ਮੋਬਾਇਲ ਨਾਲ ਹੋਇਆ ਲੱਖਾਂ ਦੀ ਚੋਰੀ ਦਾ ਖੁਲਾਸਾ, 3 ਚੋਰਾਂ ਦੀ ਟੋਲੀ ਗ੍ਰਿਫਤਾਰ
Friday, Jun 22, 2018 - 05:56 AM (IST)

ਲੁਧਿਆਣਾ(ਮਹੇਸ਼)-ਹੈਬੋਵਾਲ ਕਲਾਂ ਦੇ ਸੰਧੂ ਨਗਰ ਦੀ ਝੰਡੂ ਕਾਲੋਨੀ ਵਿਚ ਲਗਭਗ 3 ਹਫਤੇ ਪਹਿਲਾਂ ਇਕ ਘਰ 'ਚ ਹੋਈ ਲੱਖਾਂ ਦੀ ਚੋਰੀ ਦਾ ਖੁਲਾਸਾ ਇਕ ਮੋਬਾਇਲ ਨੇ ਕਰ ਦਿੱਤਾ, ਜਿਸ ਦੇ ਬਾਅਦ ਹਰਕਤ ਵਿਚ ਆਈ ਇਲਾਕਾ ਪੁਲਸ ਨੇ 3 ਚੋਰਾਂ ਦੀ ਇਕ ਟੋਲੀ ਨੂੰ ਫੜਿਆ, ਜਿਨ੍ਹਾਂ ਕੋਲੋਂ ਲੱਗਭਗ 7.20 ਲੱਖ ਰੁਪਏ ਦੇ 24 ਤੋਲੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ 4.50 ਲੱਖ ਦੀ ਨਕਦੀ, 4 ਐੱਲ. ਸੀ. ਡੀ. ਅਤੇ 6 ਮੋਬਾਇਲ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਸੂਰਜ ਪਾਲ ਉਰਫ ਸ਼ਗਨ (27), ਸ਼ਗਨ ਦੇ ਛੋਟੇ ਭਰਾ ਰਵੀ ਕੁਮਾਰ ਉਰਫ ਕਾਲੀਆ (24) ਅਤੇ ਦੀਪਕ ਕੁਮਾਰ ਮੋਨੂੰ ਬਿੱਲਾ (24) ਵਜੋਂ ਹੋਈ ਹੈ। ਸ਼ਗਨ-ਰਵੀ ਹੈਬੋਵਾਲ ਚੂਹੜਪੁਰ ਦੇ ਗ੍ਰੀਨ ਇਨਕਲੇਵ ਅਤੇ ਬਿੱਲਾ ਸੰਤ ਨਗਰ ਦਾ ਰਹਿਣ ਵਾਲਾ ਹੈ, ਜਿਨ੍ਹਾਂ ਨੇ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਰਵੀ ਨੂੰ ਜੇਲ ਭੇਜ ਦਿੱਤਾ, ਜਦਕਿ ਹੋਰ ਦੋਵਾਂ ਦੋਸ਼ੀਆਂ ਨੂੰ ਰਿਮਾਂਡ 'ਤੇ ਲਿਆ ਗਿਆ ਹੈ।ਇਸ ਸਬੰਧੀ ਬੁਲਾਈ ਪ੍ਰੈੱਸ ਕਾਨਫਰੰਸ 'ਚ ਡੀ. ਸੀ. ਪੀ. ਅਸ਼ਵਨੀ ਕਪੂਰ, ਏ. ਡੀ. ਸੀ. ਪੀ. ਗੁਰਪ੍ਰੀਤ ਕੌਰ ਪੁਰੇਵਾਲ ਅਤੇ ਏ. ਸੀ. ਪੀ. ਗੁਰਪ੍ਰੀਤ ਸਿੰਘ ਨੇ ਹੈਬੋਵਾਲ ਥਾਣੇ ਦੇ ਅਧੀਨ ਆਉਂਦੀ ਜਗਤਪੁਰੀ ਚੌਕੀ ਦੇ ਇੰਚਾਰਜ ਏ. ਐੱਸ. ਆਈ. ਕਪਿਲ ਕੁਮਾਰ ਅਤੇ ਉਨ੍ਹਾਂ ਦੀ ਟੀਮ ਦੀ ਪਿੱਠ ਥਪਥਪਾਉਂਦੇ ਹੋਏ ਕਿਹਾ ਕਿ ਪਿਛਲੇ ਮਹੀਨੇ 27 ਮਈ ਦੀ ਰਾਤ ਨੂੰ ਝੰਡੂ ਕਾਲੋਨੀ ਦੇ ਰਹਿਣ ਵਾਲੇ ਅਨਿਲ ਕੁਮਾਰ ਦੇ ਘਰ ਲੱਖਾਂ ਦੀ ਚੋਰੀ ਹੋ ਗਈ ਸੀ। ਚੋਰ ਲਗਭਗ 25 ਤੋਲੇ ਸੋਨਾ, 6 ਲੱਖ ਰੁਪਏ ਦੀ ਨਕਦੀ, ਮੋਬਾਇਲ ਫੋਨ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ ਸਨ, ਜਿਸ ਦੇ ਬਾਅਦ ਪੁਲਸ ਨੇ ਤੁਰੰਤ ਕੇਸ ਦਰਜ ਕਰਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਸੀ ਪਰ ਹਰ ਕੋਸ਼ਿਸ਼ ਦੇ ਬਾਵਜੂਦ ਪੁਲਸ ਦੇ ਹੱਥ ਕੋਈ ਸਫਲਤਾ ਨਹੀਂ ਲੱਗ ਰਹੀ ਸੀ। ਇਸ ਦੌਰਾਨ ਪੁਲਸ ਨੂੰ ਅਨਿਲ ਦੇ ਘਰੋਂ ਚੋਰੀ ਹੋਏ ਮੋਬਾਇਲ ਤੋਂ ਇਕ ਸੁਰਾਗ ਮਿਲਿਆ, ਜਿਸ ਦੇ ਆਧਾਰ 'ਤੇ ਪੁਲਸ ਨੇ ਸੂਰਜ ਦੇ ਭਰਾ ਰਵੀ ਨੂੰ ਗ੍ਰਿਫਤਾਰ ਕੀਤਾ ਤੇ ਚੋਰੀ ਦਾ ਮੋਬਾਇਲ ਬਰਾਮਦ ਹੋਇਆ, ਜੋ ਉਸ ਨੂੰ ਸੂਰਜ ਜੇਲ ਜਾਂਦੇ ਸਮੇਂ ਦੇ ਕੇ ਗਿਆ ਸੀ। ਰਵੀ ਨਾਲ ਕੀਤੀ ਗਈ ਪੁੱਛਗਿਛ ਦੇ ਆਧਾਰ 'ਤੇ ਸੂਰਜ ਨੂੰ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਤੇ ਜਦ ਉਸ ਨਾਲ ਥੋੜ੍ਹੀ ਸਖਤੀ ਨਾਲ ਪੁਲਸ ਪੇਸ਼ ਆਈ ਤਾਂ ਉਸ ਨੇ ਸਾਰਾ ਸੱਚ ਉਗਲ ਦਿੱਤਾ, ਜਿਸਦੇ ਬਾਅਦ ਇਨ੍ਹਾਂ ਦੇ ਤੀਜੇ ਸਾਥੀ ਬਿੱਲੇ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ ਮੋਬਾਇਲ ਫੋਨ ਅਤੇ 6 ਐੱਲ.ਸੀ.ਡੀ ਬਰਾਮਦ ਹੋਈਆਂ, ਜਦਕਿ ਸੂਰਜ ਦੀ ਨਿਸ਼ਾਨਦੇਹੀ 'ਤੇ ਸੋਨੇ ਦੇ ਗਹਿਣੇ ਅਤੇ ਨਕਦੀ ਉਸ ਦੇ ਘਰੋਂ ਜ਼ਬਤ ਕੀਤੀ ਗਈ। ਇਨ੍ਹਾਂ ਦੇ ਫੜੇ ਜਾਣ ਨਾਲ ਚੋਰੀ ਦੀਆਂ ਇਕ ਦਰਜਨ ਦੇ ਲਗਭਗ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ।
ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲਾਂ ਕਰਦੇ ਸੀ ਰੇਕੀ
ਕਪਿਲ ਨੇ ਦੱਸਿਆ ਕਿ ਦੋਸ਼ੀ ਹਲਵਾਈ ਦੇ ਕੋਲ ਕੰਮ ਕਰਦਾ ਸੀ। ਇਸ ਦੌਰਾਨ ਉਹ ਘਰ ਦਾ ਪੂਰੀ ਤਰ੍ਹਾਂ ਭੇਤ ਪਾ ਲੈਂਦੇ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸ ਦੀ ਰੇਕੀ ਵੀ ਕਰਦੇ ਸੀ। ਇਸ ਦੇ ਬਾਅਦ ਰਾਤ ਨੂੰ ਪੂਰੇ ਤਰੀਕੇ ਨਾਲ ਘਰ 'ਚ ਦਾਖਲ ਹੁੰਦੇ ਅਤੇ ਹੱਥ ਸਾਫ ਕਰਕੇ ਚਲੇ ਜਾਂਦੇ ਸੀ।
ਘਰ 'ਚ 3 ਫੁੱਟ ਡੂੰਘੇ ਟੋਏ ਵਿਚ ਲੁਕੋ ਕੇ ਰੱਖੇ ਸਨ ਗਹਿਣੇ
ਕਪਿਲ ਕੁਮਾਰ ਨੇ ਦੱਸਿਆ ਕਿ ਸੂਰਜ ਨੇ ਘਰ ਦੇ ਇਕ ਹਿੱਸੇ 'ਚ ਲਗਭਗ 3 ਫੁਟ ਡੂੰਘਾ ਟੋਇਆ ਪੁੱਟ ਕੇ ਸੋਨੇ ਦੇ ਗਹਿਣੇ ਲੁਕੋ ਕੇ ਰੱਖੇ ਸਨ। ਉਸ ਦਾ ਇਹ ਸ਼ਾਤਿਰਾਨਾ ਅੰਦਾਜ਼ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ, ਜਦਕਿ ਚੋਰੀ ਕੀਤੀ ਗਈ ਨਕਦੀ 'ਚ 4.40 ਲੱਖ ਰੁਪਏ ਦੀ ਨਕਦੀ ਉਸ ਨੇ ਬੈੱਡ ਬਾਕਸ ਵਿਚ ਗੁਪਤ ਬਣਾਈ ਜਗ੍ਹਾ 'ਚ ਲੁਕੋ ਰੱਖੀ ਸੀ। ਪੁਲਸ ਨੇ ਜਦ ਨਕਦੀ ਲੁਕਾਉਣ ਦੀ ਜਗ੍ਹਾ ਦੇਖੀ ਤਾਂ ਹੈਰਾਨ ਰਹਿ ਗਈ।
ਸੂਰਜ ਖਿਲਾਫ ਦਰਜ ਮਾਮਲੇ
ਥਾਣਾ ਲਾਡੋਵਾਲ 'ਚ ਚੋਰੀ ਦਾ 1, ਹੈਬੋਵਾਲ 'ਚ ਚੋਰੀ ਦੇ 4 ਅਤੇ ਡਵੀਜ਼ਨ ਨੰ. 4 'ਚ ਚੋਰੀ ਦੇ 2 ਮਾਮਲੇ ਦਰਜ ਹਨ, ਜਦਕਿ ਦੀਪਕ ਦੇ ਖਿਲਾਫ ਥਾਣਾ ਡਵੀਜ਼ਨ ਨੰ. 4 ਵਿਚ ਲੁੱਟ-ਖੋਹ ਦਾ 1 ਤੇ ਹੈਬੋਵਾਲ ਵਿਚ ਚੋਰੀ ਦਾ ਇਕ ਕੇਸ ਦਰਜ ਹੈ ਜਦਕਿ ਰਵੀ ਦਾ ਪਿਛਲਾ ਕੋਈ ਅਪਰਾਧਿਕ ਰਿਕਾਰਡ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ।
ਸੂਰਜ ਨੇ ਜੁਰਮ ਕਬੂਲਿਆ
ਪੱਤਰਕਾਰ ਸੰਮੇਲਨ ਦੌਰਾਨ ਸੂਰਜ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਕਿਹਾ ਕਿ ਉਸ ਨੂੰ ਬੇਕਾਰ 'ਚ ਬੈਠ ਕੇ ਖਾਣ ਦੀ ਆਦਤ ਪੈ ਗਈ ਸੀ, ਜਿਸ ਕਾਰਨ ਉਹ ਅਪਰਾਧ ਦੀ ਦਲਦਲ ਵਿਚ ਉਤਰ ਗਿਆ। ਕਈ ਵਾਰ ਉਸ ਨੇ ਇਹ ਰਸਤਾ ਛੱਡਣਾ ਵੀ ਚਾਹਿਆ ਪਰ ਇਸ ਤਰ੍ਹਾਂ ਨਹੀਂ ਕਰ ਸਕਿਆ। ਉਸ ਨੇ ਕਬੂਲ ਕੀਤਾ ਕਿ ਉਸ ਨੇ ਹੀ ਅਨਿਲ ਦੇ ਘਰ ਚੋਰੀ ਕੀਤੀ ਸੀ, ਜਦਕਿ ਪਿਛਲੇ ਸਮੇਂ ਦੌਰਾਨ ਉਹ ਕਿੰਨੀਆਂ ਚੋਰੀਆਂ ਕਰ ਚੁੱਕਿਆ ਹੈ, ਨੂੰ ਯਾਦ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਭਰਾ ਨਿਰਦੋਸ਼ ਹੈ।