ਆਖਿਰ ਪੁਲਸ ਦੇ ਅੜਿੱਕੇ ਆਇਆ ਰਿਸ਼ਵਤ ਮੰਗਣ ਵਾਲਾ
Sunday, Feb 18, 2018 - 06:44 AM (IST)

ਫਿਲੌਰ(ਭਾਖੜੀ, ਅਜਮੇਰ, ਦੀਪਾ)-ਆਖਰਕਾਰ ਪੁਲਸ ਦੇ ਹੱਥ ਲੱਗ ਗਿਆ ਗਿਰੋਹ ਦਾ ਮੁੱਖ ਸਰਗਣਾ ਜੋ ਨਕਲੀ ਇਨਕਮ ਟੈਕਸ ਅਧਿਕਾਰੀ ਬਣ ਕੇ ਵੱਡੇ ਉਦਯੋਗਿਕ ਘਰਾਣਿਆਂ ਦੇ ਵਪਾਰੀਆਂ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਰਿਸ਼ਵਤ ਮੰਗਦਾ ਸੀ।
ਕਿਵੇਂ ਪਈ ਪੁਲਸ ਨੂੰ ਭਿਣਕ
ਬੀਤੇ ਦਿਨ ਅੱਪਰਾ ਦੇ ਜਿਊਲਰਜ਼ ਸ਼ੋਅਰੂਮ ਮਾਲਕ ਵਰਿੰਦਰ ਘਈ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਕੋਈ ਵਿਅਕਤੀ ਫੋਨ ਕਰ ਕੇ ਆਪਣੇ ਆਪ ਨੂੰ ਵੱਡਾ ਇਨਕਮ ਟੈਕਸ ਅਧਿਕਾਰੀ ਦੱਸ ਕੇ ਉਨ੍ਹਾਂ ਦੇ ਵਿਭਾਗ ਦਾ ਵੱਡੇ ਪੱਧਰ 'ਤੇ ਛਾਪਾ ਪੈਣ ਦੀ ਲਗਾਤਾਰ ਸੂਚਨਾ ਦੇਣ ਸਬੰਧੀ ਫੋਨ ਕਰ ਰਿਹਾ ਹੈ। ਜਦੋਂਕਿ ਉਨ੍ਹਾਂ ਦੇ ਸ਼ੋਅਰੂਮ ਵਿਚ ਛਾਪਾ ਨਹੀਂ ਪਿਆ ਤਾਂ ਉਹ ਹੁਣ ਵੀ ਉਨ੍ਹਾਂ ਨੂੰ ਛਾਪੇ ਦੀ ਸੂਚਨਾ ਦੇ ਕੇ ਉਨ੍ਹਾਂ ਤੋਂ ਤਿੰਨ ਲੱਖ ਰੁਪਏ ਦੀ ਮੰਗ ਕਰ ਕੇ ਕੇਸ ਨੂੰ ਰਫਾ-ਦਫਾ ਕਰਵਾਉਣ ਦੀ ਪੇਸ਼ਕਸ਼ ਦੇ ਰਿਹਾ ਹੈ ਜਿਸ 'ਤੇ ਪੁਲਸ ਚੌਕਸ ਹੋ ਗਈ ਅਤੇ ਉਨ੍ਹਾਂ ਨੇ ਸ਼ੋਅਰੂਮ ਦੀ ਸੁਰੱਖਿਆ ਵਜੋਂ ਸਿਵਲ ਵਰਦੀ ਵਿਚ ਰੇਕੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੁਲਸ ਨੇ ਉਕਤ ਫੋਨ ਨੰਬਰ ਦੀ ਲੋਕੇਸ਼ਨ ਦੀ ਜਾਂਚ ਕੀਤੀ ਤਾਂ ਉਹ ਇਨਕਮ ਟੈਕਸ ਵਿਭਾਗ ਦੇ ਦਫਤਰ ਜਲੰਧਰ ਦੀ ਆ ਰਹੀ ਸੀ। ਜਦੋਂ ਪੁਲਸ ਮਾਲਕ ਘਈ ਦੇ ਨਾਲ ਰਿਸ਼ਵਤ ਦੇ ਤਿੰਨ ਲੱਖ ਰੁਪਏ ਲੈ ਕੇ ਜਲੰਧਰ ਪੁੱਜੀ ਤਾਂ ਉਨ੍ਹਾਂ ਨੂੰ ਇਕ ਰੈਸਟੋਰੈਂਟ ਵਿਚ ਬੁਲਾ ਲਿਆ ਗਿਆ। ਜਿਵੇਂ ਹੀ ਰੈਸਟੋਰੈਂਟ ਦੇ ਮੁਲਾਜ਼ਮ ਨੇ ਰੁਪਏ ਫੜੇ ਤਾਂ ਪੁਲਸ ਉਸ ਨੂੰ ਗ੍ਰਿਫਤਾਰ ਕਰ ਕੇ ਆਪਣੇ ਨਾਲ ਲੈ ਗਈ। ਉਦੋਂ ਤੋਂ ਗਿਰੋਹ ਦਾ ਸਰਗਣਾ ਸੰਦੀਪ ਕੁੰਦਰਾ ਪੁੱਤਰ ਸੁਭਾਸ਼ ਕੁੰਦਰਾ ਏਕਤਾ ਕਾਲੋਨੀ ਹੁਸ਼ਿਆਰਪੁਰ ਆਪਣੇ ਇਕ ਹੋਰ ਸਾਥੀ ਦੇ ਨਾਲ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਜਿਸ ਨੂੰ ਬੀਤੇ ਦਿਨ ਪੁਲਸ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕਰ ਲਈ।
ਸੋਸ਼ਲ ਮੀਡੀਆ ਰਾਹੀਂ ਲੱਭਦਾ ਸੀ ਸ਼ਿਕਾਰ
ਪੁਲਸ ਪੁੱਛਗਿੱਛ ਵਿਚ ਕੁੰਦਰਾ ਨੇ ਦੱਸਿਆ ਕਿ ਉਹ ਖਾਲੀ ਸਮੇਂ ਵਿਚ ਇੰਟਰਨੈੱਟ 'ਤੇ ਜਾ ਕੇ ਨਵੀਆਂ ਚੀਜ਼ਾਂ ਦੇ ਸਬੰਧ ਵਿਚ ਜਾਣਕਾਰੀ ਇਕੱਠੀ ਕਰਦਾ ਰਹਿੰਦਾ ਸੀ। ਉਸ ਨੇ ਨੈੱਟ 'ਤੇ ਜਿਊਲਰੀ ਦੇ ਵੱਡੇ ਵਪਾਰੀਆਂ ਦੇ ਸ਼ੋਅਰੂਮ ਅਤੇ ਉਸ ਦੇ ਅੰਦਰ ਦੀਆਂ ਫੋਟੋਆਂ ਦੇਖੀਆਂ, ਜਿਨ੍ਹਾਂ ਦੇ ਥੱਲੇ ਉਨ੍ਹਾਂ ਨੇ ਆਪਣੇ ਫੋਨ ਨੰਬਰ ਦਿੱਤੇ ਹੋਏ ਸਨ। ਇੱਥੋਂ ਹੀ ਉਸ ਨੇ ਆਪਣੇ ਸ਼ਿਕਾਰ ਲੱਭਣੇ ਸ਼ੁਰੂ ਕਰ ਦਿੱਤੇ। ਸੋਸ਼ਲ ਮੀਡੀਆ 'ਤੇ ਉਸ ਨੇ ਬਾਬੂ ਰਾਮ ਸਰਾਫ ਅੱਪਰਾ ਦੇ ਸ਼ੋਅਰੂਮ ਦੀਆਂ ਫੋਟੋਆਂ ਦੇਖ ਕੇ ਫੋਨ ਨੰਬਰ ਹਾਸਲ ਕਰ ਕੇ ਨਕਲੀ ਅਧਿਕਾਰੀ ਬਣ ਕੇ ਉਨ੍ਹਾਂ ਦੇ ਫੋਨ 'ਤੇ ਫੋਨ ਕਰਨ ਲੱਗ ਪਿਆ। ਇੱਥੋਂ ਹੀ ਉਸ ਨੇ ਖੰਨਾ, ਗੋਬਿੰਦਗੜ੍ਹ, ਲੁਧਿਆਣਾ ਅਤੇ ਚੰਡੀਗੜ੍ਹ ਦੇ ਵਪਾਰੀਆਂ ਦੇ ਨੰਬਰ ਲੈ ਕੇ ਉਨ੍ਹਾਂ ਨੂੰ ਵੀ ਫੋਨ ਕਰ ਕੇ ਡਰਾਇਆ ਧਮਕਾਇਆ।
ਗਿਰੋਹ ਦਾ ਸਰਗਣਾ ਕੁੰਦਰਾ ਹੈ ਬੇਹੱਦ ਸ਼ਾਤਿਰ
ਸੀ. ਆਈ. ਏ. ਸਟਾਫ ਦਿਹਾਤੀ ਦੇ ਮੁਖੀ ਇੰਸਪੈਕਟਰ ਹਰਿੰਦਰ ਗਿੱਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਿਰੋਹ ਦਾ ਸਰਗਣਾ ਸੰਦੀਪ ਕੁੰਦਰਾ ਬਹੁਤ ਹੀ ਸ਼ਾਤਿਰ ਦਿਮਾਗ ਦਾ ਇਨਸਾਨ ਹੈ। ਇਸ ਦਾ ਪਹਿਲਾਂ ਹੁਸ਼ਿਆਰਪੁਰ ਵਿਚ ਇਲੈਕਟ੍ਰੋਨਿਕ ਸਾਮਾਨ ਦਾ ਆਪਣਾ ਸ਼ੋਅਰੂਮ ਹੁੰਦਾ ਸੀ ਜਿਸ ਵਿਚ ਘਾਟਾ ਪੈ ਜਾਣ ਤੋਂ ਬਾਅਦ ਇਸ ਨੇ ਉਹ ਸ਼ੋਅਰੂਮ ਬੰਦ ਕਰਕੇ ਪ੍ਰਾਪਰਟੀ ਡੀਲਰ ਦਾ ਕੰਮ ਸ਼ੁਰੂ ਕਰ ਦਿੱਤਾ ਤਾਂ ਇਸ ਨੇ ਵੱਡੇ ਉਦਯੋਗਪਤੀਆਂ ਦੀਆਂ ਜੇਬਾਂ ਤੋਂ ਰੁਪਏ ਕਿਵੇਂ ਕਢਵਾਏ ਜਾਣ, ਇਸ ਦੇ ਲਈ ਇਸ ਨੇ ਨਕਲੀ ਇਨਕਮ ਟੈਕਸ ਅਧਿਕਾਰੀ ਬਣ ਕੇ ਵਪਾਰੀਆਂ ਨੂੰ ਡਰਾਉਣ ਦੀ ਯੋਜਨਾ ਬਣਾਈ। ਗਲਤ ਪਛਾਣ 'ਤੇ ਸਿਮ ਖਰੀਦ ਕੇ ਉਨ੍ਹਾਂ ਨੂੰ ਫੋਨ ਕਰਨ ਲੱਗ ਪਿਆ।
ਕੁੰਦਰਾ ਨੇ ਨੈੱਟ ਰਾਹੀਂ ਲਈ ਨਕਲੀ ਇਨਕਮ ਟੈਕਸ ਅਧਿਕਾਰੀ ਬਣਨ ਦੀ ਟ੍ਰੇਨਿੰਗ
ਸੰਦੀਪ ਕੁੰਦਰਾ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਸ ਨੇ ਨਕਲੀ ਅਧਿਕਾਰੀ ਬਣਨ ਤੋਂ ਪਹਿਲਾਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਂ ਉਨ੍ਹਾਂ ਦੇ ਫੋਨ ਨੰਬਰ ਸਭ ਤੋਂ ਵੱਡੇ ਅਧਿਕਾਰੀ ਦਾ ਪ੍ਰਦੇਸ਼ ਵਿਚ ਕੀ ਰੈਂਕ ਹੈ। ਉਹ ਪ੍ਰਦੇਸ਼ ਦੇ ਸ਼ਹਿਰ ਚੰਡੀਗੜ੍ਹ ਵਿਚ ਕਿੱਥੇ ਬੈਠਦਾ ਹੈ। ਇਸ ਦੀ ਪੂਰੀ ਜਾਣਕਾਰੀ ਉਸ ਨੇ ਇੰਟਰਨੈੱਟ ਰਾਹੀਂ ਹਾਸਲ ਕੀਤੀ। ਉਹ ਅਧਿਕਾਰੀ ਕਿਸ ਤਰ੍ਹਾਂ ਗੱਲਬਾਤ ਕਰਦੇ ਹਨ। ਇਸ ਦੇ ਲਈ ਵੀ ਉਹ ਆਮ ਕਰ ਕੇ ਉਨ੍ਹਾਂ ਨੂੰ ਨਕਲੀ ਵਪਾਰੀ ਬਣ ਕੇ ਫੋਨ ਕਰ ਕੇ ਟ੍ਰੇਨਿੰਗ ਹਾਸਲ ਕਰ ਚੁੱਕਾ ਹੈ। ਇਹੀ ਨਹੀਂ, ਉਹ ਕਈ ਵਾਰ ਖਾਲੀ ਸਮੇਂ ਵਿਚ ਵਪਾਰੀ ਬਣ ਕੇ ਇਨਕਮ ਟੈਕਸ ਵਿਭਾਗ ਦੇ ਦਫਤਰ ਵਿਚ ਚੱਕਰ ਕੱਟ ਕੇ ਉਨ੍ਹਾਂ ਦਾ ਰਹਿਣ ਸਹਿਣ ਉੱਠਣਾ ਬੈਠਣਾ ਦੇਖ ਗਿਆ ਸੀ। ਇੰਸਪੈਕਟਰ ਗਿੱਲ ਨੇ ਦੱਸਿਆ ਕਿ ਉਹ ਇੰਨਾ ਸ਼ਾਤਰ ਹੈ ਕਿ ਜਦੋਂ ਵੀ ਉਹ ਕਿਸੇ ਵਪਾਰੀ ਨੂੰ ਡਰਾਉਣ ਧਮਕਾਉਣ ਲਈ ਉਨ੍ਹਾਂ ਨੂੰ ਫੋਨ ਕਰਦਾ ਤਾਂ ਬਾਕਾਇਦਾ ਉਹ ਉਸ ਸਮੇਂ ਸਬੰਧਿਤ ਇਨਕਮ ਟੈਕਸ ਵਿਭਾਗ ਦੇ ਦਫਤਰ ਦੇ ਕੋਲ ਖੜ੍ਹਾ ਹੋ ਕੇ ਕਰਦਾ। ਜਿਸ ਤੋਂ ਜੇਕਰ ਕੋਈ ਵਿਅਕਤੀ ਉਸ ਦੀ ਫੋਨ ਕਾਲ ਦੀ ਲੋਕੇਸ਼ਨ ਚੈੱਕ ਕਰੇ ਤਾਂ ਉਸ ਤੋਂ ਵਪਾਰੀ ਅਤੇ ਪੁਲਸ ਨੂੰ ਉਸ 'ਤੇ ਸ਼ੱਕ ਨਾ ਹੋ ਸਕੇ।
ਗਿੱਲ ਨੇ ਦੱਸਿਆ ਕਿ ਸੰਦੀਪ ਕੁੰਦਰਾ ਦੇ ਕੇਸ ਵਿਚ ਕਿਸੇ ਵੀ ਤਰ੍ਹਾਂ ਦੇ ਜਲੰਧਰ ਇਨਕਮ ਟੈਕਸ ਵਿਭਾਗ ਦੇ ਦਫਤਰ ਦੇ ਕਿਸੇ ਵੀ ਅਧਿਕਾਰੀ ਦੀ ਕੋਈ ਸ਼ਮੂਲੀਅਤ ਨਹੀਂ ਪਾਈ ਗਈ, ਸਗੋਂ ਉਹ ਆਪ ਅੱਪਰਾ ਦੇ ਸਰਾਫ ਘਈ ਨੂੰ ਫੋਨ ਕਰਨ ਸਮੇਂ ਇਨਕਮ ਟੈਕਸ ਦਫਤਰ ਦੇ ਕੋਲ ਖੜ੍ਹੇ ਹੋ ਜਾਂਦੇ ਸਨ। ਪੁਲਸ ਨੇ ਉਸ ਦੇ ਕੋਲੋਂ ਉਹ ਸਿਮ ਫੋਨ ਅਤੇ ਵਪਾਰੀਆਂ ਤੋਂ ਰਿਸ਼ਵਤ ਮੰਗਣ ਦੀ ਜ਼ਿਆਦਾਤਰ ਰਿਕਾਰਡਿੰਗ ਵੀ ਉਸ ਤੋਂ ਪ੍ਰਾਪਤ ਕਰ ਲਈ ਹੈ। ਇਸ ਕੰਮ ਵਿਚ ਸੰਦੀਪ ਕੁੰਦਰਾ ਦਾ ਜਲੰਧਰ ਦਾ ਰਹਿਣ ਵਾਲਾ ਉੱਚ ਰਾਜਨੀਤਕ ਸਾਥੀ ਸ਼ਾਮਲ ਹੈ। ਉਸ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਲ ਦੀ ਘੜੀ ਪੁਲਸ ਉਸ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।