ਪੰਜਾਬ ਪੁਲਸ ਦੇ ਮੁਲਾਜ਼ਮ ਦੇ ''ਕਤਲ'' ਮਾਮਲੇ ''ਚ ਨਵਾਂ ਮੋੜ! ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ
Saturday, May 23, 2026 - 01:42 PM (IST)
ਲੋਹੀਆਂ ਖ਼ਾਸ (ਸੱਦੀ)- ਬੀਤੇ ਦਿਨੀਂ ਰਾਤ ਵੇਲੇ ਆਪਣੀ ਡਿਊਟੀ ਖ਼ਤਮ ਕਰਨ ਤੋਂ ਬਾਅਦ ਸ਼ਾਹਕੋਟ ਥਾਣੇ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ‘ਗੱਟਾ ਮੁੰਡੀ ਕਾਸੂ’ ਰਾਤ 10 ਵਜੇ ਦੇ ਕਰੀਬ ਵਾਪਸ ਜਾ ਰਹੇ ਏ. ਐੱਸ. ਆਈ. ਪੂਰਨ ਸਿੰਘ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਸੀ। ਉਨ੍ਹਾਂ ਦੇ ਸਿਰ ’ਤੇ ਸੱਟਾਂ ਦੇ ਦੋ ਗਹਿਰੇ ਜ਼ਖ਼ਮ ਵੀ ਸਨ ਪਰ ਪੁਲਸ ਵੱਲੋਂ ਪਹਿਲਾਂ ਇਸ ਨੂੰ ਸੜਕ ਹਾਦਸਾ (ਐਕਸੀਡੈਂਟ) ਦੱਸਿਆ ਜਾ ਰਿਹਾ ਸੀ।
‘ਸ਼ੇਰ-ਏ-ਪੰਜਾਬ ਬ੍ਰਿਗੇਡ ਸ਼ਾਹਕੋਟ' ਦੇ ਬਹਾਦਰ ਸਿੰਘ ਸੰਧੂ ਅਤੇ ਗੁਰਲਾਲ ਸਿੰਘ ਗਿੱਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਏ. ਐੱਸ. ਆਈ. ਪੂਰਨ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮ੍ਰਿਤਕ ਏ. ਐੱਸ. ਆਈ. ਵੱਲੋਂ ਆਮ ਲੋਕਾਂ ’ਤੇ ਭਾਰੀ ਤਸ਼ੱਦਦ ਕੀਤਾ ਜਾਂਦਾ ਸੀ, ਜਿਸ ਕਾਰਨ ਉਨ੍ਹਾਂ ਨੇ ਉਸ ਦਾ ਕਤਲ ਕੀਤਾ ਹੈ। ਇਸ ਤੋਂ ਇਲਾਵਾ ਉਕਤ ਨੌਜਵਾਨਾਂ ਵੱਲੋਂ ਮ੍ਰਿਤਕ ਏ. ਐੱਸ. ਆਈ. ਪੂਰਨ ਸਿੰਘ ’ਤੇ ਵੱਖ-ਵੱਖ ਥਾਣਿਆਂ ’ਚ ਆਪਣੀ ਤਾਇਨਾਤੀ ਦੌਰਾਨ ਕਈ ਤਰ੍ਹਾਂ ਦੇ ਗਲਤ ਕੰਮ ਕਰਨ ਦੇ ਦੋਸ਼ ਲਾਉਂਦਿਆਂ ਉਸ ਖ਼ਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਗਈ।
ਸ਼ਾਹਕੋਟ ਦੇ ਡੀ. ਐੱਸ. ਪੀ. ਸਰਵਣ ਸਿੰਘ ਬੱਲ ਨੇ ਉਕਤ ਜਥੇਬੰਦੀ ਦੇ ਲੋਕਾਂ ਵੱਲੋਂ ਮ੍ਰਿਤਕ ਏ. ਐੱਸ. ਆਈ. ਪੂਰਨ ਸਿੰਘ ’ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਪੂਰਨ ਸਿੰਘ ਨੇ ਆਪਣੀ ਨੌਕਰੀ ਬਤੌਰ ਕਾਂਸਟੇਬਲ ਸ਼ੁਰੂ ਕੀਤੀ ਸੀ ਤੇ ਕਈ ਥਾਣਿਆਂ ਵਿਚ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਪਰ ਕਦੇ ਵੀ ਉਨ੍ਹਾਂ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਆਈ। ਉਨ੍ਹਾਂ ਕਿਹਾ ਕਿ ਉਕਤ ਦੋਵੇਂ ਵਿਅਕਤੀ ਸੋਸ਼ਲ ਮੀਡੀਆ ’ਤੇ ਏ. ਐੱਸ. ਆਈ. ਪੂਰਨ ਸਿੰਘ ਖ਼ਿਲਾਫ਼ ਝੂਠਾ ਪ੍ਰਚਾਰ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਵਿਅਕਤੀਆਂ (ਬਹਾਦਰ ਸਿੰਘ ਸੰਧੂ ਤੇ ਗੁਰਲਾਲ ਸਿੰਘ) ਖ਼ਿਲਾਫ਼ ਥਾਣਾ ਲੋਹੀਆਂ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਦੋਵਾਂ ਨੂੰ ਝੂਠੀਆਂ ਅਫ਼ਵਾਹਾਂ ਫੈਲਾਉਣ ਅਤੇ ਗੁੰਮਰਾਹ ਕਰਨ ਦੇ ਦੋਸ਼ ਹੇਠ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਜਿਹੀਆਂ ਬੇਤੁਕੀਆਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ।
