ਅਨਮੋਲ ਗਗਨ ਮਾਨ ਨੇ ਸੰਵਿਧਾਨ ਨਾਲ ਸਬੰਧਤ ਵਿਵਾਦਿਤ ਬਿਆਨ ’ਤੇ ਮੰਗੀ ਮੁਆਫੀ (ਵੀਡੀਓ)
Wednesday, Jul 14, 2021 - 11:23 PM (IST)
ਜਲੰਧਰ (ਰਮਨਦੀਪ ਸੋਢੀ)- ਆਮ ਆਦਮੀ ਪਾਰਟੀ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਵਲੋਂ ਅੱਜ ‘ਜਗ ਬਾਣੀ’ ਦੇ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇੰਟਰਵਿਊ ਕੀਤੀ ਗਈ। ਇੰਟਰਵਿਊ ’ਚ ਕੀਤੀ ਗੱਲਬਾਤ ਦੌਰਾਨ ਜਿੱਥੇ ਉਨ੍ਹਾਂ ਸੰਵਿਧਾਨ ਨਾਲ ਸਬੰਧਤ ਆਪਣੇ ਬਿਆਨ ’ਤੇ ਮੁਆਫੀ ਮੰਗੀ, ਉੱਥੇ ਹੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਸਵਾਲ ਬਾਬਾ ਸਾਹਿਬ ਅੰਬੇਦਕਰ ਤੇ ਸੰਵਿਧਾਨ ’ਤੇ ਨਹੀਂ ਸਗੋਂ ਮੌਜੂਦਾ ਲੀਡਰਾਂ ਵੱਲੋਂ ਆਪਣੇ ਫਾਇਦੇ ਲਈ ਸੰਵਿਧਾਨ ’ਚ ਕੀਤੀਆਂ ਗਈਆਂ ਅਮੈਂਡਮੈਂਟਸ ਉੱਪਰ ਸੀ। ਉਨ੍ਹਾਂ ਕਿਹਾ ਕਿ ਉਹ ਬਾਬਾ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਹਨ। ਉਨ੍ਹਾਂ ਵੱਲੋਂ ਜੋ ਦੇਸ਼ ਨੂੰ ਸੰਵਿਧਾਨ ਦਿੱਤਾ ਗਿਆ ਉਹ ਇਕ ਪਵਿੱਤਰ ਗ੍ਰੰਥ ਦੇ ਸਮਾਨ ਹੈ ਪਰ ਅੱਜ ਦੇ ਲੀਡਰਾਂ ਨੇ ਇਸ 'ਚ ਗਲਤ ਅਮੈਂਡਮੈਂਟਸ ਕਰ ਕੇ ਇਸ ਨੂੰ ਮਿਸਯੂਜ਼ ਕਰ ਸਿਆਸੀ ਲਾਹਾ ਲੈਣ ’ਚ ਕੋਈ ਕਸਰ ਨਹੀਂ ਛੱਡੀ।
ਇਹ ਵੀ ਪੜ੍ਹੋ : ਇੰਡੋਨੇਸ਼ੀਆ ’ਚ ਕੋਰੋਨਾ ਨੇ ਮਚਾਇਆ ਕਹਿਰ, ਬਣਿਆ ਏਸ਼ੀਆ ਦਾ ਨਵਾਂ ਹੌਟ ਸਪੌਟ
ਉਨ੍ਹਾਂ ਆਪਣੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੈਂ ਡਾ. ਭੀਮ ਰਾਓ ਜੀ ਦੇ ਪਾਕ-ਪਵਿੱਤਰ ਸੰਵਿਧਾਨ ਨੂੰ ਗਲਤ ਨਹੀਂ ਕਹਿ ਰਹੀ, ਸਗੋਂ ਇਸ ਸੰਵਿਧਾਨ ਨੂੰ ਬਚਾਉਣ ਦੀ ਇਕ ਛੋਟੀ ਜਿਹੀ ਕੋਸ਼ਿਸ਼ ਕਰ ਰਹੀਂ ਹਾਂ। ਮੈਂ ਜਿਸ ਸੰਵਿਧਾਨ ਨੂੰ ਗਲਤ ਕਿਹਾ, ਉਹ ਲੀਡਰਾਂ ਵਲੋਂ ਇਸ ਪਾਕ-ਪਵਿੱਤਰ ਸੰਵਿਧਾਨ ’ਚ ਕੀਤੀਆਂ ਅਮੈਂਡਮੈਂਟਸ ਹਨ, ਮੇਰਾ ਮੰਨਣਾ ਹੈ ਕਿ ਜਿਹੜੇ ਲੀਡਰ ਸਿਆਸੀ ਲਾਹਾ ਲੈਣ ਲਈ ਲਗਾਤਾਰ ਸੰਵਿਧਾਨ ’ਚ ਅਮੈਂਡਮੈਂਟਸ ਕਰ ਕੇ ਇਸ ਦੀ ਪਵਿੱਤਰਤਾ ਨੂੰ ਖਤਮ ਕਰ ਕੇ ਆਪਣਾ ਸੰਵਿਧਾਨ ਬਣਾਉਣ ’ਚ ਲੱਗੇ ਹੋਏ ਹਨ, ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਸ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਹੁਣ ਤਕ ਸੈਂਕੜੇਂ ਤੋਂ ਜ਼ਿਆਦਾ ਸੰਵਿਧਾਨ ’ਚ ਅਮੈਂਡਮੈਂਟਸ ਕੀਤੀਆਂ ਗਈਆਂ ਹਨ, ਜੋ ਸਿੱਧੇ ਤੌਰ ’ਤੇ ਬਾਬਾ ਸਾਹਿਬ ਨਾਲ ਧਰੋਹ ਕਮਾਉਣ ਵਾਲੀ ਗੱਲ ਹੈ, ਸਾਨੂੰ ਉਸ ’ਤੇ ਰੋਕ ਲਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣ ’ਤੇ ਲੱਗੀ ਮੋਹਰ, ਕਿਸੇ ਵੀ ਸਮੇਂ ਹੋ ਸਕਦੈ ਐਲਾਨ
ਉਨ੍ਹਾਂ ਕਿਹਾ ਕਿ ਅੱਜ ਸੰਵਿਧਾਨ ਸਦਕਾ ਹੀ ਉਹ ਇਸ ਮੁਕਾਮ ’ਤੇ ਹਨ, ਜੇਕਰ ਬਾਬਾ ਸਾਹਿਬ ਨੇ ਧੀਆਂ ਨੂੰ ਸਮਾਨ ਹੱਕ ਅਤੇ ਵੋਟ ਪਾਉਣ ਦਾ ਅਧਿਕਾਰ ਨਾ ਦਿਵਾਇਆ ਹੁੰਦਾ ਤਾਂ ਸ਼ਾਇਦ ਮੈਂ ਇਸ ਮੁਕਾਮ ’ਤੇ ਨਾ ਹੁੰਦੀ। ਉਨ੍ਹਾਂ ਕਿਹਾ ਕਿ ਲੀਡਰ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਸਿਆਸੀ ਲਾਹਾ ਲੈਣ ਦੀ ਫ਼ਿਰਾਕ ’ਚ ਹਨ। ਅਨਮੋਲ ਨੇ ਕਿਹਾ ਕਿ ਜੇਕਰ ਫਿਰ ਵੀ ਕਿਸੇ ਭਾਈਚਾਰੇ ਨੂੰ ਮੇਰੀ ਗੱਲ ਨਾਲ ਠੇਸ ਪਹੁੰਚੀ ਹੋਵੇ ਤਾਂ ਮੈਂ ਉਸ ਲਈ ਮੁਆਫੀ ਮੰਗਦੀ ਹਾਂ, ਮੁਆਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ।