9 ਦਿਨ ਪਹਿਲਾਂ ਛੁੱਟੀ ਕੱਟ ਕੇ ਡਿਊਟੀ 'ਤੇ ਗਏ ਤਲਵੰਡੀ ਸਾਬੋ ਦੇ ਫ਼ੌਜੀ ਦੀ ਪਿੰਡ ਪਰਤੀ ਮ੍ਰਿਤਕ ਦੇਹ
Friday, Dec 30, 2022 - 01:51 PM (IST)
ਤਲਵੰਡੀ ਸਾਬੋ (ਮੁਨੀਸ਼) : ਅਜੇ 9 ਦਿਨ ਪਹਿਲਾਂ ਹੀ ਘਰੋਂ ਛੁੱਟੀ ਕੱਟ ਕੇ ਗਏ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਦੇ ਫੌਜੀ ਜਵਾਨ ਬਲਕਰਨ ਸਿੰਘ (28 ਸਾਲ) ਦੀ ਮਹਾਰਾਸ਼ਟਰ ’ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਜਾਣ ਦੀ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਫੌਜੀ ਦੀ ਮ੍ਰਿਤਕ ਦੇਹ ਦਾ ਵੀਰਵਾਰ ਨੂੰ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬਲਕਰਨ ਸਿੰਘ ਪੁੱਤਰ ਜਗਦੇਵ ਸਿੰਘ ਕਰੀਬ 10 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ, ਜੋ ਅੱਜ ਕੱਲ੍ਹ 19 ਆਰਮਡ ਬਟਾਲੀਅਨ ਵਿਚ ਮਹਾਰਾਸ਼ਟਰ ਦੇ ਅਹਿਮਦਨਗਰ ਕਸਬੇ 'ਚ ਟਰੇਨਿੰਗ ਸੈਂਟਰ ਵਿੱਚ ਅਗਨੀ ਵੀਰਾਂ ਨੂੰ ਟ੍ਰੇਨਿੰਗ ਦੇਣ ਦੀ ਡਿਊਟੀ ਨਿਭਾ ਰਿਹਾ ਸੀ। ਬੀਤੇ ਦਿਨ ਫੌਜੀ ਜਵਾਨ ਦੀ ਮ੍ਰਿਤਕ ਦੇਹ ਨਾਲ ਪੁੱਜੇ ਫੌਜੀ ਅਧਿਕਾਰੀ ਸੁੰਦਰ ਸਿੰਘ ਜਗਾ ਰਾਮ ਤੀਰਥ ਨੇ ਦੱਸਿਆ ਕਿ ਬਲਕਰਨ ਸਿੰਘ ਨੇ ਰਾਤ ਨੂੰ ਆਪਣੀ ਛਾਤੀ ਵਿਚ ਦਰਦ ਮਹਿਸੂਸ ਕੀਤਾ ਉਸਨੂੰ ਤੁਰੰਤ ਹੀ ਮਿਲਟਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਰਾਤ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਉਹ ਅਕਾਲ ਚਲਾਣਾ ਕਰ ਗਿਆ।
ਇਹ ਵੀ ਪੜ੍ਹੋ- 2 ਦਿਨ ਪਹਿਲਾਂ ਕੈਨੇਡਾ ਗਏ ਪੁੱਤ ਦੇ ਮਨਾ ਰਹੇ ਸੀ ਜਸ਼ਨ, ਅਚਾਨਕ ਮਿਲੀ ਮੌਤ ਦੀ ਖਬਰ, ਮਚਿਆ ਚੀਕ-ਚਿਹਾੜਾ
ਮ੍ਰਿਤਕ ਫੌਜੀ ਦੀ ਤਿਰੰਗੇ ਝੰਡੇ 'ਚ ਲਿਪਟੀ ਮ੍ਰਿਤਕ ਦੇਹ ਨੂੰ ਵੀਰਵਾਰ ਫੌਜੀ ਟੁਕੜੀ ਨੇ ਪਿਤਾ ਜਗਦੇਵ ਸਿੰਘ ਅਤੇ ਮਾਤਾ ਕਰਮਜੀਤ ਕੌਰ ਦੇ ਸਪੁਰਦ ਕੀਤਾ, ਬਾਅਦ ਵਿੱਚ ਫੌਜੀ ਜਵਾਨ ਦੀ ਮ੍ਰਿਤਕ ਦੇਹ ਉੱਪਰ ਫੌਜੀ ਅਧਿਕਾਰੀਆਂ ਵੱਲੋਂ ਫੁੱਲ ਮਾਲਾਵਾਂ ਭੇਂਟ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ ਅਤੇ ਫੌਜੀ ਟੁਕੜੀ ਨੇ ਹਵਾ ਵਿੱਚ ਫਾਇਰ ਦਾਗ ਕੇ ਅੰਤਿਮ ਸੰਸਕਾਰ ਮੌਕੇ ਸਨਮਾਨ ਦਿੱਤਾ। ਅੰਤਿਮ ਸੰਸਕਾਰ ਮੌਕੇ ਭਾਂਵੇ ਵੱਡੀ ਗਿਣਤੀ ਲੋਕ ਮੌਜੂਦ ਰਹੇ। ਮ੍ਰਿਤਕ ਆਪਣੇ ਪਿੱਛੇ ਮਾਤਾ,ਪਿਤਾ,ਦਾਦੀ,ਪਤਨੀ ਅਤੇ ਇੱਕ ਬੱਚੀ ਛੱਡ ਗਿਆ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਕਿਉਂਕਿ ਫੌਜੀ ਜਵਾਨ ਦੀ ਡਿਊਟੀ ਦੌਰਾਨ ਮੌਤ ਹੋਈ ਹੈ ਇਸ ਲਈ ਉਸਨੂੰ ਸ਼ਹੀਦ ਦਾ ਦਰਜਾ ਦੇਣ ਦਾ ਬਕਾਇਦਾ ਲਿਖਤੀ ਐਲਾਨ ਕੀਤਾ ਜਾਵੇ ਨਾਲ ਹੀ ਉਸਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸਦੀ ਯਾਦ ਵਿੱਚ ਪਿੰਡ ਵਿੱਚ ਯਾਦਗਾਰ ਸਥਾਪਿਤ ਕੀਤੀ ਜਾਵੇ।
ਇਹ ਵੀ ਪੜ੍ਹੋ- ਉਗਰਾਹਾਂ ਜਥੇਬੰਦੀ ਦਾ ਵੱਡਾ ਐਲਾਨ, 5 ਜਨਵਰੀ ਨੂੰ ਬੰਦ ਰਹਿਣਗੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।