1971 ਦੀਆਂ ਉਹ ਚੋਣਾਂ ਜਦੋਂ ਟੀ. ਵੀ. ’ਤੇ ਲੋਕਾਂ ਨੇ ਪਹਿਲੀ ਵਾਰ ਦੇਖੇ ਸਨ ਚੋਣ ਨਤੀਜੇ
Sunday, Jun 02, 2024 - 05:26 PM (IST)
ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਅੱਜਕਲ ਅਸੀਂ ਨਤੀਜੇ ਘਰ ਬੈਠੇ ਟੀ.ਵੀ. ਜਾਂ ਸਮਾਰਟਫ਼ੋਨ ’ਤੇ ਦੇਖ ਸਕਦੇ ਹਾਂ ਪਰ ਜ਼ਰਾ ਸੋਚੋ ਕਿ ਇਕ ਸਮਾਂ ਅਜਿਹਾ ਵੀ ਸੀ ਕਿ ਜਦੋਂ ਚੋਣਾਂ ’ਚ ਕੌਣ ਜਿੱਤਿਆ ਇਹ ਜਾਣਨ ਲਈ ਅਗਲੇ ਦਿਨ ਦੀਆਂ ਅਖ਼ਬਾਰਾਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਉਸ ਇੰਤਜ਼ਾਰ ਨੂੰ ‘ਸੱਤਿਅਮ ਸ਼ਿਵਮ ਸੁੰਦਰਮ’ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲੇ ਦੂਰਦਰਸ਼ਨ ਨੇ ਖਤਮ ਕੀਤਾ ਸੀ। 1971 ਉਹ ਸਾਲ ਸੀ ਜਦੋਂ ਦੂਰਦਰਸ਼ਨ ’ਤੇ ਪਹਿਲੀ ਵਾਰ ਚੋਣਾਂ ਦੇ ਨਤੀਜੇ ਸਾਂਝੇ ਕੀਤੇ ਗਏ ਸਨ। ਇਸ ਲਈ ਨਤੀਜੇ ਤੁਰੰਤ ਲੋਕਾਂ ਤੱਕ ਪਹੁੰਚਾਉਣੇ ਵੀ ਜ਼ਰੂਰੀ ਸੀ, ਕਿਉਂਕਿ ਇਹ ਚੋਣ ਬਹੁਤ ਹੀ ਰੋਮਾਂਚਕ ਅਤੇ ਦਿਲਚਸਪ ਸੀ।
1971 ਦੀਆਂ ਚੋਣਾਂ ’ਚ ਕਈ ਸਿਆਸੀ ਪਾਰਟੀਆਂ ਜ਼ਰੂਰ ਸਨ ਪਰ ਅਹਿਮ ਗੱਲ ਇਹ ਸੀ ਕਿ ਅਸਲੀ ਕਾਂਗਰਸ ਕਿਹੜੀ ਸੀ। ਪੰਡਿਤ ਨਹਿਰੂ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਤੋਂ ਬਾਅਦ ਕਾਂਗਰਸ ਟੁੱਟ ਚੁੱਕੀ ਸੀ। ਕਿਹਾ ਜਾਂਦਾ ਹੈ ਕਿ ਇੰਦਰਾ ਗਾਂਧੀ ਨੂੰ ਕਠਪੁਤਲੀ ਬਣਾਉਣ ਦੀ ਸੋਚਣ ਰੱਖਣ ਵਾਲੇ ਕੇ. ਕਾਮਰਾਜ ਨੂੰ ਇੰਦਰਾ ਗਾਂਧੀ ਦਾ ਆਜ਼ਾਦ ਰਵੱਈਆ ਪਸੰਦ ਨਹੀਂ ਸੀ। ਦੂਰਦਰਸ਼ਨ ਦੀ ਸ਼ੁਰੂਆਤ 15 ਸਤੰਬਰ 1959 ਨੂੰ ਹੋਈ ਸੀ। ਸ਼ੁਰੂਆਤੀ ਦਿਨਾਂ ’ਚ ਸਾਡੇ ਦੇਸ਼ ਵਿਚ ਇਕ ਟੀ.ਵੀ. ਦਾ ਮਾਲਕ ਹੋਣਾ ਇਕ ਆਰਥਿਕ ਤੌਰ ’ਤੇ ਖੁਸ਼ਹਾਲ ਪਰਿਵਾਰ ਨਾਲ ਸਬੰਧਤ ਹੋਣ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ। ਦੂਰਦਰਸ਼ਨ ਅਤੇ ਟੀ.ਵੀ. ਹੌਲੀ-ਹੌਲੀ ਭਾਰਤ ਦੇ ਲੋਕਾਂ ਤੱਕ ਪਹੁੰਚ ਗਏ। ਤੁਹਾਨੂੰ ਦੱਸ ਦੇਈਏ ਕਿ 1970 ਤੱਕ ਦੂਰਦਰਸ਼ਨ ਚੋਣਾਂ ਅਤੇ ਸਰਕਾਰੀ ਪ੍ਰਸਾਰਣ ’ਚ ਮਾਹਰ ਹੋ ਗਿਆ ਸੀ।