'ਡੰਕੀ' ਦੇ ਚੱਕਰਵਿਊ 'ਚ ਫ਼ਸਿਆ ਇਕ ਹੋਰ ਮਾਂ ਦਾ ਪੁੱਤ, ਜੰਗਲਾਂ 'ਚੋਂ ਫ਼ੋਨ ਕਰ ਕੇ ਲਾ ਰਿਹਾ ਬਚਾਉਣ ਦੀ ਗੁਹਾਰ

Wednesday, Feb 12, 2025 - 06:08 AM (IST)

'ਡੰਕੀ' ਦੇ ਚੱਕਰਵਿਊ 'ਚ ਫ਼ਸਿਆ ਇਕ ਹੋਰ ਮਾਂ ਦਾ ਪੁੱਤ, ਜੰਗਲਾਂ 'ਚੋਂ ਫ਼ੋਨ ਕਰ ਕੇ ਲਾ ਰਿਹਾ ਬਚਾਉਣ ਦੀ ਗੁਹਾਰ

ਮੋਹਾਲੀ (ਨਿਆਮੀਆਂ) : ਮੋਹਾਲੀ ਪੁਲਸ ਨੇ ਡੌਂਕੀ ਲਗਾ ਕੇ ਅਮਰੀਕਾ ਭੇਜਣ ਦੇ ਮਾਮਲੇ ਵਿਚ ਇਕ ਏਜੰਟ ਲੜਕੀ ਸਮੇਤ ਤਿੰਨ ਜਣਿਆਂ ਵਿਰੁੱਧ ਧਾਰਾ 318 (4), 61 (2) ਅਤੇ ਇੰਮੀਗ੍ਰੇਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲੜਕੀ ਰਿੰਕੂ ਵਾਸੀ ਪਿੰਡ ਕਾਂਸਲ ਜ਼ਿਲ੍ਹਾ ਮੋਹਾਲੀ, ਗੁਰਜਿੰਦਰ ਸਿੰਘ ਵਾਸੀ ਪਿੰਡ ਨਨਿਉਇਲਾ ਜ਼ਿਲ੍ਹਾ ਅੰਬਾਲਾ ਅਤੇ ਮੁਕੁਲ ਵਾਸੀ ਪਿੰਡ ਇਸਮਾਇਲਾਬਾਦ ਜ਼ਿਲ੍ਹਾ ਕੁਰਕਸ਼ੇਤਰ ਵਜੋਂ ਹੋਈ ਹੈ।

ਇਸ ਸਬੰਧੀ ਡੀ.ਐੱਸ.ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਲੋਂ ਮਾਨਵ ਨਾਂ ਦੇ ਵਾਸੀ ਫੇਜ਼-11 ਦੇ ਨੌਜਵਾਨ ਨੂੰ ਅਮਰੀਕਾ ਭੇਜਿਆ ਸੀ, ਜੋ ਕਿ ਇਸ ਸਮੇਂ ਮੈਕਸੀਕੋ ਸ਼ਹਿਰ ਵਿਚ ਹੋਰਨਾਂ ਨੌਜਵਾਨਾਂ ਸਮੇਤ ਫਸਿਆ ਹੋਇਆ ਹੈ ਅਤੇ ਆਪਣੇ ਪਰਿਵਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਮਮਤਾ ਰਾਣੀ ਵਾਸੀ ਫੇਜ਼-11 ਨੇ ਮੋਹਾਲੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦੀ ਰਿੰਕੂ ਨਾਂ ਦੀ ਲੜਕੀ (ਜੋ ਉਸ ਨੂੰ ਉਸ ਦੀ ਸਹੇਲੀ ਦੇ ਘਰ ਕਰੀਬ 2 ਸਾਲ ਪਹਿਲਾਂ ਮਿਲੀ ਸੀ) ਨਾਲ ਉਸ ਦੀ ਕਾਫੀ ਨੇੜਤਾ ਹੋ ਗਈ ਸੀ ਅਤੇ ਫਰਵਰੀ 2024 ਵਿਚ ਉਸ ਦੀ ਰਿੰਕੂ ਨਾਲ ਉਸ ਦੇ ਲੜਕੇ ਮਾਨਵ ਨੂੰ ਅਮਰੀਕਾ ਭੇਜਣ ਸਬੰਧੀ ਗੱਲਬਾਤ ਹੋਈ ਸੀ।

ਇਸ ’ਤੇ ਰਿੰਕੂ ਨੇ ਕਿਹਾ ਕਿ ਉਸ ਦਾ ਲੜਕਾ ਵੀ ਅਮਰੀਕਾ ਵਿਚ ਹੈ, ਜਿਸ ਨੂੰ ਉਸ ਦੀ ਭੂਆ ਦੇ ਲੜਕੇ ਗੁਰਜਿੰਦਰ ਸਿੰਘ ਨੇ ਅਮਰੀਕਾ ਭੇਜਿਆ ਸੀ। ਸ਼ਿਕਾਇਤਕਰਤਾ ਅਨੁਸਾਰ ਰਿੰਕੂ ਨੇ ਉਸ ਦੀ ਗੁਰਜਿੰਦਰ ਸਿੰਘ ਨਾਲ ਘਰ ਬੁਲਾ ਕੇ ਗੱਲਬਾਤ ਕਰਵਾਈ ਅਤੇ ਗੁਰਜਿੰਦਰ ਸਿੰਘ ਨੇ ਉਸ ਨੂੰ ਕਿਹਾ ਕਿ ਮਾਨਵ ਨੂੰ ਅਮਰੀਕਾ ਇਕ ਨੰਬਰ ਵਿਚ ਭੇਜਣ ਲਈ 30 ਲੱਖ ਰੁਪਏ ਲੱਗਣਗੇ। ਉਸ ਨੇ ਰਿੰਕੂ ਦੇ ਕਹਿਣ ’ਤੇ ਗੁਰਜਿੰਦਰ ਸਿੰਘ ਨੂੰ ਆਪਣੇ ਲੜਕੇ ਮਾਨਵ ਦਾ ਪਾਸਪੋਰਟ, ਆਪਣਾ ਪਾਸਪੋਰਟ ਅਤੇ ਤਿੰਨ ਲੱਖ ਰੁਪਏ ਨਕਦ ਦਿੱਤੇ। 

ਇਹ ਵੀ ਪੜ੍ਹੋ- India's Got Latent 'ਚ ਜਾ ਕੇ ਬੁਰਾ ਫ਼ਸਿਆ ਰਣਵੀਰ ਅਲਾਹਾਬਾਦੀਆ, BPraak ਨੇ ਰੱਦ ਕੀਤਾ Podcast

18 ਜੁਲਾਈ 2024 ਨੂੰ ਏਜੰਟ ਗੁਰਜਿੰਦਰ ਸਿੰਘ ਉਸ ਦੇ ਲੜਕੇ ਮਾਨਵ ਨੂੰ ਪਹਿਲਾਂ ਦਿੱਲੀ ਅਤੇ ਫਿਰ ਮੁੰਬਈ ਲੈ ਕੇ ਗਿਆ। ਇਸ ਤੋਂ ਬਾਅਦ ਗੁਰਜਿੰਦਰ ਸਿੰਘ ਨੇ ਉਸ ਕੋਲੋਂ 15 ਲੱਖ ਰੁਪਏ ਹੋਰ ਮੰਗੇ ਅਤੇ ਉਸ ਨੇ ਗੁਰਜਿੰਦਰ ਸਿੰਘ ਨੂੰ ਆਪਣੇ ਘਰ 15 ਲੱਖ ਰੁਪਏ ਨਕਦ ਦਿੱਤੇ, ਕਿਉਂਕਿ ਗੁਰਜਿੰਦਰ ਸਿੰਘ ਨੇ ਆਪਣੇ ਖਾਤੇ ਵਿਚ ਪੈਸੇ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਗੁਰਜਿੰਦਰ ਸਿੰਘ ਨੇ ਉਸ ਦੇ ਲੜਕੇ ਨੂੰ ਡਾਲਰ ਦੇਣ ਦਾ ਕਹਿ ਕੇ ਮੁੜ ਢਾਈ ਲੱਖ ਰੁਪਏ ਹੋਰ ਲਏ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਆਪਣਾ ਬਲਟਾਣੇ ਵਾਲਾ ਮਕਾਨ ਵੇਚ ਕੇ ਉਕਤ ਸਾਰੇ ਪੈਸੇ ਏਜੰਟ ਨੂੰ ਦਿੱਤੇ ਸਨ।

ਇਸ ਦੌਰਾਨ ਉਸ ਦੇ ਲੜਕੇ ਮਾਨਵ ਨਾਲ ਫੋਨ ’ਤੇ ਗੱਲਬਾਤ ਹੋਈ ਤਾਂ ਮਾਨਵ ਨੇ ਉਸ ਨੂੰ ਦੱਸਿਆ ਕਿ ਏਜੰਟ ਗੁਰਜਿੰਦਰ ਸਿੰਘ ਨੇ ਉਸ ਨੂੰ ਡੌਂਕੀ ਲਗਾ ਕੇ ਪਨਾਮਾ ਦੇ ਜੰਗਲਾ ਰਾਹੀਂ ਮੈਕਸੀਕੋ ਵਿਚੋਂ ਹੁੰਦੇ ਹੋਏ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਹ ਇਸ ਸਮੇਂ ਮੈਕਸੀਕੋ ਵਿਚ ਹੈ। ਉਸ ਸਮੇਤ ਹੋਰ ਕਈ ਨੌਜਵਾਨ ਵੀ ਮੈਕਸੀਕੋ ਵਿਚ ਫਸੇ ਹੋਏ ਹਨ। ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਬਦਲੇ ਵਿਚ 25 ਲੱਖ ਰੁਪਏ ਮੰਗੇ ਜਾ ਰਹੇ ਹਨ ਅਤੇ ਉਸ ਦਾ ਪਾਸਪੋਰਟ ਵੀ ਏਜੰਟ ਗੁਰਜਿੰਦਰ ਸਿੰਘ ਕੋਲ ਹੈ।

ਸ਼ਿਕਾਇਤਕਰਤਾ ਮੁਤਾਬਕ ਉਸ ਨੇ ਗੁਰਜਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਉਸ ਨੂੰ ਮਾਨਵ ਦਾ ਫੋਨ ਆਇਆ ਅਤੇ ਇਕ ਹੋਰ ਏਜੰਟ ਮੁਕੁਲ ਦਾ ਫੋਨ ਨੰਬਰ ਦਿੱਤਾ ਅਤੇ ਕਿਹਾ ਕਿ ਇਹ ਵੀ ਗੁਰਜਿੰਦਰ ਸਿੰਘ ਦਾ ਪਾਰਟਨਰ ਹੈ। ਉਸ ਨੇ ਮੁਕੁਲ ਨੂੰ ਫੋਨ ਕੀਤਾ ਤਾਂ ਉਸ ਨੇ ਧਮਕੀ ਦਿੱਤੀ ਕਿ ਉਹ 25 ਲੱਖ ਰੁਪਏ ਉਸ ਦੇ ਘਰ ਦੇਣ ਚੱਲ ਕੇ ਆਵੇਗੀ।

ਡੀ.ਐੱਸ.ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- 'ਨੌਜਵਾਨ ਦੇ ਕਤਲ ਨੂੰ ਪੁਲਸ ਦੱਸ ਰਹੀ ਹਾਦਸਾ !' ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਕੀਤਾ ਚੱਕਾ ਜਾਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News