ਪੁਲਸ ਨੇ ਕੁੱਝ ਘੰਟਿਆਂ ’ਚ ਹੀ ਅਗਵਾ ਹੋਇਆ ਢਾਈ ਸਾਲਾ ਬੱਚਾ ਕੀਤਾ ਬਰਾਮਦ, ਦੋਸ਼ੀ ਗ੍ਰਿਫਤਾਰ
Saturday, Jul 28, 2018 - 05:29 AM (IST)
ਖੰਨਾ(ਸੁਖਵਿੰਦਰ ਕੌਰ)-ਖੰਨਾ ਪੁਲਸ ਨੇ ਢਾਈ ਸਾਲਾ ਬੱਚੇ ਨੂੰ ਅਗਵਾ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਕੇ ਕੁੱਝ ਘੰਟਿਆਂ ਵਿਚ ਹੀ ਸਾਰੇ ਮਾਮਲੇ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ । ਅੱਜ ਦੇਰ ਸ਼ਾਮੀਂ ਖੰਨਾ ਪੁਲਸ ਜ਼ਿਲੇ ਦੇ ਐੱਸ. ਐੱਸ. ਪੀ. ਧਰੁਵ ਦਾਹੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਡੀ. ਆਈ. ਜੀ. ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਖੰਨਾ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਖੰਨਾ ਦੇ ਸਮਰਾਲਾ ਰੋਡ ਇਲਾਕੇ ’ਚੋਂ ਅਗਵਾ ਹੋਏ ਬੱਚੇ ਨੂੰ ਖੰਨਾ ਪੁਲਸ ਨੇ ਕਾਰਵਾਈ ਕਰਦਿਆਂ ਕਰੀਬ 8 ਘੰਟਿਆਂ ’ਚ ਅਗਵਾਕਾਰ ਨੂੰ ਕਾਬੂ ਕਰ ਕੇ ਉਸ ਕੋਲੋਂ ਬੱਚਾ ਵੀ ਬਰਾਮਦ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਵਿਨੋਦ ਕੁਮਾਰ ਪੁਤਰ ਰਾਮਦਰਸ਼ ਹਾਲ ਵਾਸੀ ਗੁਰੂ ਨਾਨਕ ਨਗਰ ਸਮਰਾਲਾ ਰੋਡ ਵਾਰਡ ਨੰ. 2 ਦਾ ਢਾਈ ਸਾਲਾ ਲੜਕਾ ਸੂਰਜ ਅਤੇ ਵੱਡੀ ਲੜਕੀ ਸੋਨਮ ਵੀਰਵਾਰ ਨੂੰ ਸ਼ਾਮੀਂ ਕਰੀਬ ਸਾਢੇ 4 ਵਜੇ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਹੇ ਸਨ ।

ਇਸੇ ਦੌਰਾਨ ਇਕ ਅਣਪਛਾਤਾ ਬਜ਼ਰੁਗ ਵਿਅਕਤੀ ਉਸ ਦੇ ਲੜਕੇ ਨੂੰ ਬਹਿਲਾ, ਫੁਸਲਾ ਕੇ ਅਗਵਾ ਕਰ ਕੇ ਲੈ ਗਿਆ। ਜਿਸ ਬਾਰੇ ਉਸ ਨੇ ਆਪਣੇ ਮਕਾਨ ਮਾਲਕ ਪ੍ਰਦੀਪ ਰਤਨ ਤੇ ਮੁਹੱਲੇ ਦੇ ਹੋਰਨਾਂ ਪਤਵੰਤਿਆਂ ਸਮੇਤ ਥਾਣਾ ਸਿਟੀ ਖੰਨਾ-1 ਦੀ ਪੁਲਸ ਨੂੰ ਸੂੁਚਿਤ ਕੀਤਾ। ਐੱਸ. ਐੱਸ. ਪੀ. ਦਾਹੀਆ ਨੇ ਦੱਸਿਆ ਕਿ ਇਸ ’ਤੇ ਥਾਣਾ ਸਿਟੀ 1 ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਅਗਵਾ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਐੱਸ. ਪੀ. (ਆਈ) ਜਸਵੀਰ ਸਿੰਘ, ਡੀ. ਐੱਸ. ਪੀ. ਖੰਨਾ ਦੀਪਕ ਰਾਏ ਅਤੇ ਡੀ. ਐੱਸ. ਪੀ. ਸੁਖਨਾਜ ਸਿੰਘ ਇੰਚਾਰਜ ਥਾਣਾ ਸਿਟੀ -1 ਦੀ ਅਗਵਾਈ ਵਾਲੀ ਟੀਮ ਵੱਲੋਂ ਮਾਮਲੇ ਦੀ ਤਫਤੀਸ਼ ਬੜੀ ਡੂੰਘਾਈ, ਖੁਫੀਆ ਸੂਤਰਾਂ ਅਤੇ ਤਕਨੀਕੀ ਢੰਗਾਂ ਨਾਲ ਕਰਦਿਆਂ ਉਕਤ ਬੱਚੇ ਦੇ ਅਗਵਾਕਾਰ ਕਥਿਤ ਦੋਸ਼ੀ ਗੁਰਮੀਤ ਸਿੰਘ ਵਾਸੀ ਭਡ਼ੀ ਪਨੇਚਾਂ ਥਾਣਾ ਭਾਦਸੋਂ ਨੂੰ ਅੱਜ ਹੀ ਗ੍ਰਿਫਤਾਰ ਕਰਕੇ ਉਸ ਕੋਲੋਂ ਉਕਤ ਬੱਚੇ ਸੂਰਜ ਨੂੰ ਬਰਾਮਦ ਕਰ ਲਿਆ ਗਿਆ । ਅੱਜ ਪੱਤਰਕਾਰਾਂ ਦੇ ਸਾਹਮਣੇ ਜ਼ਿਲਾ ਪੁਲਸ ਮੁਖੀ ਵੱਲੋਂ ਬੱਚੇ ਨੂੰ ਉਸ ਦੇ ਮਾਪਿਆਂ ਨੂੰ ਸੌਂਪਿਆ ਗਿਆ । ਐੱਸ. ਐੱਸ. ਪੀ. ਦਾਹੀਆ ਨੇ ਦੱਸਿਆ ਕਥਿਤ ਦੋਸ਼ੀ ਦੀ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਆਈ ਫੁਟੇਜ਼ ਤੋਂ ਬਾਅਦ ਪੁਲਸ ਨੇ ਤਫਤੀਸ਼ ਤੇਜ਼ ਕਰਦਿਆਂ ਦੋਸ਼ੀ ਨੂੰ ਤੁਰੰਤ ਕਾਬੂ ਕਰ ਲਿਆ। ਇਹ ਵੀ ਪਤਾ ਲੱਗਾ ਹੈ ਕਿ ਕਥਿਤ ਦੋਸ਼ੀ ਕਿਸੇ ਵਿਭਾਗ ’ਚੋਂ ਸੇਵਾ ਮੁਕਤ ਹੋਇਆ ਹੈ ਅਤੇ ਨਸ਼ੇ ਕਰਨ ਦਾ ਆਦੀ ਹੈ । ਇਸ ਦੌਰਾਨ ਖੰਨਾ ਪੁਲਸ ਵੱਲੋਂ ਬੱਚੇ ਦੇ ਅਗਵਾਕਾਰ ਨੂੰ ਜਲਦ ਕਾਬੂ ਕਰਕੇ ਬੱਚਾ ਬਰਾਮਦ ਕਰਕੇ ਸਫ਼ਲਤਾ ਹਾਸਲ ਕਰਨ ਲਈ ਮੁਹੱਲਾ ਗੁਰੂ ਨਾਨਕ ਨਗਰ ਨਿਵਾਸੀ ਅਮਰਜੀਤ ਸਿੰਘ ਪ੍ਰਧਾਨ, ਸਮਾਜਸੇਵੀ ਪ੍ਰਦੀਪ ਰਤਨ, ਕਸ਼ਮੀਰ ਸਿੰਘ ਆਦਿ ਨੇ ਜ਼ਿਲਾ ਪੁਲਸ ਮੁਖੀ ਧਰੁਵ ਦਾਹੀਆ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ।
