ਇਕ ਅਪਰਾਧਿਕ ਮਾਮਲੇ ''ਚ ਸੁਰਿੰਦਰ ਸਿੰਘ ਬੱਬੂ ਤੇ ਰੋਹਿਤ ਗਿੱਲ ਨੇ ਪੁਲਸ ਸਾਹਮਣੇ ਕੀਤਾ ਆਤਮ ਸਮਰਪਣ

Saturday, Jan 13, 2018 - 01:27 AM (IST)

ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਕੌਂਸਲਰ ਬੇਟੇ ਸੁਰਿੰਦਰ ਸਿੰਘ ਬੱਬੂ (ਉਪ ਪ੍ਰਧਾਨ ਕੰਟੋਨਮੈਂਟ ਬੋਰਡ) ਅਤੇ ਰੋਹਿਤ ਗਿੱਲ ਨੇ ਅੱਜ ਇਕ ਅਪਰਾਧਿਕ ਕੇਸ ਵਿਚ ਫਿਰੋਜ਼ਪੁਰ ਛਾਉਣੀ ਦੀ ਪੁਲਸ ਸਾਹਮਣੇ ਆਤਮ ਸਮਰਪਣ ਕੀਤਾ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਕੈਂਟ ਬੋਰਡ ਦੇ ਕੌਂਸਲਰ ਜੋਰਾ ਸਿੰਘ ਸੰਧੂ ਦੇ ਬਿਆਨਾਂ 'ਤੇ ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਨੇ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਖਿਲਾਫ ਮੁਕੱਦਮਾ ਦਰਜ ਕੀਤਾ ਸੀ, ਜਿਸ 'ਚ ਜੋਰਾ ਸਿੰਘ ਸੰਧੂ ਕੌਂਸਲਰ ਨੇ 6 ਜੂਨ 2017 ਨੂੰ ਮੁਕੱਦਮਾ ਦਰਜ ਕਰਵਾਉਂਦੇ ਹੋਏੇ ਦੋਸ਼ ਲਾਇਆ ਸੀ ਕਿ ਸੁਰਿੰਦਰ ਸਿੰਘ ਬੱਬੂ, ਰੋਹਿਤ ਗਿੱਲ ਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਨੇ ਉਸ ਨਾਲ ਕਥਿਤ ਰੂਪ 'ਚ ਕੁੱਟ-ਮਾਰ ਕੀਤੀ ਤੇ ਉਸ ਦੀ ਪਗੜੀ ਉਤਾਰ ਕੇ ਬੇਇੱਜ਼ਤ ਕੀਤਾ ਸੀ। 
ਸੁਰਿੰਦਰ ਸਿੰਘ ਬੱਬੂ ਤੇ ਰੋਹਿਤ ਗਿੱਲ ਵਲੋਂ ਦਾਇਰ ਕੀਤੀ ਗਈ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਨੂੰ ਜ਼ਿਲਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਵਲੋਂ ਖਾਰਜ ਕਰ ਦਿੱਤਾ ਗਿਆ ਸੀ ਤੇ ਉਸ ਦੇ ਬਾਅਦ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਕੇ ਪੇਸ਼ਗੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਥਾਣਾ ਫਿਰੋਜ਼ਪੁਰ ਛਾਉਣੀ ਦੇ ਐੱਸ. ਐੱਚ. ਓ. ਨਵੀਨ ਕੁਮਾਰ ਸਬ-ਇੰਸਪੈਕਟਰ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਸੁਰਿੰਦਰ ਸਿੰਘ ਬੱਬੂ ਤੇ ਰੋਹਿਤ ਗਿੱਲ ਨੇ ਖੁਦ ਥਾਣੇ 'ਚ ਆ ਕੇ ਆਤਮ-ਸਮਰਪਣ ਕੀਤਾ ਹੈ। 
ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ ਤੇ ਬੇਗੁਨਾਹ ਹਾਂ : ਸੁਰਿੰਦਰ ਬੱਬੂ/ਰੋਹਿਤ ਗਿੱਲ 
ਦੂਸਰੇ ਪਾਸੇ ਸੰਪਰਕ ਕਰਨ 'ਤੇ ਕੰਟੋਨਮੈਂਟ ਬੋਰਡ ਫਿਰੋਜ਼ਪੁਰ ਦੇ ਉਪ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਤੇ ਰੋਹਿਤ ਗਿੱਲ ਨੇ ਕਿਹਾ ਕਿ ਅਸੀਂ ਕਾਨੂੰਨ ਨੂੰ ਮੰਨਦੇ ਤੇ ਸਨਮਾਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਖਿਲਾਫ ਦਰਜ ਕੀਤਾ ਗਿਆ ਇਹ ਮੁਕੱਦਮਾ ਸਰਾਸਰ ਝੂਠਾ ਹੈ ਤੇ ਸਿਆਸੀ ਰੰਜਿਸ਼ ਕਾਰਨ ਸਾਨੂੰ ਬਦਨਾਮ ਕਰਨ ਲਈ ਇਹ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ 'ਚ ਆਪਣੀ ਬੇਗੁਨਾਹੀ ਸਾਬਤ ਕਰਾਂਗੇ ਤੇ ਸਾਨੂੰ ਵਿਸ਼ਵਾਸ ਹੈ ਕਿ ਸਾਨੂੰ ਨਿਆਂ ਮਿਲੇਗਾ, ਸਾਨੂੰ ਅਦਾਲਤ ਤੇ ਕਾਨੂੰਨ 'ਤੇ ਪੂਰਾ ਭਰੋਸਾ ਹੈ। ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਨੇ ਕਿਹਾ ਕਿ ਪੇਸ਼ਗੀ ਜ਼ਮਾਨਤ ਲਈ ਅਦਾਲਤ 'ਚ ਅਰਜ਼ੀ ਦਾਇਰ ਕਰਨਾ ਸਾਡਾ ਸੰਵਿਧਾਨਿਕ ਹੱਕ ਹੈ ਤੇ ਜਦ ਸਾਨੂੰ ਜ਼ਮਾਨਤ ਨਹੀਂ ਮਿਲੀ ਤਾਂ ਸਾਡੇ ਪਿਤਾ ਨੇ ਸਾਨੂੰ ਆਤਮ ਸਮਰਪਣ ਕਰਨ ਲਈ ਪ੍ਰੇਰਿਤ ਕੀਤਾ ਤੇ ਅਸੀਂ ਪੁਲਸ ਦੇ ਸਾਹਮਣੇ ਖੁਦ ਆ ਕੇ ਪੇਸ਼ ਹੋਏ ਹਾਂ। ਇਸ ਮੌਕੇ ਉਨ੍ਹਾਂ ਨਾਲ ਭਾਰੀ ਗਿਣਤੀ 'ਚ ਅਕਾਲੀ ਵਰਕਰ ਤੇ ਉਨ੍ਹਾਂ ਦੇ ਸਾਥੀ ਮੌਜੂਦ ਸਨ। ਦੱਸਣਯੋਗ ਹੈ ਕਿ ਜੋਗਿੰਦਰ ਸਿੰਘ ਜਿੰਦੂ ਅਕਾਲੀ ਦਲ ਵਲੋਂ ਫਿਰੋਜ਼ਪੁਰ ਦਿਹਾਤੀ ਖੇਤਰ ਦੇ ਵਿਧਾਇਕ ਰਹਿ ਚੁੱਕੇ ਹਨ, ਜਦਕਿ ਜੋਰਾ ਸਿੰਘ ਸੰਧੂ ਕੌਂਸਲਰ ਭਾਜਪਾ ਨਾਲ ਸਬੰਧ ਰੱਖਦੇ ਹਨ।


Related News