ਅਜਨਾਲਾ ਘਟਨਾ ਨੂੰ ਲੈ ਕੇ ਪੁਲਸ ਦੇ ''ਸਬਰ'' ਦੀ ਸੋਸ਼ਲ ਮੀਡੀਆ ''ਤੇ ਤਾਰੀਫ਼, ਅੰਮ੍ਰਿਤਪਾਲ ਖ਼ਿਲਾਫ਼ ਲੋਕਾਂ ਨੇ ਕੱਢੀ ਭੜਾਸ
Friday, Mar 03, 2023 - 05:32 PM (IST)

ਜਲੰਧਰ : 23 ਫਰਵਰੀ ਨੂੰ 'ਵਾਰਿਸ ਪੰਜਾਬ ਦੇ' ਦਾ ਮੁਖੀ ਅੰਮ੍ਰਿਤਪਾਲ ਸਿੰਘ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਸਮੇਤ ਅਜਨਾਲਾ ਥਾਣੇ ਪਹੁੰਚਿਆ, ਜਿੱਥੇ ਪੁਲਸ ਤੇ ਅੰਮ੍ਰਿਤਪਾਲ ਦੇ ਸਮਰਥਕਾਂ ਵਿਚਾਲੇ ਜੰਮ ਕੇ ਝੜਪ ਹੋਈ। ਦਰਅਸਲ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਇਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੰਮ੍ਰਿਤਪਾਲ ਨੇ ਪਹਿਲਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਤੇ ਫਿਰ ਸਾਥੀਆਂ ਸਮੇਤ ਅਜਨਾਲਾ ਥਾਣੇ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ।
ਇਸ ਰੋਸ ਪ੍ਰਦਰਸ਼ਨ ਦੌਰਾਨ ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਲੈ ਕੇ ਜਾਣ ਕਾਰਨ ਅੰਮ੍ਰਿਤਪਾਲ ਸਿੰਘ ਸੋਸ਼ਲ ਮੀਡੀਆ 'ਤੇ ਚੁਤਰਫ਼ਾ ਘਿਰਦਾ ਨਜ਼ਰ ਆਇਆ। ਥਾਣੇ ਵੱਲ ਚੜ੍ਹਾਈ ਕਰਦੇ ਵੇਖ ਪੁਲਸ ਨੇ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਮਹਾਰਾਜ ਜੀ ਦੀ ਪਾਲਕੀ ਸਾਹਿਬ ਹੋਣ ਕਾਰਨ ਪੁਲਸ ਨੂੰ ਪਿੱਛੇ ਹਟਣਾ ਪਿਆ। ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਜੰਮ ਕੇ ਝੜਪ ਹੋਈ ਤੇ ਦੋਹਾਂ ਧਿਰਾਂ ਦੇ ਕਈ ਵਿਅਕਤੀ ਜ਼ਖ਼ਮੀ ਹੋ ਗਏ। ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਬੈਰੀਕੇਡ ਤੋੜਨ ਤੋਂ ਇਲਾਵਾ ਪੁਲਸ ਮੁਲਾਜ਼ਮਾਂ ਦੀਆਂ ਗੱਡੀਆਂ ਦੀ ਭੰਨ-ਤੋੜ ਵੀ ਕੀਤੀ ਗਈ ਅਤੇ ਸ਼ਰੇਆਮ ਤਲਵਾਰਾਂ ਲਹਿਰਾਈਆਂ ਗਈਆਂ। ਵਾਇਰਲ ਵੀਡੀਓਜ਼ ਤੇ ਤਸਵੀਰਾਂ ਤੋਂ ਸਾਫ਼ ਪਤਾ ਚੱਲਦਾ ਹੈ ਕਿ ਪੰਜਾਬ ਪੁਲਸ ਨੇ ਇਸ ਨਾਜ਼ੁਕ ਸਥਿਤੀ ਵਿੱਚ ਪੂਰੇ ਸਬਰ ਤੇ ਠਰੰਮੇ ਤੋਂ ਕੰਮ ਲਿਆ, ਜਿਸ ਕਾਰਨ ਪੰਜਾਬ ਪੁਲਸ ਦੀ ਸੋਸ਼ਲ ਮੀਡੀਆ 'ਤੇ ਜੰਮ ਤੇ ਤਾਰੀਫ਼ ਹੋਈ।
ਇਸ ਪੂਰੇ ਘਟਨਾਕ੍ਰਮ ਮਗਰੋਂ ਸੋਸ਼ਲ ਮੀਡੀਆ 'ਤੇ ਇਕ ਬਹਿਸ ਛਿੜ ਗਈ, ਜਿਸ ਵਿੱਚ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਇਸ ਕਾਰਵਾਈ ਦੇ ਸਹੀ ਹੋਣ ਦੀ ਹਾਮੀ ਭਰੀ ਜਾ ਰਹੀ ਹੈ ਪਰ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਉਹ ਲੋਕ ਹਨ ਜੋ ਇਸ ਨਾਜ਼ੁਕ ਮੌਕੇ ਪੁਲਸ ਦੇ ਸਬਰ ਦੀ ਦਾਦ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਅਣਗਿਣਤ ਤਸਵੀਰਾਂ 'ਚ ਲੋਕ ਪੰਜਾਬੀ ਨੌਜਵਾਨਾਂ 'ਤੇ ਵੱਡਾ ਸਵਾਲ ਖੜੇ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਵਿੱਚ ਲਿਖਿਆ ਹੈ-ਸਿੱਖ ਕੌਮ ਬੇਸ਼ੱਕ ਇੱਕ ਸ਼ੇਰ ਕੌਮ ਹੈ ਪਰ ਇਨ੍ਹਾਂ ਕੁਝ ਲੋਕਾਂ ਪਿੱਛੇ ਲੱਗ ਕੇ ਸਿੱਖ ਆਪਣੀ ਕੌਮ ਦਾ ਸਿਰ ਨੀਵਾਂ ਕਰ ਰਹੇ ਹਨ।
ਇਕ ਹੋਰ ਤਸਵੀਰ ਵਿਚ ਲਿਖਿਆ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਪੜ੍ਹਨ-ਲਿਖਣ ਦੀ ਥਾਂ ਜਾਣ-ਬੁੱਝ ਕੇ ਹਿੰਸਾ ਦੇ ਰਸਤੇ 'ਤੇ ਤੋਰਿਆ ਜਾ ਰਿਹਾ ਹੈ। ਹਥਿਆਰ ਲਹਿਰਾ ਰਹੇ ਨੌਜਵਾਨਾਂ ਦੀ ਵਾਇਰਲ ਤਸਵੀਰ 'ਤੇ ਲਿਖਿਆ ਹੈ ਕਿ ਜ਼ੁਲਮ ਦੇ ਖ਼ਿਲਾਫ਼ ਲੜਨ ਵਾਲੇ ਅੱਜ ਖ਼ੁਦ ਜ਼ੁਲਮੀ ਬਣ ਗਏ ਨੇ...ਇਕ ਹੋਰ ਤਸਵੀਰ ਵਿੱਚ ਲਿਖਿਆ ਹੈ ਕਿ ਇਨਸਾਨੀਅਤ ਸਭ ਤੋਂ ਉੱਚਾ ਧਰਮ ਹੈ, ਕੀ ਪੰਜਾਬੀ ਕੌਮ ਇਹ ਭੁੱਲ ਗਈ ਹੈ...
ਉਧਰ ਪੁਲਸ ਵਾਲਿਆਂ ਦੀਆਂ ਵਾਇਰਲ ਤਸਵੀਰਾਂ ਪੰਜਾਬ ਪੁਲਸ ਦੀ ਸਿਆਣਪ ਦੀ ਹਾਮੀ ਭਰਦੀਆਂ ਹਨ। ਵੱਡੇ ਇਕੱਠ ਦੀ ਵਾਇਰਲ ਇਕ ਤਸਵੀਰ 'ਤੇ ਲਿਖਿਆ ਹੈ ਕਿ ਅੰਮ੍ਰਿਤਪਾਲ ਅਤੇ ਉਸਦੇ ਸਮਰਥਕਾਂ ਨਾਲੋਂ ਵੱਧ ਪੁਲਸ ਨੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਕਾਇਮ ਰੱਖੀ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੁਲਸ ਵਾਲੇ ਦੀ ਇਕ ਵੀਡੀਓ ਭਾਵੁਕ ਕਰ ਦੇਣ ਵਾਲੀ ਹੈ ਜਿਸ ਵਿੱਚ ਉਹ ਆਖ ਰਿਹਾ ਹੈ ਕਿ ਪੁਲਸ ਨੇ ਖ਼ੁਦ ਤਾਂ ਤਲਵਾਰਾਂ ਦੇ ਫੱਟ ਖਾ ਲਏ ਪਰ ਗੁਰੂ ਸਾਹਿਬ ਦੀ ਸ਼ਾਨ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ।
ਇਕ ਹੋਰ ਤਸਵੀਰ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਪੁਲਸ ਵਾਲੇ ਸਬਰ ਨਾਲ ਭੜਕਾਊ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤਸਵੀਰ 'ਤੇ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ 'ਤੇ ਕੋਈ ਆਂਚ ਨਾ ਆਵੇ ਤਾਂ ਪੁਲਸ ਨੇ ਝੱਲੀਆਂ ਤਲਵਾਰਾਂ, ਦੂਜੇ ਪਾਸ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਅਮ੍ਰਿਤਪਾਲ ਤੇ ਸਮਰਥਕਾਂ ਨੇ ਕੀਤੀ ਗੁੰਡਾਗਰਦੀ।
ਇਸੇ ਤਰ੍ਹਾਂ ਕੁਝ ਹੋਰ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਜ਼ਖ਼ਮੀ ਪੁਲਸ ਮੁਲਾਜ਼ਮ ਵੇਖੇ ਜਾ ਸਕਦੇ ਹਨ। ਕੁਝ ਤਸਵੀਰਾਂ ਵਿੱਚ ਪੁਲਸ ਵਾਲਿਆਂ ਦੀਆਂ ਦਸਤਾਰਾਂ ਲੱਥੀਆਂ ਨਜ਼ਰ ਆ ਰਹੀਆਂ ਹਨ।
ਦੱਸਣਯੋਗ ਹੈ ਕਿ ਇਸ ਮਾਮਲੇ 'ਤੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸਖ਼ਤ ਐਕਸ਼ਨ ਲੈਣ ਦੀ ਗੱਲ ਆਖੀ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ਾਂਤੀ ਪੂਰਵਰਕ ਪ੍ਰਦਰਸ਼ਨ ਕਰਨ ਦੀ ਗੱਲ ਆਖੀ ਗਈ ਸੀ, ਪਰ ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿਚ ਹਿੰਸਕ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਪੂਰੀ ਸੂਝ ਬੂਝ ਤੋਂ ਕੰਮ ਲਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਕਾਇਮ ਰੱਖੀ। ਪੁਲਸ ਮੁਖੀ ਨੇ ਕਿਹਾ ਕਿ ਇਸ ਝੜਪ ਦੌਰਾਨ 6 ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਕਾਇਰਤਾ ਪੂਰਨ ਕਦਮ ਹੈ ਕਿ ਪਾਲਕੀ ਸਾਹਿਬ ਦੀ ਆੜ ਵਿਚ ਪੁਲਸ ’ਤੇ ਹਮਲਾ ਕੀਤਾ ਗਿਆ।
ਅਜਨਾਲਾ ਘਟਨਾ ਨੂੰ ਧਿਆਨ ਵਿਚ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਕ ਸਬ-ਕਮੇਟੀ ਗਠਿਤ ਕੀਤੀ ਗਈ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਰੋਸ ਮੁਜ਼ਾਹਰਿਆਂ, ਧਰਨਿਆਂ ਅਤੇ ਕਬਜ਼ੇ ਵਾਲੇ ਸਥਾਨਾਂ ’ਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਨਾਲ ਗੁਰੂ ਸਾਹਿਬ ਜੀ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਣ ਦਾ ਖਦਸ਼ਾ ਹੋਵੇ, ਉਨ੍ਹਾਂ ਸਥਾਨਾਂ ’ਤੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਭਾਇਮਾਨ ਕਰਨ ਸਬੰਧੀ ਵਿਚਾਰ ਕਰਨ ਲਈ ਸਬ-ਕਮੇਟੀ ਗਠਿਤ ਕੀਤੀ ਗਈ ਹੈ।
ਅੰਮ੍ਰਿਤਪਾਲ ਸਿੰਘ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਉਹ ਸਤੰਬਰ 2022 ਤੋਂ ਪਹਿਲਾਂ ਕਈ ਸਾਲ ਦੁਬਈ ਰਿਹਾ। ਉਦੋਂ ਉਸਦੇ ਕੇਸ ਵੀ ਕੱਟੇ ਹੋਏ ਸਨ ਤੇ ਉਹ ਆਪਣੇ ਪਰਿਵਾਰਿਕ ਵਪਾਰ ਟਰਾਂਸਪੋਰਟ ਦੇ ਕਿੱਤੇ ਨਾਲ ਜੁੜਿਆ ਹੋਇਆ ਸੀ। ਪੰਜਾਬ ਆਉਣ ਤੋਂ ਬਾਅਦ ਉਸਨੇ ਅੰਮ੍ਰਿਤ ਛਕਿਆ ਤੇ ਸਿੰਘ ਸਜ ਗਿਆ। ਪਿਛਲੇ ਦਿਨੀਂ ਇਕ ਐੱਨ. ਆਰ. ਆਈ. ਕੁੜੀ ਨਾਲ ਵਿਆਹ ਮਗਰੋਂ ਉਸਨੇ ਗ੍ਰਹਿਸਤੀ ਜੀਵਨ ਸ਼ੁਰੂ ਕੀਤਾ ਹੈ।
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ