ਪੰਜਾਬ 'ਚ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ
Saturday, May 30, 2026 - 11:55 AM (IST)
ਜਲੰਧਰ (ਚੋਪੜਾ)–ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਰਿਜਨਲ ਟਰਾਂਸਪੋਰਟ ਦਫ਼ਤਰ (ਆਰ. ਟੀ. ਓ.) ਅਧੀਨ ਆਉਂਦੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਚ ਤਕਨੀਕੀ ਖਾਮੀ ਨੇ ਪੂਰੇ ਸਿਸਟਮ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ। ਟੈਸਟ ਟ੍ਰੈਕ ’ਤੇ ਲੱਗਾ ਪਾਰਕਿੰਗ ਕੈਮਰਾ ਅਚਾਨਕ ਖ਼ਰਾਬ ਹੋ ਜਾਣ ਕਾਰਨ ਡਰਾਈਵਿੰਗ ਟੈਸਟ ਦਾ ਕੰਮ ਲਗਭਗ ਪੂਰਾ ਦਿਨ ਠੱਪ ਪਿਆ ਰਿਹਾ। ਇਸ ਦੌਰਾਨ ਵੱਡੀ ਗਿਣਤੀ ਵਿਚ ਡਰਾਈਵਿੰਗ ਲਾਇਸੈਂਸ ਬਣਵਾਉਣ ਪਹੁੰਚੇ ਲੋਕਾਂ ਨੂੰ ਭਿਆਨਕ ਗਰਮੀ ਵਿਚ ਘੰਟਿਆਂਬੱਧੀ ਪ੍ਰੇਸ਼ਾਨ ਹੋਣਾ ਪਿਆ।
ਇਹ ਵੀ ਪੜ੍ਹੋ: ਪੰਜਾਬ ਨਗਰ ਨਿਗਮ ਚੋਣ ਨਤੀਜੇ: ਰਿਵਾਇਤੀ ਪਾਰਟੀਆਂ ਨੂੰ ਟੱਕਰ ਦੇ ਕੇ ਤੀਜੇ ਨੰਬਰ 'ਤੇ ਆਏ ਆਜ਼ਾਦ ਉਦੀਦਵਾਰ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਗਰਮੀ ਕਾਰਨ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7.30 ਤੋਂ ਦੁਪਹਿਰ 1.30 ਵਜੇ ਤਕ ਤੈਅ ਕੀਤਾ ਗਿਆ ਹੈ ਪਰ ਸੈਂਟਰ ਵਿਚ ਬੀਤੇ ਦਿਨ ਸਵੇਰੇ ਕੰਮ ਸ਼ੁਰੂ ਹੁੰਦੇ ਹੀ ਮਹਿਜ਼ ਇਕ ਟੈਸਟ ਦੇ ਬਾਅਦ ਟ੍ਰੈਕ ’ਤੇ ਲੱਗਾ ਕੈਮਰਾ ਬੰਦ ਹੋ ਗਿਆ। ਕੈਮਰਾ ਖ਼ਰਾਬ ਹੋਣ ਕਾਰਨ ਆਟੋਮੇਟਿਡ ਟੈਸਟ ਪ੍ਰਕਿਰਿਆ ਪੂਰੀ ਤਰ੍ਹਾਂ ਰੁਕ ਗਈ ਅਤੇ ਸੈਂਕੜੇ ਬਿਨੈਕਾਰਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਏ. ਆਰ. ਟੀ. ਓ. ਵਿਸ਼ਾਲ ਗੋਇਲ ਨੇ ਤਕਨੀਕੀ ਸਟਾਫ਼ ਅਤੇ ਆਪ੍ਰੇਟਰਾਂ ਨੂੰ ਬੁਲਾ ਕੇ ਕੈਮਰਾ ਠੀਕ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕਈ ਘੰਟੇ ਸਿਸਟਮ ਚਾਲੂ ਨਹੀਂ ਹੋ ਸਕਿਆ। ਆਖਿਰਕਾਰ ਸਖ਼ਤ ਮੁਸ਼ੱਕਤ ਦੇ ਬਾਅਦ ਦੁਪਹਿਰ ਲਗਭਗ 1 ਵਜੇ ਕੈਮਰਾ ਕੁਝ ਸਮੇਂ ਲਈ ਠੀਕ ਹੋਇਆ ਅਤੇ ਟੈਸਟ ਪ੍ਰਕਿਰਿਆ ਦੋਬਾਰਾ ਸ਼ੁਰੂ ਹੋ ਸਕੀ ਪਰ ਉਦੋਂ ਤਕ ਵਧੇਰੇ ਬਿਨੈਕਾਰ ਨਿਰਾਸ਼ ਹੋ ਕੇ ਵਾਪਸ ਪਰਤ ਚੁੱਕੇ ਸਨ ਕਿਉਂਕਿ ਸਰਕਾਰੀ ਸਮਾਂ ਖ਼ਤਮ ਹੋਣ ਵਿਚ ਸਿਰਫ਼ ਕੁਝ ਮਿੰਟ ਹੀ ਬਚੇ ਸਨ।
ਇਹ ਵੀ ਪੜ੍ਹੋ: ਨੂਰਮਹਿਲ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ 8 ਸੀਟਾਂ 'ਤੇ ਆਜ਼ਾਦ ਉਮੀਦਵਾਰ ਰਹੇ ਜੇਤੂ

ਸਭ ਤੋਂ ਵਧੇਰੇ ਪ੍ਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਉਠਾਉਣੀ ਪਈ, ਜੋ ਸਵੇਰੇ-ਸਵੇਰੇ ਦੂਰ-ਦੁਰਾਡੇ ਇਲਾਕਿਆਂ ਵਿਚ ਟੈਸਟ ਦੇਣ ਪਹੁੰਚੇ ਸਨ। ਸੈਂਟਰ ਵਿਚ ਉਚਿਤ ਇੰਤਜ਼ਾਮ ਨਾ ਹੋਣ ਕਾਰਨ ਲੋਕ ਤਿੱਖੀ ਧੁੱਪ ਅਤੇ ਗਰਮ ਹਵਾਵਾਂ ਵਿਚ ਟ੍ਰੈਕ ਨੇੜੇ ਬਣੇ ਛੋਟੇ ਜਿਹੇ ਆਪ੍ਰੇਟਰ ਰੂਮ ਦੇ ਬਾਹਰ ਖੜ੍ਹੇ ਰਹਿਣ ’ਤੇ ਮਜਬੂਰ ਰਹੇ। ਕਈ ਲੋਕ ਲੋਹੇ ਦੀਆਂ ਚਾਦਰਾਂ ਦੀਆਂ ਬਣੀਆਂ ਛੱਤਾਂ ਦੇ ਹੇਠਾਂ ਖੜ੍ਹੇ ਰਹੇ, ਜਿਥੇ ਗਰਮੀ ਅਤੇ ਹੁੰਮਸ ਨੇ ਹਾਲਾਤ ਹੋਰ ਖਰਾਬ ਕਰ ਦਿੱਤੇ। ਬਿਨੈਕਾਰ ਰਵੀ ਕੁਮਾਰ ਨੇ ਗੁੱਸੇ ਵਿਚ ਕਿਹਾ ਕਿ ਸਰਕਾਰ ਡਿਜੀਟਲ ਸਿਸਟਮ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ ਪਰ ਇਥੇ ਇਕ ਕੈਮਰਾ ਖਰਾਬ ਹੋਣ ਨਾਲ ਪੂਰਾ ਕੰਮ ਬੰਦ ਹੋ ਗਿਆ। ਸਵੇਰੇ 7 ਵਜੇ ਤੋਂ ਖੜ੍ਹੇ ਹਾਂ, ਨਾ ਪਾਣੀ ਦਾ ਉਚਿਤ ਪ੍ਰਬੰਧ ਹੈ ਅਤੇ ਨਾ ਹੀ ਬੈਠਣ ਦਾ। ਇਕ ਹੋਰ ਬਿਨੈਕਾਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਛੁੱਟੀ ਲੈ ਕੇ ਆਏ ਸੀ। ਜੇਕਰ ਸਿਸਟਮ ਸੰਭਾਲ ਨਹੀਂ ਸਕਦੇ ਤਾਂ ਲੋਕਾਂ ਨੂੰ ਆਨਲਾਈਨ ਸਲਾਟ ਕਿਉਂ ਦਿੱਤੇ ਜਾਂਦੇ ਹਨ? ਪੂਰਾ ਦਿਨ ਖ਼ਰਾਬ ਹੋ ਗਿਆ।

ਮਹਿਲਾ ਬਿਨੈਕਾਰ ਪੂਜਾ ਸ਼ਰਮਾ ਨੇ ਕਿਹਾ ਕਿ ਧੁੱਪ ਵਿਚ ਖੜ੍ਹੀਆਂ ਔਰਤਾਂ ਅਤੇ ਬਜ਼ੁਰਗਾਂ ਦੀ ਹਾਲਤ ਖਰਾਬ ਹੋ ਰਹੀ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਸੈਂਟਰਾਂ ’ਤੇ ਬੈਕਅਪ ਸਿਸਟਮ ਰੱਖਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ। ਲੋਕਾਂ ਦਾ ਕਹਿਣਾ ਸੀ ਕਿ ਜਦੋਂ ਟੈਸਟ ਪੂਰੀ ਤਰ੍ਹਾਂ ਕੈਮਰਿਆਂ ਅਤੇ ਆਟੋਮੇਟਿਡ ਸਿਸਟਮ ’ਤੇ ਨਿਰਭਰ ਹੈ ਤਾਂ ਤਕਨੀਕੀ ਖਰਾਬੀ ਦੀ ਸਥਿਤੀ ਵਿਚ ਬਦਲਵਾਂ ਪ੍ਰਬੰਧ ਪਹਿਲਾਂ ਤੋਂ ਤਿਆਰ ਹੋਣਾ ਚਾਹੀਦਾ ਹੈ ਪਰ ਅੱਜ ਦੀ ਘਟਨਾ ਨੇ ਇਹ ਸਾਬਿਤ ਕਰ ਦਿੱਤਾ ਕਿ ਸਿਸਟਮ ਦੇ ਨਾਂ ’ਤੇ ਆਮ ਲੋਕਾਂ ਨੂੰ ਸਿਰਫ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੁਪਹਿਰ ਤਕ ਕੈਮਰਾ ਠੀਕ ਹੋਣ ਦੇ ਬਾਵਜੂਦ ਸੀਮਤ ਸਮੇਂ ਕਾਰਨ ਬਹੁਤ ਘੱਟ ਲੋਕਾਂ ਦੇ ਟੈਸਟ ਹੋ ਸਕੇ, ਜਦਕਿ ਵੱਡੀ ਗਿਣਤੀ ਵਿਚ ਬਿਨੈਕਾਰਾਂ ਨੂੰ ਬਿਨਾਂ ਟੈਸਟ ਦਿੱਤੇ ਵਾਪਸ ਪਰਤਣਾ ਪਿਆ। ਇਸ ਸਬੰਧ ਵਿਚ ਏ. ਆਰ. ਟੀ. ਓ. ਵਿਸ਼ਾਲ ਗੋਇਲ ਨੇ ਦੱਸਿਆ ਕਿ ਅੱਜ ਜਿਹੜੇ ਲੋਕਾਂ ਦੇ ਟੈਸਟ ਨਹੀਂ ਹੋ ਸਕੇ, ਉਨ੍ਹਾਂ ਨੂੰ ਸੋਮਵਾਰ ਦੋਬਾਰਾ ਬਿਨਾਂ ਫੀਸ ਅਤੇ ਬਿਨਾਂ ਨਵੀਂ ਐਪੁਆਇੰਟਮੈਂਟ ਦੇ ਪਹਿਲਾਂ ਲਈ ਐਪੁਆਇੰਟਮੈਂਟ ਨੂੰ ਰੀ-ਸ਼ਡਿਊਲ ਕਰ ਕੇ ਪਹਿਲ ਦੇ ਆਧਾਰ ’ਤੇ ਮੌਕਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ 15 ਸਾਲ ਬਾਅਦ ਇੰਡਸਟਰੀ ਸੰਚਾਲਕਾਂ ਲਈ ਪਾਵਰਕਾਮ ਨੇ ਖੜ੍ਹੀ ਕਰ 'ਤੀ ਵੱਡੀ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
