ਦੋ ਦਰਜਨ ਤੋਂ ਵੱਧ ਵਿਅਕਤੀਆਂ ਨੇ ਹਥਿਆਰਾਂ ਨਾਲ ਨੌਜਵਾਨ ’ਤੇ ਕੀਤਾ ਹਮਲਾ

Monday, Jun 08, 2026 - 05:58 PM (IST)

ਦੋ ਦਰਜਨ ਤੋਂ ਵੱਧ ਵਿਅਕਤੀਆਂ ਨੇ ਹਥਿਆਰਾਂ ਨਾਲ ਨੌਜਵਾਨ ’ਤੇ ਕੀਤਾ ਹਮਲਾ

ਅਬੋਹਰ (ਸੁਨੀਲ) : ਪੁਰਾਣੀ ਰੰਜਿਸ਼ ਕਾਰਨ ਮੁਹੱਲਾ ਧਰਮ ਨਗਰੀ ਗਲੀ ਨੰਬਰ 6 ਵਾਸੀ ਅਤੇ ਨਵੇਂ ਚੁਣੇ ਗਏ ਭਾਜਪਾ ਕੌਂਸਲਰ ਦੇ ਪੁੱਤਰ ’ਤੇ ਅੱਜ ਦੁਪਹਿਰ ਦੋ ਦਰਜਨ ਤੋਂ ਵੱਧ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਧਰਮ ਨਗਰੀ ਵਾਸੀ ਸੰਜੈ ਪੁੱਤਰ ਪ੍ਰਹਿਲਾਦ ਦੀ ਮਾਂ ਲਕਸ਼ਮੀ ਦੇਵੀ ਨੇ ਬੀਤੇ ਦਿਨੀ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰ. 6 ਤੋਂ ਭਾਜਪਾ ਵੱਲੋਂ ਚੋਣ ਲੜੀ ਸੀ ਅਤੇ ਆਪਣੇ ਵਿਰੋਧੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ।

ਲਕਸ਼ਮੀ ਦੇਵੀ ਦਾ ਪੁੱਤਰ ਸੰਜੇ ਆਪਣੇ ਦੋਸਤ ਸੁਖਦੇਵ ਨਾਲ ਮੋਟਰਸਾਈਕਲ ’ਤੇ ਘਰ ਵਾਪਸ ਆ ਰਿਹਾ ਸੀ ਜਦੋਂ ਉਹ ਧਰਮ ਨਗਰੀ ਗਲੀ ਨੰਬਰ 7 ’ਤੇ ਪਹੁੰਚੇ ਤਾਂ ਹਥਿਆਰਾਂ ਨਾਲ ਲੈਸ ਦੋ ਦਰਜਨ ਦੇ ਕਰੀਬ ਵਿਅਕਤੀ ਕਾਰਾਂ ਅਤੇ ਮੋਟਰਸਾਈਕਲਾਂ ’ਤੇ ਆਏ ਅਤੇ ਦੋਵਾਂ ਨੂੰ ਘੇਰਦੇ ਹੋਏ ਸੁਖਦੇਵ ਨੂੰ ਇਕ ਸਾਈਡ ਕਰ ਦਿੱਤਾ ਅਤੇ ਸੰਜੇ ’ਤੇ ਹਮਲਾ ਕਰ ਕੇ ਉਸ ਨੂੰ ਅੱਧਮਰਿਆ ਛੱਡ ਭੱਜ ਗਏ। ਸੁਖਦੇਵ ਨੇ ਸੰਜੇ ਦੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕੀਤਾ। ਉਨ੍ਹਾਂ ਨੇ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਅਨੁਸਾਰ ਉਸ ਦੇ ਸਿਰ ਅਤੇ ਲੱਤਾਂ ’ਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।

ਹਸਪਤਾਲ ’ਚ ਪਹੁੰਚੇ ਸਥਾਨਕ ਵਿਧਾਇਕ ਸੰਦੀਪ ਜਾਖੜ ਨੇ ਹਮਲੇ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਘਟਨਾ ਪੰਜਾਬ ’ਚ ਵਿਗੜਦੀ ਕਾਨੂੰਨ ਵਿਵਸਥਾ ਦੀ ਇਕ ਜਿਉਂਦੀ ਜਾਗਦੀ ਉਦਾਹਰਣ ਹੈ। ਦਿਨ-ਦਿਹਾੜੇ ਅਜਿਹੇ ਹਮਲੇ ਦਰਸਾਉਂਦੇ ਹਨ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ਅਤੇ ਆਮ ਨਾਗਰਿਕ ਅਸੁਰੱਖਿਅਤ ਮਹਿਸੂਸ ਕਰਦੇ ਹਨ। ਸੰਦੀਪ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਸਰਕਾਰ ਇਸ਼ਤਿਹਾਰਾਂ ਅਤੇ ਝੂਠੇ ਦਾਅਵਿਆਂ ਤੱਕ ਸੀਮਤ ਹੈ ਜਦੋਂ ਕਿ ਜ਼ਮੀਨ ’ਤੇ ਅਪਰਾਧ, ਗੁੰਡਾਗਰਦੀ ਅਤੇ ਹਿੰਸਕ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।


author

Gurminder Singh

Content Editor

Related News