ਅਨੁਰਾਗ ਠਾਕੁਰ ਦਾ ਕੇਜਰੀਵਾਲ 'ਤੇ ਤੰਜ, ਕਿਹਾ- AAP ਦਾ ਮਤਲਬ 'ਅਰਵਿੰਦ ਐਂਟੀ ਪੰਜਾਬ'

Friday, Feb 18, 2022 - 11:08 AM (IST)

ਅਨੁਰਾਗ ਠਾਕੁਰ ਦਾ ਕੇਜਰੀਵਾਲ 'ਤੇ ਤੰਜ, ਕਿਹਾ- AAP ਦਾ ਮਤਲਬ 'ਅਰਵਿੰਦ ਐਂਟੀ ਪੰਜਾਬ'

ਚੰਡੀਗੜ੍ਹ (ਵਾਰਤਾ)- ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਵਾਦਿਤ ਬਿਆਨ ਲਈ ਸ਼ੁੱਕਰਵਾਰ ਨੂੰ ਤੰਜ ਵਿੰਨ੍ਹਿਆ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 'ਖਾਲਿਸਤਾਨ ਸਮਰਥਕ' ਕਰਾਰ ਦਿੱਤਾ। ਅਨੁਰਾਗ ਨੇ ਇੱਥੇ ਪ੍ਰਦੇਸ਼ ਭਾਜਪਾ ਹੈੱਡ ਕੁਆਰਟਰ 'ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਚੰਨੀ ਨੂੰ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਦੇ ਪ੍ਰਤੀ ਦਿੱਤੇ ਗਏ ਉਨ੍ਹਾਂ ਦੇ ਵਿਵਾਦਿਤ ਬਿਆਨ ਲਈ ਘੇਰਿਆ ਅਤੇ ਕਿਹਾ ਕਿ ਦੋਹਾਂ ਸੂਬਿਆਂ ਦੇ ਲੋਕਾਂ ਦਾ ਰਾਸ਼ਟਰ ਨਿਰਮਾਣ 'ਚ ਅਹਿਮ ਯੋਗਦਾਨ ਹੈ। ਕਾਂਗਰਸ ਸ਼ੁਰੂ ਤੋਂ ਹੀ ਫੁੱਟ ਪਾਓ-ਰਾਜ ਕਰੋ ਦੀ ਨੀਤੀ 'ਤੇ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਚੰਨੀ ਜਦੋਂ ਚੋਣਾਵੀ ਸਭਾ 'ਚ ਇਹ ਬਿਆਨ ਦੇ ਰਹੇ ਸਨ ਤਾਂ ਉਨ੍ਹਾਂ ਦੀ ਸੀਨੀਅਰ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਇਸ ਨੂੰ ਤਾੜੀਆਂ ਨਾਲ ਸਮਰਥਨ ਕਰ ਰਹੀ ਸੀ। ਇਸ ਤੋਂ ਇਲਾਵਾ ਚੰਨੀ ਭਤੀਜੇ ਦੇ ਭ੍ਰਿਸ਼ਟਾਚਾਰ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਹੋਈ ਲਾਪਰਵਾਹੀ 'ਤੇ ਕੁਝ ਨਹੀਂ ਬੋਲ ਰਹੇ ਹਨ। 'ਆਪ' ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਦੇ ਕੇਜਰੀਵਾਲ 'ਤੇ ਲਗਾਏ ਗਏ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕੇਜਰੀਵਾਲ ਖਾਲਿਸਤਨ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਫ਼ਨਾ ਦੇਖਦੇ ਹਨ ਅਤੇ ਇਸ ਦਾ ਖ਼ੁਲਾਸਾ ਇਨ੍ਹਾਂ ਨਾਲ ਰਹੇ ਲੋਕਾਂ ਨੇ ਹੀ ਕੀਤਾ ਹੈ। ਕੇਜਰੀਵਾਲ ਨੂੰ ਆਪਣੇ ਉੱਪਰ ਲੱਗੇ ਦੋਸ਼ਾਂ ਦਾ ਜਵਾਬ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਦੀ ਖਾਲਿਸਤਾਨ ਸਮਰਥਕਾਂ ਨਾਲ ਬੈਠਕਾਂ ਹੋਈਆਂ ਅਤੇ ਉਨ੍ਹਾਂ ਦੇ ਇੱਥੇ ਰੁਕੇ ਵੀ ਸਨ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਇਨ੍ਹਾਂ ਬੈਠਕਾਂ 'ਚ ਕੀ ਹੋਇਆ। ਉਨ੍ਹਾਂ ਨਾਲ ਹੀ ਸੂਬੇ ਦੀ ਕਾਂਗਰਸ ਸਰਕਾਰ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਕਿ ਕੇਜਰੀਵਾਲ ਵਿਰੁੱਧ ਇੰਨੇ ਗੰਭੀਰ ਦੋਸ਼ ਲੱਗੇ ਤਾਂ ਉਸ ਨੇ ਮਾਮਲਾ ਕਿਉਂ ਨਹੀਂ ਦਰਜ ਕੀਤਾ। ਚੁੱਪ ਕਿਉਂ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਸਰਹੱਦੀ ਸੂਬੇ ਪੰਜਾਬ 'ਚ ਆ ਕੇ ਝੂਠ ਬੋਲਦੇ ਹਨ, ਅਜਿਹੇ 'ਚ ਸੂਬੇ ਦੀ ਜਨਤਾ ਉਨ੍ਹਾਂ ਨੂੰ ਕਿਸੇ ਵੀ ਸੂਰਤ 'ਚ ਸਵੀਕਾਰ ਨਹੀਂ ਕਰੇਗੀ।

ਇਹ ਵੀ ਪੜ੍ਹੋ : ਅਹਿਮਦਾਬਾਦ ਬੰਬ ਧਮਾਕੇ ਮਾਮਲਾ : 38 ਦੋਸ਼ੀਆਂ ਨੂੰ ਫਾਂਸੀ ਦੀ ਅਤੇ 11 ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

ਠਾਕੁਰ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਹੀ ਹੈ, ਜੋ ਅਫ਼ਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪਰਿਵਾਰਾਂ ਨੂੰ ਸੁਰੱਖਿਅਤ ਕੱਢ ਕੇ ਲਿਆਈ। ਸਾਲ 1984 ਦੇ ਦੰਗਿਆਂ ਦਾ ਨਿਆਂ ਦਿਵਾਇਆ। ਦੋਸ਼ੀਆਂ ਵਿਰੁੱਧ ਕਾਰਵਾਈ ਯਕੀਨੀ ਕਰਨ ਲਈ ਐੱਸ.ਆਈ.ਟੀ. ਗਠਿਤ ਕੀਤੀ। ਕਰਤਾਰਪੁਰ ਕੋਰੀਡੋਰ ਖੋਲ੍ਹਿਆ ਪਰ ਕੇਜਰੀਵਾਲ ਨੇ ਦਿੱਲੀ ਦੇ ਸੀਸਗੰਜ ਗੁਰਦੁਆਰੇ 'ਚ ਲੱਗਾ ਪਿਆਊ ਤੁੜਵਾ ਦਿੱਤਾ। ਆਪਣੀ ਸਰਕਾਰ 'ਚ ਕੋਈ ਸਿੱਖ ਜਾਂ ਮਹਿਲਾ ਮੰਤਰੀ ਨਹੀਂ ਬਣਾਇਆ। ਕੇਜਰੀਵਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰ ਰਹੇ ਹਨ ਪਰ ਉਨ੍ਹਾਂ ਨੇ ਆਪਣੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰ ਦਿੱਤਾ ਹੈ। ਹੁਣ ਇਹ ਪਤਾ ਨਹੀਂ ਕਿ ਪੰਜਾਬ ਨਸ਼ਾ ਮੁਕਤ ਹੋਵੇਗਾ ਜਾਂ ਫਿਰ ਪੰਜਾਬ 'ਚ ਨਸ਼ਾ ਮੁਫ਼ਤ ਹੋਵੇਗਾ। ਭਾਜਪਾ ਨੇਤਾ ਨੇ ਕਿਹਾ ਕਿ ਦਿੱਲੀ 'ਚ ਸਕੂਲਾਂ 'ਚ ਅਧਿਆਪਕਾਂ ਦੀ ਭਰਤੀ ਨਹੀਂ ਹੋ ਰਹੀ ਹੈ ਪਰ ਸਕੂਲਾਂ ਵੱਲ ਜਾਣ ਵਾਲੀਆਂ ਸੜਕਾਂ 'ਤੇ ਸ਼ਰਾਬ ਦੇ ਠੇਕੇ ਜ਼ਰੂਰ ਖੁੱਲ੍ਹ ਗਏ ਹਨ। ਦਿੱਲੀ 'ਚ ਪੰਜਾਬੀ ਦੂਜੇ ਨੰਬਰ ਦੀ ਭਾਸ਼ਾ ਸੀ, ਜਿਸ ਨੂੰ ਹਟਾ ਕੇ ਉਰਦੂ ਨੂੰ ਦੂਜੇ ਨੰਬਰ ਦੀ ਭਾਸ਼ਾ ਬਣਾ ਦਿੱਤਾ। ਸਕੂਲਾਂ 'ਚ ਇਕ ਵੀ ਪੰਜਾਬੀ ਅਧਿਆਪਕ ਨਹੀਂ ਰੱਖਿਆ ਗਿਆ, ਸਗੋਂ ਜੋ ਸਨ, ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਆ ਕੇ ਝੂਠ ਬੋਲਦੇ ਹਨ ਅਤੇ ਜਨਤਾ ਨੂੰ ਅਜਿਹੇ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News