ਮਾਛੀਵਾੜਾ ਦੇ ਨੇੜਲੇ ਪਿੰਡਾਂ ''ਚ ਖਤਰਨਾਕ ਜਾਨਵਰ ਕਾਰਨ ਦਹਿਸ਼ਤ
Tuesday, May 07, 2019 - 04:16 PM (IST)
ਮਾਛੀਵਾੜਾ ਸਾਹਿਬ (ਟੱਕਰ) : ਪਿਛਲੇ ਕੁੱਝ ਦਿਨਾਂ ਤੋਂ ਮਾਛੀਵਾੜਾ ਨੇੜਲੇ ਪਿੰਡ ਅਢਿਆਣਾ ਦੇ ਨੇੜਲੇ ਖੇਤਾਂ ਵਿਚ ਇਕ ਖਤਰਨਾਕ ਜਾਨਵਰ ਦੇ ਘੁੰਮਣ ਕਾਰਨ ਲੋਕਾਂ ਵਿਚ ਦਹਿਸ਼ਤ ਫੈਲੀ ਹੋਈ ਹੈ। ਇਹ ਜਾਨਵਰ ਫਿਲਹਾਲ ਛੋਟੇ ਜਾਨਵਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ ਅਤੇ ਇਸ ਦਾ ਖੇਤਾਂ ਵਿਚ ਲੁਕੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 4 ਦਿਨ ਪਹਿਲਾਂ ਪਿੰਡ ਅਢਿਆਣਾ ਦੇ ਖੇਤਾਂ ਵਿਚ ਇਕ ਪ੍ਰਵਾਸੀ ਮਜ਼ਦੂਰ ਵਲੋਂ ਇਸ ਖਤਰਨਾਕ ਜਾਨਵਰ ਨੂੰ ਦੇਖਿਆ ਗਿਆ ਜੋ ਕਿ ਭੇੜੀਏ ਦੀ ਸ਼ਕਲ ਵਰਗਾ ਹੈ। ਲੋਕਾਂ ਵਿਚ ਦਹਿਸ਼ਤ ਉਸ ਵੇਲੇ ਫੈਲੀ ਜਦੋਂ ਇਹ ਇਕ ਕੁੱਤੇ ਨੂੰ ਚੁੱਕ ਕੇ ਲੈ ਗਿਆ ਜਿਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਲਾਕੇ ਵਿਚ ਖਤਰਨਾਕ ਜਾਨਵਰ ਆਉਣ ਦੀ ਸੂਚਨਾ ਜੰਗਲਾਤ ਅਤੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿੱਤੀ ਗਈ ਜਿਨ੍ਹਾਂ ਦੇ ਕਰਮਚਾਰੀਆਂ ਵਲੋਂ ਆ ਕੇ ਪਿੰਡ ਅਢਿਆਣਾ ਦੇ ਖੇਤਾਂ ਵਿਚ ਵੱਖ-ਵੱਖ ਥਾਵਾਂ 'ਤੇ 5 ਪਿੰਜਰੇ ਲਗਾ ਦਿੱਤੇ ਗਏ।
ਇਸ ਜਾਨਵਰ ਨੂੰ ਕਾਬੂ ਕਰਨ ਲਈ ਪਿੰਜਰਿਆਂ ਵਿਚ ਮੀਟ ਵੀ ਲਟਕਾਇਆ ਗਿਆ ਹੈ। ਜੰਗਲਾਤ ਵਿਭਾਗ ਦੇ ਜ਼ਿਲਾ ਅਫ਼ਸਰ ਸੁਖਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੱਲ ਵਿਭਾਗ ਦੀ ਟੀਮ ਵਲੋਂ ਏਅਰਗੰਨਾਂ ਲੈ ਕੇ ਪਿੰਡ ਅਢਿਆਣਾ ਦੇ ਖੇਤਾਂ ਵਿਚ ਇਸ ਜਾਨਵਰ ਦੀ ਤਲਾਸ਼ ਵੀ ਕੀਤੀ ਗਈ ਪਰ ਮੱਕੀ ਦਾ ਰਕਬਾ ਜ਼ਿਆਦਾ ਹੋਣ ਕਾਰਨ ਕੋਈ ਸੁਰਾਗ ਨਾ ਮਿਲ ਸਕਿਆ। ਇਸ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਵੀ ਖੇਤਾਂ ਵਿਚ ਦੇਖੇ ਗਏ ਜਿਸ ਤੋਂ ਜੰਗਲਾਤ ਵਿਭਾਗ ਇਹ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਜਾਨਵਰ ਕਿਸ ਨਸਲ ਦਾ ਹੈ ਅਤੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਭੇੜੀਆ ਜਾਂ ਹੋਰ ਘਾਤਕ ਜਾਨਵਰ ਹੋ ਸਕਦਾ ਹੈ।
ਜੰਗਲਾਤ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਇਹ ਜਾਨਵਰ ਛੋਟੇ ਜਾਨਵਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ ਮਨੁੱਖੀ ਇਨਸਾਨ ਨੂੰ ਇਸ ਤੋਂ ਕੋਈ ਖਤਰਾ ਨਹੀਂ। ਉਨ੍ਹਾਂ ਕਿਹਾ ਕਿ ਇਹ ਭੇੜੀਏ ਵਰਗਾ ਜਾਨਵਰ ਇਕ ਥਾਂ 'ਤੇ ਨਹੀਂ ਰਹਿੰਦਾ, ਅੱਗੇ ਤੋਂ ਅੱਗੇ ਹੋਰ ਇਲਾਕੇ ਵਿਚ ਚਲਾ ਜਾਂਦਾ ਹੈ ਪਰ ਫਿਰ ਵੀ ਵਿਭਾਗ ਦੀ ਟੀਮ ਵਲੋਂ ਇਸ ਨੂੰ ਕਾਬੂ ਕਰ ਲਈ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਹੈ।