ਹੁਸ਼ਿਆਰਪੁਰ ਤੋਂ ਗ੍ਰਿਫਤਾਰ ਔਰਤ ਨੇ ਵਿਆਹ ਤੋਂ ਪਹਿਲਾਂ ਹੀ ਬਣਾ ਲਿਆ ਪਤੀ ਦੇ ਨਾਂ ਨਾਲ ਡਰਾਈਵਿੰਗ ਲਾਇਸੈਂਸ
Saturday, Mar 10, 2018 - 05:56 AM (IST)
ਜਲੰਧਰ(ਮਹੇਸ਼)—ਦੋ ਦਿਨ ਪਹਿਲਾਂ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤੀ ਗਈ ਇਕ ਔਰਤ ਨੇ ਪਹਿਲਾਂ ਹੀ ਆਪਣਾ ਡਰਾਈਵਿੰਗ ਲਾਇਸੈਂਸ ਪਤੀ ਦੇ ਨਾਂ ਨਾਲ ਬਣਾ ਲਿਆ ਸੀ। ਇਹ ਖੁਲਾਸਾ ਰੀਨਾ ਰਾਣੀ ਨਾਂ ਦੀ ਉਕਤ ਔਰਤ ਨੂੰ ਅੱਜ ਦੁਬਾਰਾ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦੇ ਹੋਰ ਹਾਸਲ ਕੀਤੇ ਗਏ ਪੁਲਸ ਰਿਮਾਂਡ ਦੌਰਾਨ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਹਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਮਹਿਲਾ ਦੇ ਡਰਾਈਵਿੰਗ ਲਾਇਸੈਂਸ ਨੂੰ ਬਰਾਮਦ ਕਰਨ ਲਈ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਆਪਣੇ ਪਤੀ ਸਕੱਤਰ ਲਾਲ ਉਰਫ ਸਤਿੰਦਰ ਮਸੀਹ ਦੇ ਨਾਂ ਨਾਲ ਬਣਾਇਆ ਆਧਾਰ ਕਾਰਡ ਅਤੇ ਪਹਿਲੇ ਪਤੀ ਵਰਿੰਦਰ ਕੁਮਾਰ ਦੇ ਨਾਂ ਹੀ ਚੱਲ ਰਹੇ ਗੈਸ ਕੁਨੈਕਸ਼ਨ ਦੀ ਕਾਪੀ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਰੀਨਾ ਰਾਣੀ ਨੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਸ਼ਾਦੀਸ਼ੁਦਾ ਵਿਅਕਤੀ ਨਾਲ ਹੀ ਦੂਸਰਾ ਵਿਆਹ ਰਚਾ ਲਿਆ ਸੀ, ਜਦਕਿ ਉਸਨੂੰ ਇਹ ਪਤਾ ਸੀ ਕਿ ਜਿਸ ਵਿਅਕਤੀ ਨਾਲ ਉਹ ਵਿਆਹ ਕਰਵਾ ਰਹੀ ਹੈ, ਉਸਦੇ ਪਹਿਲਾਂ ਹੀ ਦੋ ਵਿਆਹ ਹੋ ਚੁੱਕੇ ਹਨ, ਜਿਸ ਵਿਚ ਪਹਿਲੀ ਪਤਨੀ ਕਾਂਤਾ ਰਾਣੀ ਨੇ ਉਸਨੇ ਤਲਾਕ ਵੀ ਨਹੀਂ ਦਿੱਤਾ ਹੈ ਅਤੇ ਦੂਸਰੀ ਪਤਨੀ ਆਸ਼ਾ ਰਾਣੀ ਦੀ ਮੌਤ ਹੋ ਚੁੱਕੀ ਹੈ। ਰੀਨਾ ਰਾਣੀ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਉਸਨੇ ਜਿਸ ਨਾਲ ਵਿਆਹ ਕਰਵਾਇਆ ਹੈ, ਉਸਨੇ ਆਪਣਾ ਨਾਂ ਸਕੱਤਰ ਲਾਲ ਤੋਂ ਬਦਲ ਕੇ ਸਤਿੰਦਰ ਮਸੀਹ ਰੱਖਿਆ ਹੋਇਆ ਹੈ ਅਤੇ ਇਸਦੇ ਇਲਾਵਾ ਉਸਨੇ ਆਪਣੀ ਆਈ. ਡੀ. ਨਾਲ ਸਬੰਧਤ ਹੋਰ ਕਾਗਜ਼ਾਤ ਵੀ ਫਰਜ਼ੀ ਬਣਾਏ ਹੋਏ ਹਨ। ਏ. ਐੱਸ. ਆਈ. ਹਰਦੇਵ ਸਿੰਘ ਨੇ ਦੱਸਿਆ ਕਿ ਸਾਲ 2015 ਵਿਚ ਦਕੋਹਾ ਨਿਵਾਸੀ ਮਹਿਲਾ ਕਾਂਤਾ ਰਾਣੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਪਤੀ ਸਕੱਤਰ ਲਾਲ ਨੇ ਉਸਨੂੰ ਤਲਾਕ ਦਿੱਤੇ ਬਿਨਾਂ ਹੀ ਹੋਰ ਔਰਤਾਂ ਨਾਲ ਆਪਣੀ ਆਈ. ਡੀ. ਬਦਲ ਕੇ ਵਿਆਹ ਰਚਾਏ ਹਨ, ਜਿਸ 'ਤੇ ਪੁਲਸ ਨੇ ਪੂਰੀ ਜਾਂਚ ਤੋਂ ਬਾਅਦ ਸਕੱਤਰ ਲਾਲ ਉਰਫ ਸਤਿੰਦਰ ਮਸੀਹ ਨੂੰ 25 ਸਤੰਬਰ 2015 ਨੂੰ ਆਈ. ਪੀ. ਸੀ. ਦੀ ਧਾਰਾ 420, 465, 466, 467, 468 ਅਤੇ 471 ਦੇ ਤਹਿਤ ਮੁਕੱਦਮਾ ਨੰਬਰ 234 ਵਿਚ ਨਾਮਜ਼ਦ ਕਰ ਲਿਆ। ਉਸਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ ਜੋ ਕਿ ਬਾਅਦ ਵਿਚ ਹਾਈ ਕੋਰਟ ਤੋਂ ਜ਼ਮਾਨਤ ਲੈ ਕੇ ਜੇਲ ਤੋਂ ਬਾਹਰ ਆ ਗਿਆ। ਇਸ ਦੌਰਾਨ ਸਕੱਤਰ ਲਾਲ ਦੀ ਪਹਿਲੀ ਪਤਨੀ ਕਾਂਤਾ ਰਾਣੀ ਨੇ ਆਪਣੇ ਪਤੀ ਦੀ ਤੀਸਰੀ ਪਤਨੀ ਰੀਨਾ ਰਾਣੀ ਦੇ ਵਿਰੁੱਧ ਵੀ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਵਿਚ ਉਸਨੇ ਕਿਹਾ ਕਿ ਰੀਨਾ ਰਾਣੀ ਨੇ ਸ਼ਾਦੀਸ਼ੁਦਾ ਹੁੰਦੇ ਹੋਏ ਆਪਣੇ ਪਹਿਲੇ ਪਤੀ ਤੋਂ ਤਲਾਕ ਲਏ ਬਿਨਾਂ ਹੀ ਉਸਦੇ ਪਤੀ ਸਕੱਤਰ ਲਾਲ ਉਰਫ ਸਤਿੰਦਰ ਮਸੀਹ (ਬਦਲਿਆ ਹੋਇਆ ਨਾਂ) ਨਾਲ ਵਿਆਹ ਰਚਾ ਲਿਆ। ਰੀਨਾ ਰਾਣੀ ਇਹ ਜਾਣਦੀ ਸੀ ਕਿ ਸਕੱਤਰ ਲਾਲ ਨੇ ਆਪਣਾ ਨਾਂ ਅਤੇ ਪੂਰੀ ਆਈ. ਡੀ. ਬਦਲੀ ਹੋਈ ਹੈ ਅਤੇ ਉਸਨੇ ਪਹਿਲਾਂ ਵੀ ਦੋ ਵਿਆਹ ਕਰਵਾਏ ਹੋਏ ਹਨ, ਜਿਸ ਵਿਚ ਉਸਦੀ ਦੂਸਰੀ ਪਤਨੀ ਆਸ਼ਾ ਰਾਣੀ ਦੀ ਮੌਤ ਹੋ ਗਈ ਸੀ। ਇਸਦੇ ਬਾਵਜੂਦ ਵੀ ਉਸ ਨਾਲ (ਸਤਿੰਦਰ ਮਸੀਹ) ਵਿਆਹ ਕਰਵਾ ਲਿਆ ਅਤੇ ਉਸੇ ਦੇ ਨਾਲ ਹੀ ਰਹਿ ਰਹੀ ਹੈ। ਕਾਂਤਾ ਰਾਣੀ ਦੀ ਸ਼ਿਕਾਇਤ 'ਤੇ ਪੁਲਸ ਨੇ ਰੀਨਾ ਰਾਣੀ ਨੂੰ ਸਕੱਤਰ ਲਾਲ ਵਾਲੇ ਮਾਮਲੇ ਵਿਚ ਨਾਮਜ਼ਦ ਕਰ ਲਿਆ ਅਤੇ ਅੱਜ ਉਸਨੂੰ ਗ੍ਰਿਫਤਾਰ ਕਰ ਲਿਆ। ਉਹ ਕਾਫੀ ਸਮੇਂ ਤੋਂ ਹੁਸ਼ਿਆਰਪੁਰ ਵਿਚ ਰਹਿ ਰਹੀ ਹੈ। ਪੁਲਸ ਜਾਂਚ ਵਿਚ ਅਜੇ ਤੱਕ ਸਤਿੰਦਰ ਮਸੀਹ ਦੇ ਕੁਲ 3 ਵਿਆਹ ਸਾਹਮਣੇ ਆਏ ਹਨ।
