ਪੰਜਾਬ: ਕਲਾਕਾਰ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ! ਦੁਨੀਆ ਛੱਡਣ ਤੋਂ ਪਹਿਲਾਂ ਖੋਲ੍ਹ'ਤੇ ਸਾਰੇ ਭੇਤ
Tuesday, Jun 02, 2026 - 12:02 PM (IST)
ਸ਼ਾਹਕੋਟ (ਅਰਸ਼ਦੀਪ)- ਨਕਲਾਂ ਕਰਦੇ ਸ਼ਾਹਕੋਟ ਦੇ ਇਕ ਨੌਜਵਾਨ ਕਲਾਕਾਰ ਵੱਲੋਂ ਸਾਥੀ ਕਲਾਕਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਸਤਨਾਮ ਪੁੱਤਰ ਬਲਦੇਵ ਰਾਜ ਵਾਸੀ ਮੁਹੱਲਾ ਅਦਰਸ਼ ਨਗਰ (ਧੂੜਕੋਟ) ਸ਼ਾਹਕੋਟ ਨੇ ਦੱਸਿਆ ਕਿ ਉਸ ਦਾ ਪੁੱਤਰ ਹਰਵਿੰਦਰ ਸਿੰਘ ਉਰਫ਼ ਲੱਡੂ (19) ਕਲਾਕਾਰ ਜੋਗਾ (ਤਾਈ ਜਗੀਰੋ) ਪੁੱਤਰ ਤਰਸੇਮ ਵਾਸੀ ਪਿੰਡ ਸਲੈਚਾਂ (ਸ਼ਾਹਕੋਟ) ਨਾਲ ਵਿਆਹਾਂ-ਸ਼ਾਂਦੀਆਂ ’ਤੇ ਸੱਭਿਆਚਾਰਕ ਪ੍ਰੋਗਰਾਮਾਂ ’ਤੇ ਕੰਮ ਕਰਨ ਲਈ ਜਾਂਦਾ ਸੀ। ਹਰਵਿੰਦਰ ਸਿੰਘ 6 ਮਹੀਨੇ ਤੋਂ ਜੋਗੇ ਨਾਲ ਕੰਮ ’ਤੇ ਨਹੀਂ ਜਾ ਰਿਹਾ ਸੀ ਜਦਕਿ ਜੋਗਾ ਮੇਰੇ ਪੁੱਤਰ ਨੂੰ ਕੰਮ ’ਤੇ ਆਉਣ ਲਈ ਮਜਬੂਰ ਕਰ ਰਿਹਾ ਸੀ ਤੇ ਤੰਗ-ਪ੍ਰੇਸ਼ਾਨ ਵੀ ਕਰ ਰਿਹਾ ਸੀ।
ਉਸ ਨੇ ਦੱਸਿਆ ਕਿ 31 ਮਈ ਨੂੰ ਜੋਗਾ ਨੇ ਲੱਡੂ ਨੂੰ ਬੁਲਾਇਆ, ਜਿਸ ਬਾਰੇ ਉਸ ਨੇ ਰਾਤ ਵੇਲੇ ਆਪਣੇ ਪਿਤਾ ਨੂੰ ਦੱਸਿਆ ਸੀ। ਉਸ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜੇ ਉਨ੍ਹਾਂ ਦਾ ਪੁੱਤਰ ਉਲਟੀਆਂ ਕਰ ਰਿਹਾ ਸੀ, ਜਿਸ ਨੇ ਦੱਸਿਆ ਕਿ ਜੋਗੇ ਨੇ ਮੇਰੀ ਜ਼ਿੰਦਗੀ ਖ਼ਰਾਬ ਕਰ ਦਿੱਤੀ ਹੈ ਤੇ ਮੇਰੇ ’ਤੇ ਝੂਠੇ ਇਲਜ਼ਾਮ ਲਾ ਕੇ ਕੇਸ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ, ਜਿਸ ਤੋਂ ਦੁਖੀ ਹੋ ਕੇ ਮੈਂ ਸਲਫਾਸ ਖਾਧੀ ਹੈ।
ਉਨ੍ਹਾਂ ਦੱਸਿਆ ਕਿ ਆਪਣੇ ਲੜਕੇ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਲਿਆਂਦਾ, ਜਿਥੇ ਡਿਊਟੀ ’ਤੇ ਮੌਜੂਦ ਡਾਕਟਰ ਵੱਲੋਂ ਗੰਭੀਰ ਹਾਲਤ ਨੂੰ ਦੇਖਦਿਆਂ ਸਰਕਾਰੀ ਹਸਪਾਲ ਜਲੰਧਰ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੇ ਲੜਕੇ ਦੀ ਮੌਤ ਹੋ ਗਈ। ਸ਼ਾਹਕੋਟ ਪੁਲਸ ਵੱਲੋਂ ਇਸ ਖ਼ੁਦਕੁਸ਼ੀ ਮਾਮਲੇ ਵਿਚ ਕਾਰਵਾਈ ਕਰਦਿਆਂ ਨੌਜਵਾਨ ਦੇ ਪਿਤਾ ਸਤਨਾਮ ਪੁੱਤਰ ਬਲਦੇਵ ਰਾਜ ਦੇ ਬਿਆਨਾਂ ’ਤੇ ਜੋਗਾ (ਤਾਈ ਜਗੀਰੋ) ਪੁੱਤਰ ਤਰਸੇਮ ਵਾਸੀ ਪਿੰਡ ਸਲੈਚਾਂ ’ਤੇ ਸ਼ਾਹਕੋਟ ਥਾਣੇ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।
