ਬਹੁ-ਵਿਭਾਗੀ ਸੰਯੁਕਤ ਟੀਮ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਚੈਕਿੰਗ

03/10/2018 3:00:05 AM

ਕਪੂਰਥਲਾ, (ਗੁਰਵਿੰਦਰ ਕੌਰ, ਜ. ਬ.)- ਜ਼ਿਲੇ 'ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਨੱਥ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਗਠਿਤ ਕੀਤੀ ਗਈ ਬਹੁ-ਵਿਭਾਗੀ ਸੰਯੁਕਤ ਟੀਮ ਵੱਲੋਂ ਅੱਜ ਸ਼ਾਮ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਖਾਨੋਵਾਲ ਵਿਖੇ ਕੀਤੀ ਗਈ। ਚੈਕਿੰਗ ਦੌਰਾਨ ਵਾਹੀਯੋਗ ਜ਼ਮੀਨ 'ਚੋਂ ਮਿੱਟੀ ਦੀ ਖੁਦਾਈ ਕਰਨ 'ਤੇ ਇਕ ਟਰੈਕਟਰ ਨੂੰ ਕਬਜ਼ੇ 'ਚ ਲਿਆ ਗਿਆ ਹੈ। 
ਡਰੇਨੇਜ ਤੇ ਮਾਈਨਿੰਗ ਵਿਭਾਗ ਦੀ ਇਸ ਟੀਮ 'ਚ ਐੱਸ. ਡੀ. ਓ. ਡਰੇਨੇਜ ਸ਼੍ਰੀ ਕਮਲਜੀਤ, ਮਾਈਨਿੰਗ ਵਿਭਾਗ ਤੋਂ ਸ਼੍ਰੀ ਸੰਜੀਵ ਕੁੰਦਰਾ ਅਤੇ ਐੱਸ. ਐੱਚ. ਓ. ਕਪੂਰਥਲਾ ਸਦਰ ਪਰਮਿੰਦਰ ਸਿੰਘ ਸ਼ਾਮਿਲ ਸਨ। ਚੈਕਿੰਗ ਦੌਰਾਨ ਜੋਗਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਖਾਨੋਵਾਲ ਆਪਣੀ ਜ਼ਮੀਨ ਵਿਚੋਂ ਮਿੱਟੀ ਦੀ ਪੁਟਾਈ ਕਰਦਾ ਪਾਇਆ ਗਿਆ। ਉਸ ਨੇ ਦੱਸਿਆ ਕਿ ਉਸ ਦੀ ਜ਼ਮੀਨ ਉੱਚੀ ਹੈ ਅਤੇ ਇਸ ਨੂੰ ਪੱਧਰਾ ਕਰ ਕੇ ਇਸ ਵਿਚੋਂ ਫਾਲਤੂ ਮਿੱਟੀ ਪੁੱਟ ਕੇ ਉਹ ਆਪਣੀ ਨਿੱਜੀ ਮਾਲਕੀ ਜ਼ਮੀਨ, ਜੋ ਕਿ ਪਿੰਡ ਮੰਨਣਾ ਵਿਚ ਹੈ, ਉਥੇ ਪਾ ਕੇ ਉਸ ਨੂੰ ਪੱਧਰਾ ਕਰ ਰਿਹਾ ਹੈ। ਟੀਮ ਵੱਲੋਂ ਮੌਕੇ 'ਤੇ ਉਸ ਦਾ ਟਰੈਕਟਰ ਥਾਣਾ ਸਦਰ ਵਿਖੇ ਬਾਊਂਡ ਕਰ ਦਿੱਤਾ ਗਿਆ ਅਤੇ ਉਸ ਨੂੰ ਆਪਣੀ ਦੋਵਾਂ ਜ਼ਮੀਨਾਂ ਦੀ ਮਾਲਕੀ ਸਬੰਧੀ ਦਸਤਾਵੇਜ਼ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ।


Related News