''ਅਸੀਂ ਜੰਗ ਜਿੱਤ ਚੁੱਕੇ ਹਾਂ, ਪਰ ਫ਼ੌਜਾਂ ਦੀ ਜਲਦੀ ਵਾਪਸੀ ਨਹੀਂ ਹੋਵੇਗੀ'' : Trump ਨੇ ਕਰ ''ਤਾ ਐਲਾਨ
Thursday, Mar 12, 2026 - 12:05 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਜਾਰੀ ਫ਼ੌਜੀ ਕਾਰਵਾਈ ਨੂੰ ਲੈ ਕੇ ਇੱਕ ਹੋਰ ਵੱਡਾ ਅਤੇ ਰਣਨੀਤਕ ਬਿਆਨ ਦਿੱਤਾ ਹੈ। ਈਰਾਨ ਵਿਰੁੱਧ ਚੱਲ ਰਹੇ ਅਮਰੀਕੀ ਫੌਜੀ ਅਪ੍ਰੇਸ਼ਨ 'ਐਪਿਕ ਫਿਊਰੀ' ਨੂੰ ਲੈ ਕੇ ਰਾਸ਼ਟਰਪਤੀ ਟਰੰਪ ਦੇ ਰੁਖ਼ ਵਿੱਚ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਕੁੱਝ ਘੰਟੇ ਪਹਿਲਾਂ ਜੰਗ ਦੇ ਜਲਦੀ ਖਤਮ ਹੋਣ ਦਾ ਦਾਅਵਾ ਕਰਨ ਵਾਲੇ ਟਰੰਪ ਨੇ ਹੁਣ ਸਾਫ਼ ਕਰ ਦਿੱਤਾ ਹੈ ਕਿ ਅਮਰੀਕੀ ਫੌਜ ਈਰਾਨ ਵਿੱਚ ਆਪਣਾ ਮਿਸ਼ਨ ਪੂਰਾ ਕੀਤੇ ਬਿਨਾਂ ਵਾਪਸ ਨਹੀਂ ਪਰਤੇਗੀ। ਕੈਂਟਕੀ ਦੇ ਹੇਬਰੋਨ ਵਿੱਚ ਇੱਕ ਰੈਲੀ ਦੌਰਾਨ ਉਨ੍ਹਾਂ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਲਦਬਾਜ਼ੀ ਵਿੱਚ ਪਿੱਛੇ ਨਹੀਂ ਹਟਣਾ ਚਾਹੁੰਦੇ ਅਤੇ ਅਮਰੀਕਾ ਨੂੰ ਆਪਣਾ 'ਕੰਮ' ਪੂਰਾ ਕਰਨਾ ਪਵੇਗਾ।
ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜ ਨੇ ਈਰਾਨੀ ਜਲ ਸੈਨਾ ਦੀਆਂ ਰਣਨੀਤਕ ਸਮਰੱਥਾਵਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਅਨੁਸਾਰ ਤੇਲ ਦੀ ਸਪਲਾਈ ਨੂੰ ਸੁਰੱਖਿਅਤ ਰੱਖਣ ਲਈ ਅਮਰੀਕਾ ਨੇ ਈਰਾਨ ਦੇ 58 ਜਲ ਸੈਨਾ ਜਹਾਜ਼ਾਂ ਅਤੇ ਸਮੁੰਦਰ ਵਿੱਚ ਮਾਈਨ ਵਿਛਾਉਣ ਵਾਲੀਆਂ 31 ਕਿਸ਼ਤੀਆਂ ਨੂੰ ਤਬਾਹ ਕਰ ਦਿੱਤਾ ਹੈ। ਟਰੰਪ ਨੇ ਇਹ ਵੀ ਸੰਕੇਤ ਦਿੱਤਾ ਕਿ ਇਨ੍ਹਾਂ ਕਾਰਵਾਈਆਂ ਵਿੱਚ ਇੱਕ ਅਜਿਹੇ ਵਿਸ਼ੇਸ਼ ਹਥਿਆਰ ਦੀ ਵਰਤੋਂ ਕੀਤੀ ਗਈ ਹੈ ਜੋ ਆਮ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਵਰਤਿਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਦੇ ਨਵੇਂ ਸੁਪਰੀਮ ਲੀਡਰ ਦਾ ਕਰ ਦੇਵਾਂਗੇ ਖਾਤਮਾ, ਟਰੰਪ ਨੇ ਦੇ 'ਤੀ ਧਮਕੀ
ਟਰੰਪ ਦੇ ਇਸ ਬਿਆਨ ਨੇ ਵਿਸ਼ਵ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇੱਕ ਪਾਸੇ ਜਿੱਥੇ ਉਹ 'ਵਿਕਟਰੀ' (ਜਿੱਤ) ਦਾ ਨਾਅਰਾ ਲਗਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਜਲਦੀ ਵਾਪਸੀ ਕਰਕੇ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦਾ। ਇਕ ਪਾਸੇ ਰਾਸ਼ਟਰਪਤੀ ਇਹ ਕਹਿ ਰਹੇ ਹਨ ਕਿ ਨਿਸ਼ਾਨਾ ਬਣਾਉਣ ਲਈ ਹੁਣ ਬਹੁਤ ਘੱਟ ਬਚਿਆ ਹੈ, ਪਰ ਦੂਜੇ ਪਾਸੇ ਲੰਬੀ ਜੰਗ ਦੇ ਸੰਕੇਤ ਦੇ ਕੇ ਉਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮੱਧ ਪੂਰਬ ਵਿੱਚ ਸ਼ਾਂਤੀ ਅਜੇ ਬਹੁਤ ਦੂਰ ਹੈ। ਇਹ ਬਿਆਨ ਉਨ੍ਹਾਂ ਦੀ ਪਿਛਲੀ ਰੈਲੀ ਦੇ ਉਸ ਦਾਅਵੇ ਨਾਲ ਮੇਲ ਖਾਂਦਾ ਹੈ ਜਿਸ ਵਿੱਚ ਉਨ੍ਹਾਂ ਨੇ ਸਿਰਫ਼ 13 ਸਕਿੰਟਾਂ ਵਿੱਚ 5 ਵਾਰ ਜਿੱਤ ਦਾ ਜ਼ਿਕਰ ਕੀਤਾ ਸੀ, ਪਰ ਹੁਣ ਫ਼ੌਜਾਂ ਦੇ ਉੱਥੇ ਰੁਕਣ ਦੇ ਫੈਸਲੇ ਨੇ ਜੰਗ ਦੇ ਲੰਬੇ ਖਿੱਚਣ ਅਤੇ ਵਾਪਸੀ ਦੇ ਸੰਕਟ ਨੂੰ ਉਜਾਗਰ ਕੀਤਾ ਹੈ।
ਇਹ ਜੰਗ ਹੁਣ ਖੇਤਰੀ ਪੱਧਰ 'ਤੇ ਫੈਲਦੀ ਜਾ ਰਹੀ ਹੈ ਕਿਉਂਕਿ ਇਜ਼ਰਾਈਲੀ ਰੱਖਿਆ ਫੋਰਸ (IDF) ਨੇ ਬੇਰੂਤ ਦੇ ਦਹੀਆ ਖੇਤਰ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਵੱਡੇ ਹਮਲੇ ਕੀਤੇ ਹਨ। ਇਸ ਦੌਰਾਨ ਇਰਾਕੀ ਪਾਣੀਆਂ ਵਿੱਚ ਇੱਕ ਤੇਲ ਟੈਂਕਰ 'ਤੇ ਹੋਏ ਹਮਲੇ ਨੇ ਊਰਜਾ ਸਪਲਾਈ ਲਈ ਖ਼ਤਰਾ ਹੋਰ ਵਧਾ ਦਿੱਤਾ ਹੈ, ਹਾਲਾਂਕਿ ਉੱਥੋਂ ਚਾਲਕ ਦਲ ਦੇ 20 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਵੀ ਇੱਕ ਇਤਿਹਾਸਕ ਮਤਾ ਪਾਸ ਕਰਕੇ ਈਰਾਨ ਨੂੰ ਖਾੜੀ ਦੇਸ਼ਾਂ 'ਤੇ ਹਮਲੇ ਤੁਰੰਤ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
