾਮਦ ਕੀਤਾ ਜਾ ਚੁੱਕਾ ਹੈ। ਸੁਖਜੀਤ ਸਿੰਘ ਪਹਿਲਾਂ ਯੂ. ਪੀ. ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ’ਚ ਵੀ ਸ਼ਾਮਲ ਰਿਹਾ ਹੈ, ਜਿਸ ਦੇ ਖ਼ਿਲਾਫ ਪਹਿਲਾਂ ਹੀ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ ਵਿਖੇ ਅਸਲਾ ਐਕਟ ਅਧੀਨ ਇਕ ਕੇਸ ਦੀ ਤਫਤੀਸ਼ ਚੱਲ ਰਹੀ ਹੈ। ਕਪਤਾਨ ਪੁਲਸ (ਡਿਟੈਕਟਿਵ) ਸੰਗਰੂਰ ਦੀ ਅਗਵਾਈ ’ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਇਨ੍ਹਾਂ ਅੱਤਵਾਦੀ ਆਪਰੇਟਰਾਂ ਦੇ ਵਾਰਦਾਤ ਦੇ ਤਰੀਕੇ, ਸਹਿਯੋਗੀਆਂ ਅਤੇ ਇਨ੍ਹਾਂ ਦੇ ਨਿਸ਼ਾਨੇ ’ਤੇ ਸੰਭਾਵਿਤ ਵਿਅਕਤੀਆਂ ਬਾਰੇ ਅਗਲੀ ਜਾਂਚ ਕੀਤੀ ਜਾ ਰਹੀ ਹੈ।


author

Manoj

Content Editor

Related News