ਲੁੱਟ-ਖੋਹ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

11/18/2017 5:07:10 AM

ਜਲੰਧਰ (ਪ੍ਰੀਤ)- ਲੁਧਿਆਣਾ, ਨਵਾਂਸ਼ਹਿਰ, ਜਲੰਧਰ ਵਿਚ ਲੁੱਟ-ਖੋਹ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 6 ਮੈਂਬਰੀ ਗੈਂਗ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਗ੍ਰਿਫਤਾਰ ਲੁਟੇਰਿਆਂ ਕੋਲੋਂ ਨਸ਼ੀਲਾ ਪਦਾਰਥ, ਅਸਲਾ, ਤੇਜ਼ਧਾਰ ਹਥਿਆਰ, ਚੋਰੀ ਤੇ ਲੁੱਟ ਦੇ ਵ੍ਹੀਕਲ ਤੇ ਚੋਰੀ ਦੇ ਕਰੀਬ 14 ਤੋਲੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਗਿਰੋਹ ਦਾ ਸਰਗਨਾ ਮਨਪ੍ਰੀਤ ਉਰਫ ਮਨੂੰ ਐੱਨ. ਆਰ. ਆਈ. ਹੈ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਐੱਸ. ਐੱਚ. ਓ. ਸੰਜੀਵ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਲਾਕੇ ਵਿਚ ਲੁਟੇਰਾ ਗੈਂਗ ਦੇ ਮੈਂਬਰ ਸਰਗਰਮ ਹਨ ਤੇ ਵਾਰਦਾਤ ਕਰਨ ਦੀ ਫਿਰਾਕ ਵਿਚ ਹਨ। ਸੂਚਨਾ ਮਿਲਦਿਆਂ ਹੀ ਐੱਸ. ਪੀ. ਬਲਕਾਰ ਸਿੰਘ, ਡੀ. ਐੱਸ. ਪੀ. ਫਿਲੌਰ ਨਵਨੀਤ ਬੈਂਸ ਦੀ ਅਗਵਾਈ ਵਿਚ ਪੁਲਸ ਟੀਮ ਗਠਿਤ ਕਰ ਕੇ ਰੇਡ ਕੀਤੀ ਗਈ ਤੇ ਮੌਕੇ 'ਤੇ ਲੁਟੇਰਾ ਗੈਂਗ ਦੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਦੇਵ ਸਿੰਘ ਵਾਸੀ ਗੁਰਬਖਸ਼ ਕਾਲੋਨੀ, ਬਹਾਦਰਕੇ ਲੁਧਿਆਣਾ, ਪਵਨ ਕੁਮਾਰ ਉਰਫ ਪੱੱਪੂ ਪੁੱਤਰ ਬਬਲੇਸ਼ ਕੁਮਾਰ ਵਾਸੀ ਵਿਸ਼ਵਕਰਮਾ ਨਗਰ ਲੁਧਿਆਣਾ, ਗੁਰਪ੍ਰੀਤ ਉਰਫ ਕਾਲੀ ਪੁੱਤਰ ਸੁਰਿੰਦਰ ਸਿੰਘ ਵਾਸੀ ਖੂਹੀ ਮੁਹੱਲਾ, ਰਾਮਗੜ੍ਹ ਫਿਲੌਰ, ਪ੍ਰਿੰਸ ਉਰਫ ਰਾਜੂ ਕਾਣਾ ਪੁੱਤਰ ਗੁਲਸ਼ਨ ਕੁਮਾਰ ਵਾਸੀ ਅਮਨ ਨਗਰ, ਸਲੇਮ ਟਾਬਰੀ ਲੁਧਿਆਣਾ, ਰਾਜੂ ਕੁਮਾਰ ਉਰਫ ਰਾਜੂ ਪੁੱਤਰ ਛੇਦੀ ਲਾਲ ਵਾਸੀ ਨਜ਼ਦੀਕ ਗਰੀਨ ਲੈਂਡ ਸਕੂਲ ਲੁਧਿਆਣਾ ਤੇ ਨਵਦੀਪ ਸਿੰਘ ਉਰਫ ਗੋਪੀ ਪੁੱਤਰ ਭੁਪਿੰਦਰ ਸਿੰਘ ਵਾਸੀ ਅਮਨ ਨਗਰ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਕੋਲੋਂ ਪੁਲਸ ਨੇ ਮੌਕੇ 'ਤੇ 315 ਗ੍ਰਾਮ ਨਸ਼ੀਲਾ ਪਦਾਰਥ, ਇਕ ਰਿਵਾਲਵਰ, ਤਿੰਨ ਦਾਤਰ, ਇਕ ਮਾਰੂਤੀ ਕਾਰ ਤੇ ਕਰੀਬ 14 ਤੋਲੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗਿਰੋਹ ਦਾ ਪਰਦਾਫਾਸ਼ ਹੋਣ ਨਾਲ ਫਿਲੌਰ, ਮਹਿਤਪੁਰ, ਭੋਗਪੁਰ, ਗੁਰਾਇਆ ਏਰੀਆ ਵਿਚ ਮਾਰਚ ਮਹੀਨੇ ਤੋਂ ਲੈ ਕੇ ਹੁਣ ਤਕ ਹੋਈਆਂ ਚੋਰੀ ਦੀਆਂ ਕਰੀਬ 8 ਵਾਰਦਾਤਾਂ ਹੱਲ ਹੋਈਆਂ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਪੁੱਛਗਿੱਛ ਵਿਚ ਖੁਲਾਸਾ ਹੋਇਆ ਹੈ ਕਿ ਗਿਰੋਹ ਦੇ ਮੈਂਬਰਾਂ ਨੇ ਪਿਛਲੇ ਕਰੀਬ 2 ਸਾਲ ਵਿਚ ਜਲੰਧਰ, ਨਵਾਂਸ਼ਹਿਰ, ਲੁਧਿਆਣਾ ਵਿਚ ਲੁੱਟ-ਖੋਹ ਤੇ ਚੋਰੀ ਦੀਆਂ ਕਰੀਬ 24 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 
ਅਮਰੀਕਾ ਤੋਂ ਪਰਤ ਕੇ ਬਣਾਇਆ ਗੈਂਗ
ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਮਨਪ੍ਰੀਤ ਉਰਫ ਮਨੂੰ ਦੇ ਮਾਤਾ-ਪਿਤਾ ਯੂ. ਐੱਸ. ਏ. ਵਿਚ ਰਹਿੰਦੇ ਹਨ। ਸਾਰਾ ਪਰਿਵਾਰ ਆਰਥਿਕ ਤੌਰ 'ਤੇ ਖੁਸ਼ਹਾਲ ਹੈ। ਮਨੂੰ ਪਹਿਲਾਂ ਬੁਰੀ ਸੰਗਤ ਵਿਚ ਪੈ ਗਿਆ। ਉਸ ਦੇ ਮਾਤਾ-ਪਿਤਾ ਨੇ  ਉਸ ਨੂੰ ਯੂ. ਐੱਸ. ਏ. ਬੁਲਾ ਲਿਆ। ਕਾਫੀ ਸਾਲ ਉਥੇ ਰਹਿਣ ਤੋਂ ਬਾਅਦ ਮਨੂੰ ਕਰੀਬ ਢਾਈ ਸਾਲ ਪਹਿਲਾਂ ਯੂ. ਐੱਸ. ਏ. ਤੋਂ ਇਥੇ ਆ ਗਿਆ। ਬੁਰੀਆਂ ਆਦਤਾਂ ਕਾਰਨ ਪਰਿਵਾਰ ਵਾਲਿਆਂ ਨੇ ਵੀ ਉਸ ਦੀ ਆਰਥਿਕ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਐੱਨ. ਆਰ. ਆਈ. ਮਨੂੰ ਨੇ ਆਪਣੇ ਨਾਲ ਕੁਝ ਅਪਰਾਧੀਆਂ ਨੂੰ ਮਿਲਾ ਕੇ ਗੈਂਗ ਬਣਾ ਲਿਆ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਾ। 
ਕਈ ਵਾਰ ਕਰ ਚੁੱਕਾ ਹੈ ਮਨੂੰ ਜੇਲ ਯਾਤਰਾ
ਜਾਂਚ ਵਿਚ ਪਤਾ ਲੱਗਾ ਹੈ ਕਿ ਸਾਲ 2015 ਵਿਚ ਮਨੂੰ ਨੇ ਆਪਣੇ ਸਾਥੀ ਸੰਜੇ, ਸ਼ਸ਼ੀਕਾਂਤ ਨਾਲ ਮਿਲ ਕੇ ਰਾਜਸਥਾਨ ਦੇ ਪਿੰਡ ਬਹੀਰੋਡ ਤੋਂ 60 ਹਜ਼ਾਰ ਰੁਪਏ ਤੇ 7 ਤੋਲੇ ਸੋਨੇ ਦੇ ਗਹਿਣੇ ਚੋਰੀ ਕੀਤੇ। ਇਸ ਮਾਮਲੇ ਵਿਚ ਮਨੂੰ ਤੇ ਉਸ ਦੇ ਸਾਥੀ ਕਰੀਬ ਇਕ ਸਾਲ ਤਕ ਜੇਲ ਵੀ ਰਹੇ। ਇਸ ਤੋਂ ਬਾਅਦ ਸਾਲ 2016 ਵਿਚ ਪਿੰਡ ਖੁਸਰੋਪੁਰ ਜਲੰਧਰ ਵਿਚ ਚੋਰੀ ਦੀ ਵਾਰਦਾਤ 'ਚ ਫੜੇ ਗਏ ਸਨ। ਇਸ ਮਾਮਲੇ ਵਿਚ ਉਹ ਜ਼ਮਾਨਤ 'ਤੇ ਹਨ। ਇਸ ਤੋਂ ਇਲਾਵਾ ਹੁਣ ਤਕ ਮਨੂੰ ਤੇ ਉਸ ਦੇ ਸਾਥੀਆਂ ਨੇ ਕਰੀਬ 22 ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ। ਐੱਸ. ਐੱਸ. ਪੀ.  ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਚੋਰੀ ਦੇ ਗਹਿਣੇ ਕਿੱਥੇ ਵੇਚੇ। ਉਨ੍ਹਾਂ ਕੋਲੋਂ ਬਰਾਮਦਗੀ ਦੀ ਕੋਸ਼ਿਸ਼ ਕੀਤੀ ਜਾਵੇਗੀ।


Related News