ਏ. ਟੀ. ਐੱਮ. ਲੁੱਟਣ ਵਾਲੇ ਗਿਰੋਹ ਨੇ 34 ਵਾਰਦਾਤਾਂ ''ਚ ਲੁੱਟੇ ਸਨ 3.25 ਕਰੋੜ

07/26/2017 5:57:09 AM

 to  
 

ਜਲੰਧਰ(ਪ੍ਰੀਤ, ਧੀਰ)—ਆਈ. ਜੀ. ਪੀ. ਜਲੰਧਰ ਜ਼ੋਨ ਅਰਪਿਤ ਸ਼ੁਕਲਾ ਤੇ ਡੀ. ਆਈ. ਜੀ. ਜਲੰਧਰ ਰੇਂਜ ਜਸਕਰਨ ਸਿੰਘ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿਚ ਉਨ੍ਹਾਂ ਦੱਸਿਆ ਕਿ ਕਪੂਰਥਲਾ ਪੁਲਸ ਨੇ ਇਕ ਏ. ਟੀ. ਐੱਮ. ਲੁੱਟਣ ਵਾਲੇ ਚੋਰ-ਗਿਰੋਹ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਬੀਤੀ 19-20 ਜੁਲਾਈ ਦੀ ਅੱਧੀ ਰਾਤ ਸੁਲਤਾਨਪੁਰ ਲੋਧੀ ਵਿਚ ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ.) ਦਾ ਏ. ਟੀ. ਐੱਮ. ਗੈਸ ਕੱਟਰ ਦੀ ਸਹਾਇਤਾ ਨਾਲ ਕੱਟ ਕੇ ਅਣਪਛਾਤੇ ਲੁਟੇਰਿਆਂ ਨੇ 11.43 ਲੱਖ ਰੁਪਏ ਲੁੱਟ ਲਏ ਸਨ। ਇਸ ਸੰਬੰਧੀ ਮੁਕੱਦਮਾ ਨੰਬਰ 205 ਧਾਰਾ 457/380 ਅਧੀਨ ਥਾਣਾ ਸੁਲਤਾਨਪੁਰ ਲੋਧੀ ਵਿਚ ਦਰਜ ਕੀਤਾ ਗਿਆ ਸੀ। 24 ਜੁਲਾਈ ਨੂੰ ਕਪੂਰਥਲਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਫੌਜੀ ਕਾਲੋਨੀ ਮੋੜ ਸੁਲਤਾਨਪੁਰ ਲੋਧੀ ਵਿਖੇ ਕਪੂਰਥਲਾ ਤੋਂ ਆਉਂਦੀ ਇਕ ਵਰਨਾ ਕਾਰ ਨੰਬਰ ਪੀ. ਬੀ.-07, ਏ. ਐੱਮ.-8224 ਨੂੰ ਰੋਕਿਆ ਤੇ ਉਸ ਵਿਚੋਂ 3 ਨੌਜਵਾਨਾਂ ਨੂੰ ਕਾਬੂ ਕੀਤਾ।  ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਈ. ਜੀ. ਪੀ. ਜਲੰਧਰ ਜ਼ੋਨ-2 ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਉੱਤਰ ਪ੍ਰਦੇਸ਼ ਵਿਚ ਏ. ਟੀ. ਐੱਮ. ਲੁੱਟਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਪੂਰਥਲਾ ਪੁਲਸ ਨੇ ਕਾਬੂ ਕੀਤਾ ਹੈ। ਸ਼ੁਕਲਾ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਵਿਚ ਓ. ਬੀ. ਸੀ. ਬੈਂਕ ਦੇ ਏ. ਟੀ. ਐੱਮ. ਨੂੰ ਲੁਟੇਰੇ ਰਾਤ ਵੇਲੇ ਗੈਸ ਕਟਰ ਨਾਲ ਕੱਟ ਕੇ 11,43,100 ਰੁਪਏ ਚੋਰੀ ਕਰ ਕੇ ਫਰਾਰ ਹੋ ਗਏ ਸਨ। ਵਾਰਦਾਤ ਦਾ ਪਤਾ ਲੱਗਦਿਆਂ ਹੀ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ। ਜਾਂਚ ਦੌਰਾਨ ਮੌਕੇ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਵਾਈ ਗਈ, ਜਿਨ੍ਹਾਂ ਦੇ ਆਧਾਰ 'ਤੇ ਅਪਰਾਧੀਆਂ ਦੇ ਸਕੈੱਚ ਤਿਆਰ ਕਰਵਾਏ ਗਏ। ਜਾਂਚ ਵਿਚ ਪਤਾ ਲੱਗਾ ਕਿ ਲੁਟੇਰਿਆਂ ਨੇ ਵਰਨਾ ਕਾਰ ਦਾ ਇਸਤੇਮਾਲ ਕੀਤਾ ਹੈ। 
ਆਈ. ਜੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸੁਲਤਾਨਪੁਰ ਲੋਧੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਵਰਨਾ ਕਾਰ ਸਵਾਰ ਇੰਦਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਨਿਊ ਗਣੇਸ਼ ਨਗਰ, ਰਾਮਾਮੰਡੀ ਜਲੰਧਰ, ਅਮਰੀਕ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਤਰਨਤਾਰਨ ਤੇ ਪ੍ਰਿੰਸ ਪੁੱਤਰ ਸਤਪਤੀ ਵਾਸੀ ਗਲੀ ਜੋਗਿੰਦਰ ਨਗਰ ਜਲੰਧਰ ਕੈਂਟ ਨੂੰ ਗ੍ਰਿਫਤਾਰ ਕੀਤਾ।
ਇਹ ਹੋਈ ਬਰਾਮਦਗੀ
ਇੰਦਰਜੀਤ ਸਿੰਘ ਕੋਲੋਂ ਪੁਲਸ ਨੇ 32 ਬੋਰ ਪਿਸਤੌਲ, 6 ਕਾਰਤੂਸ, 500 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, ਅਮਰੀਕ ਸਿੰਘ ਕੋਲੋਂ ਇਕ ਪਿਸਤੌਲ, 6 ਕਾਰਤੂਸ, 500 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੇ ਪ੍ਰਿੰਸ ਕੋਲੋਂ 200 ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਕੀਤੇ ਹਨ। 
ਆਈ. ਜੀ. ਸ਼ੁਕਲਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਸੁਲਤਾਨਪੁਰ ਲੋਧੀ ਵਿਚ ਓ. ਬੀ. ਸੀ. ਦੇ ਏ. ਟੀ. ਐੱਮ. ਵਿਚੋਂ ਚੋਰੀ ਦੀ ਰਾਸ਼ੀ ਵਿਚੋਂ ਇੰਦਰਜੀਤ ਸਿੰਘ ਕੋਲੋਂ 5.50 ਲੱਖ ਰੁਪਏ ਤੇ ਅਮਰੀਕ ਕੋਲੋਂ 4.50 ਲੱਖ ਰੁਪਏ ਬਰਾਮਦ ਕੀਤੇ ਗਏ। ਮੁਲਜ਼ਮਾਂ ਦੀ ਕਾਰ ਵਿਚੋਂ ਗੈਸ ਕਟਰ, ਗੈਸ ਸਿਲੰਡਰ, ਤਾਰ, ਦਸਤਾਨੇ ਆਦਿ ਸਾਮਾਨ ਵੀ ਬਰਾਮਦ ਕੀਤਾ ਗਿਆ। 
4 ਸਾਲ-4 ਸੂਬਿਆਂ 'ਚ ਕੀਤੀਆਂ ਇਹ ਵਾਰਦਾਤਾਂ
ਆਈ. ਜੀ. ਸ਼ੁਕਲਾ ਨੇ ਦੱਸਿਆ ਕਿ ਇਸ ਗਿਰੋਹ ਦਾ ਸਰਗਣਾ ਇੰਦਰਜੀਤ ਸਿੰਘ ਹੈ। ਇੰਦਰਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਲ 2013 ਤੋਂ ਹੁਣ ਤਕ ਏ. ਟੀ. ਐੱਮ. ਗੈਸ ਕਟਰ ਨਾਲ ਕੱਟ ਕੇ ਚੋਰੀ ਦੀਆਂ 34 ਵਾਰਦਾਤਾਂ ਕੀਤੀਆਂ। ਮੁਲਜ਼ਮਾਂ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਯੂ. ਪੀ. ਵਿਚ ਵਾਰਦਾਤਾਂ ਕੀਤੀਆਂ ਤੇ 34 ਵਾਰਦਾਤਾਂ ਵਿਚ 3,25,68,100 ਰੁਪਏ ਲੁੱਟੇ ਸਨ।
ਗੁੜਗਾਓਂ ਤੋਂ ਲਿਆਏ ਸਨ ਅਸਲਾ
ਆਈ. ਜੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਕਿ ਵਾਰਦਾਤਾਂ ਕਰਨ ਲਈ ਇੰਦਰਜੀਤ ਤੇ ਅਮਰੀਕ ਦੋਵੇਂ ਗੁੜਗਾਓਂ ਵਲ ਗਏ, ਜਿਥੇ ਏ. ਟੀ. ਐੱਮ. ਤੋਂ ਚੋਰੀ ਦੀ ਰਾਸ਼ੀ ਵਿਚੋਂ ਗੁੜਗਾਓਂ ਦੇ ਅਪਰਾਧੀਆਂ ਕੋਲੋਂ 32 ਬੋਰ ਦੇ 2 ਪਿਸਤੌਲ ਤੇ ਕਾਰਤੂਸ ਖਰੀਦੇ। ਵਾਰਦਾਤ ਵੇਲੇ ਦੋਵੇਂ ਨਾਜਾਇਜ਼ ਅਸਲਾ ਆਪਣੇ ਕੋਲ ਰੱਖਦੇ ਸਨ। 
ਵਾਰਦਾਤਾਂ ਟ੍ਰੇਸ ਹੋਣ ਸੰਬੰਧੀ ਦੂਜੇ ਸੂਬਿਆਂ ਦੀ ਪੁਲਸ ਨਾਲ ਕੀਤਾ ਜਾ ਰਿਹਾ ਸੰਪਰਕ
ਆਈ. ਜੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਜਾਂਚ ਦੌਰਾਨ ਪੰਜਾਬ, ਉਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਯੂ. ਪੀ. ਵਿਚ ਕੀਤੀਆਂ ਵਾਰਦਾਤਾਂ ਟ੍ਰੇਸ ਹੋਈਆਂ ਹਨ। ਇਨ੍ਹਾਂ ਵਾਰਦਾਤਾਂ ਦੇ ਟ੍ਰੇਸ ਹੋਣ ਸੰਬੰਧੀ ਸੰਬੰਧਤ ਸੂਬਿਆਂ ਦੀ ਪੁਲਸ ਨੂੰ ਸੂਚਨਾ ਭੇਜੀ ਜਾ ਚੁੱਕੀ ਹੈ ਤਾਂ ਜੋ ਉਕਤ ਕੇਸਾਂ ਦੀ ਜਾਂਚ ਕੰਪਲੀਟ ਹੋ ਸਕੇ।
ਜਲੰਧਰ, ਅੰਮ੍ਰਿਤਸਰ 'ਚ ਲੁੱਟੀਆਂ ਤੇ ਚੋਰੀ ਕੀਤੀਆਂ ਕਾਰਾਂ
ਆਈ. ਜੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਮੁਲਜ਼ਮ ਇੰਦਰਜੀਤ ਸਿੰਘ ਨੇ ਏ. ਟੀ. ਐੱਮ. ਤੋੜਨ ਦੀਆਂ ਵਾਰਦਾਤਾਂ ਕਰਨ ਲਈ 2 ਵਰਨਾ ਕਾਰਾਂ ਬੀ. ਐੱਮ. ਸੀ. ਚੌਕ ਜਲੰਧਰ ਦੇ ਕੋਲੋਂ ਤੇ ਇਕ ਵਰਨਾ ਕਾਰ ਸੂਰਿਆ ਇਨਕਲੇਵ ਏਰੀਆ ਜਲੰਧਰ ਤੋਂ ਚੋਰੀ ਕੀਤੀ, ਜਦੋਂਕਿ ਇਕ ਕਾਰ ਮਜੀਠਾ ਰੋਡ ਅੰਮ੍ਰਿਤਸਰ ਤੋਂ ਡਰਾਈਵਰ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਲੁੱਟੀ ਸੀ।
ਆਈ. ਜੀ. ਸ਼ੁਕਲਾ ਨੇ ਦੱਸਿਆ ਕਿ ਪੁਛਗਿੱਛ ਵਿਚ ਪਤਾ ਲੱਗਾ ਕਿ ਇਕ ਕਾਰ ਮੁਲਜ਼ਮਾਂ ਨੇ ਪਿੰਜੌਰ ਵਿਚ ਵੇਚ ਦਿੱਤੀ ਤੇ ਇਕ ਕਾਰ ਜੰਡੂਸਿੰਘਾ ਵਿਚ ਲਾਵਾਰਿਸ ਹਾਲਤ ਵਿਚ ਖੜ੍ਹੀ ਕਰ ਦਿੱਤੀ, ਜਦੋਂਕਿ ਤੀਜੀ ਕਾਰ ਆਦਮਪੁਰ ਦੇ ਨੇੜੇ ਵਾਰਦਾਤ ਤੋਂ ਛੱਡ ਦਿੱਤੀ ਸੀ। ਆਈ. ਜੀ. ਸ਼ੁਕਲਾ ਮੁਤਾਬਕ ਇੰਦਰਜੀਤ ਏ. ਟੀ. ਐੱਮ. ਚੋਰੀ ਦੀਆਂ ਵਾਰਦਾਤਾਂ ਕਰਨ ਤੋਂ ਪਹਿਲਾਂ ਕਾਰਾਂ ਚੋਰੀ ਕਰ ਕੇ ਵੇਚਣ ਦਾ ਧੰਦਾ ਕਰਦਾ ਸੀ।  
ਕਾਰ 'ਚ ਹੀ ਬਣਾਈ ਸੀ ਪੂਰੀ ਵਰਕਸ਼ਾਪ
ਪੁਲਸ ਅਧਿਕਾਰੀਆਂ ਮੁਤਾਬਕ ਇੰਦਰਜੀਤ ਨੇ ਸਾਰੀਆਂ ਵਾਰਦਾਤਾਂ ਚੋਰੀ ਦੀਆਂ ਕਾਰਾਂ 'ਚ ਹੀ ਕੀਤੀਆਂ, ਕਿਉਂਕਿ ਪ੍ਰਿੰਸ ਕਾਰ ਰਿਪੇਅਰ ਦਾ ਕੰਮ ਜਾਣਦਾ ਸੀ। ਇਸ ਲਈ ਇੰਦਰਜੀਤ ਨੇ ਉਸਨੂੰ ਆਪਣੇ ਨਾਲ ਮਿਲਾਇਆ। ਚੋਰੀ ਦੀ ਕਾਰ 'ਚ ਪਿਛਲੀਆਂ ਸੀਟਾਂ ਕੱਟ ਕੇ ਗੈਸ ਸਿਲੰਡਰ ਰੱਖਣ ਦੀ ਜਗ੍ਹਾ ਬਣਾਈ ਹੋਈ ਸੀ, ਜੇਕਰ ਗੈਸ ਸਿਲੰਡਰ ਪਿਛਲੀ ਸੀਟ ਦੇ ਬਾਹਰ ਆ ਜਾਂਦਾ ਤਾਂ ਉਸ 'ਤੇ ਕਵਰ ਪਾ ਦਿੰਦੇ, ਜਿਸ ਵੀ ਏ. ਟੀ. ਐੱਮ. ਵਾਰਦਾਤ ਕਰਨੀ ਹੁੰਦੀ ਤਾਂ ਉਹ ਆਪਣੀ ਕਾਰ ਏ. ਟੀ. ਐੱਮ. ਤੋਂ ਕਰੀਬ 20 ਫੁੱਟ ਦੂਰ ਖੜ੍ਹੀ ਕਰ ਦਿੰਦਾ। 
ਗੈਸ ਸਿਲੰਡਰ ਤੋਂ ਏ. ਟੀ. ਐੱਮ. ਤੱਕ ਕਟਰ ਲਿਜਾਣ ਲਈ ਕਰੀਬ 15 ਤੋਂ 20 ਫੁੱਟ ਲੰਬੀ ਪਾਈਪ ਰੱਖੀ ਹੋਈ ਸੀ। ਕਾਰ ਦੂਰ ਖੜ੍ਹੀ ਕਰਨ ਤੋਂ ਬਾਅਦ ਉਹ ਪਾਈਪ ਖਿੱਚ ਕੇ ਏ. ਟੀ. ਐੱਮ. ਤੱਕ ਲਿਜਾਂਦੇ ਅਤੇ ਕੱਟ ਦਿੰਦੇ। ਕਾਰ ਦੂਰ ਹੋਣ ਕਾਰਨ ਕਿਸੇ ਨੂੰ ਵਾਰਦਾਤ ਦਾ ਪਤਾ ਨਹੀਂ ਚੱਲਦਾ ਸੀ ਕਿ ਉਹ ਕਿਵੇਂ ਆਏ ਤੇ ਕਿਵੇਂ ਗਏ। 
ਸਹੁਰਿਆਂ ਤੋਂ ਸਿੱਖਿਆ ਗੈਸ ਕਟਰ ਚਲਾਉਣਾ
ਮੁਲਜ਼ਮਾਂ ਕੋਲੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਸਾਲ 2013 ਵਿਚ ਉਹ ਏ. ਟੀ. ਐੱਮ. ਵਿਚ ਕੈਸ਼ ਪਾਉਣ ਵਾਲੀ ਕੰਪਨੀ ਦੇ ਇਕ ਕਰਿੰਦੇ ਨਾਲ ਕੰਮ ਕਰਦਾ ਸੀ। ਉਸਨੂੰ ਪਤਾ ਸੀ ਕਿ ਪੈਸੇ ਪਾਉਣ ਲਈ ਏ. ਟੀ. ਐੱਮ. ਕਿਵੇਂ ਖੋਲ੍ਹਿਆ ਜਾਂਦਾ ਹੈ ਤੇ ਕਿਵੇਂ ਬੰਦ ਕੀਤਾ ਜਾਂਦਾ ਹੈ। ਫਿਰ ਉਸਨੇ ਆਪਣੇ ਪਿੰਡ ਹਰਿਆਣਾ ਵਿਚ ਸਹੁਰਿਆਂ ਦੇ ਜਾ ਕੇ ਗੈਸ ਕਟਰ ਚਲਾਉਣਾ ਸਿੱਖਿਆ। ਇਸ ਤੋਂ ਬਾਅਦ ਇੰਦਰਜੀਤ ਨੇ ਅਮਰੀਕ ਨੂੰ ਨਾਲ ਮਿਲਾ ਕੇ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ।
ਇੰਦਰਜੀਤ ਤੇ ਅਮਰੀਕ ਨੇ ਬਣਾਈ ਪ੍ਰਾਪਰਟੀ
ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਪੁੱਛਗਿੱਛ ਵਿਚ ਪਤਾ ਲੱਗਾ ਕਿ ਇੰਦਰਜੀਤ ਤੇ ਅਮਰੀਕ ਨੇ 34 ਵਾਰਦਾਤਾਂ ਵਿਚ 3 ਕਰੋੜ ਰੁਪਏ ਤੋਂ ਜ਼ਿਆਦਾ ਚੋਰੀ ਕਰਕੇ ਖੂਬ ਐਸ਼-ਪ੍ਰਸਤੀ ਕੀਤੀ ਤੇ ਆਪਣੀ ਪ੍ਰਾਪਰਟੀ ਬਣਾਈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇੰਦਰਜੀਤ ਸਿੰਘ ਨੇ ਰਾਮਾ ਮੰਡੀ ਵਿਚ ਇਕ ਕੋਠੀ, ਪਿੰਡ ਹਜ਼ਾਰਾ ਤੇ ਰਾਮਾ ਮੰਡੀ ਵਿਚ 2 ਪਲਾਟ ਖਰੀਦੇ, ਜਦੋਂਕਿ ਇੰਦਰਜੀਤ ਸਿੰਘ ਨੇ ਵੀ ਤਰਨਤਾਰਨ ਵਿਚ ਆਲੀਸ਼ਾਨ 3 ਮੰਜ਼ਿਲੀ ਕੋਠੀ ਤੇ ਦੋ ਪਲਾਟ ਖਰੀਦੇ ਹਨ। ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੇ ਕਿਤੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਨਾਲ ਤਾਂ ਕੋਈ ਪ੍ਰਾਪਰਟੀ ਨਹੀਂ ਖਰੀਦੀ। 
ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਇੰਦਰਜੀਤ ਤੇ ਅਮਰੀਕ ਦੀ ਪ੍ਰਾਪਰਟੀ ਅਟੈਚ ਕਰਨ ਸੰਬੰਧੀ ਕਾਰਵਾਈ ਸ਼ੁਰੂ ਕੀਤੀ ਗਈ ਹੈ।


Related News